ਨਾਈਟ ਅਤੇ ਰੋਟੇਸ਼ਨਲ ਸ਼ਿਫਟ ’ਚ ਕੰਮ ਕਰਨਾ ਸਿਹਤ ਲਈ ਖਤਰਨਾਕ!

04/06/2019 10:55:09 AM

ਨਵੀਂ ਦਿੱਲੀ, (ਏਜੰਸੀਆਂ)–ਅੱਜ ਦੀ ਇਸ ਦੌੜ-ਭੱਜ ਵਾਲੀ ਜ਼ਿੰਦਗੀ ’ਚ ਜ਼ਿਆਦਾਤਰ ਲੋਕ ਰੋਟੇਸ਼ਨਲ ਸ਼ਿਫਟ ਅਤੇ ਨਾਈਟ ਸ਼ਿਫਟ ’ਚ ਕੰਮ ਕਰਦੇ ਹਨ। ਨਾਈਟ ਸ਼ਿਫਟ ’ਚ ਕੰਮ ਕਰਨ ਨਾਲ ਨਾ ਸਿਰਫ ਰੁਟੀਨ ਖਰਾਬ ਹੁੰਦੀ ਹੈ ਸਗੋਂ ਇਸ ਨਾਲ ਸਿਹਤ ’ਤੇ ਨਾਂਹਪੱਖੀ ਪ੍ਰਭਾਵ ਵੀ ਪੈਂਦਾ ਹੈ। ਰਾਤ ਦੇ ਸਮੇਂ ਕੰਮ ਕਰਨ ਵਾਲਿਆਂ ਦੀ ਸਮਾਜਿਕ ਜ਼ਿੰਦਗੀ ਪ੍ਰਭਾਵਿਤ ਹੁੰਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਖਾਣ-ਪੀਣ ਦਾ ਪੂਰਾ ਸ਼ਡਿਊਲ ਵਿਗੜ ਜਾਂਦਾ ਹੈ। ਇਸ ਨਾਲ ਸਟ੍ਰੈੱਸ ਹਾਰਮੋਨ ਦਾ ਪੱਧਰ ਵੀ ਵੱਧਦਾ ਹੈ। ਇਸ ਨਾਲ ਦਿਲ ਸਬੰਧੀ ਬੀਮਾਰੀਆਂ, ਸ਼ੂਗਰ ਅਤੇ ਮੋਟਾਪੇ ਵਰਗੀਆਂ ਕਈ ਗੰਭੀਰ ਬੀਮਾਰੀਆਂ ਦੇ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਨੈਸ਼ਨਲ ਰਿਲੀਫ ਫਾਊਂਡੇਸ਼ਨ ਮੁਤਾਬਕ ਨਾਈਟ ਸ਼ਿਫਟ ਹੀ ਨਹੀਂ ਸਗੋਂ ਰੋਟੇਸ਼ਨਲ ਸ਼ਿਫਟ ’ਚ ਕੰਮ ਕਰਨ ਵਾਲੇ ਲੋਕ ਵੀ ਕਈ ਗੰਭੀਰ ਸਿਹਤ ਸਬੰਧੀ ਸਮੱਸਿਆਵਾਂ ਦੀ ਲਪੇਟ ’ਚ ਆ ਸਕਦੇ ਹਨ। ਜੇ ਤੁਸੀਂ ਵੀ ਨਾਈਟ ਸ਼ਿਫਟ ’ਚ ਕੰਮ ਕਰਦੇ ਹੋ ਤਾਂ ਤੁਹਾਨੂੰ ਇਹ 5 ਗੰਭੀਰ ਬੀਮਾਰੀਆਂ ਹੋ ਸਕਦੀਆਂ ਹਨ।

1. ਹਾਰਟ ਡਿਜ਼ੀਸ

ਜੋ ਲੋਕ ਨਾਈਟ ਸ਼ਿਫਟ ’ਚ ਕੰਮ ਕਰਦੇ ਹਨ, ਉਨ੍ਹਾਂ ਨੂੰ ਸਧਾਰਨ ਸ਼ਿਫਟ ’ਚ ਕੰਮ ਕਰਨ ਵਾਲਿਆਂ ਦੀ ਤੁਲਨਾ ’ਚ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਜ਼ਿਅਾਦਾ ਹੁੰਦਾ ਹੈ। ਦਰਅਸਲ ਸਾਲ 2012 ’ਚ ਬ੍ਰਿਟਿਸ਼ ਮੈਡੀਕਲ ਜਨਰਲ ’ਚ ਪ੍ਰਕਾਸ਼ਿਤ ਇਕ ਅਧਿਐਨ ਤੋਂ ਪਤਾ ਲੱਗਾ ਸੀ ਕਿ ਜੋ ਲੋਕ ਨਾਈਟ ਸ਼ਿਫਟ ’ਚ ਕੰਮ ਕਰਦੇ ਹਨ, ਦੂਜਿਆਂ ਦੇ ਮੁਕਾਬਲੇ ਉਨ੍ਹਾਂ ਨੂੰ ਹਾਰਟ ਅਟੈਕ ਦਾ ਖਤਰਾ 7 ਫੀਸਦੀ ਜ਼ਿਆਦਾ ਹੁੰਦਾ ਹੈ।

2. ਸ਼ੂਗਰ

ਨਾਈਟ ਸ਼ਿਫਟ ’ਚ ਕੰਮ ਕਰਨਾ ਤੁਹਾਨੂੰ ਡਾਇਬਟੀਜ਼ (ਸ਼ੂਗਰ) ਦਾ ਮਰੀਜ਼ ਵੀ ਬਣਾ ਸਕਦਾ ਹੈ। ਦਰਅਸਲ ਨਾਈਟ ਸ਼ਿਫਟ ’ਚ ਕੰਮ ਕਰਨ ਨਾਲ ਬਲੱਡ ਸ਼ੂਗਰ ਲੈਵਲ ’ਚ ਉਤਾਰ-ਚੜ੍ਹਾਅ ਹੋ ਸਕਦਾ ਹੈ। ਇਕ ਅਧਿਐਨ ਦੀ ਰਿਪੋਰਟ ਮੁਤਾਬਕ ਰਾਤ ਸਮੇਂ ਕੰਮ ਕਰਨ ਵਾਲੇ ਲੋਕਾਂ ’ਚ ਡਾਇਬਟੀਜ਼ ਦਾ ਖਤਰਾ ਦੂਜਿਆਂ ਦੇ ਮੁਕਾਬਲੇ 50 ਫੀਸਦੀ ਵੱਧ ਹੁੰਦਾ ਹੈ।

3. ਡਿਪ੍ਰੈਸ਼ਨ

ਜੇ ਤੁਸੀਂ ਲਗਾਤਾਰ ਨਾਈਟ ਸ਼ਿਫਟ ’ਚ ਕੰਮ ਕਰਦੇ ਹੋ ਤਾਂ ਤੁਸੀਂ ਡਿਪ੍ਰੈਸ਼ਨ ਦੀ ਲਪੇਟ ’ਚ ਆ ਸਕਦੇ ਹੋ। ਕਈ ਅਧਿਐਨ ’ਚ ਇਹ ਖੁਲਾਸਾ ਹੋਇਆ ਹੈ ਕਿ ਰਾਤ ਸਮੇਂ ਕੰਮ ਕਰਨ ਵਾਲੇ ਲੋਕਾਂ ’ਚ ਸੇਰੇਟੋਨਿਨ ਹਾਰਮੋਨ ਦਾ ਪੱਧਰ ਘੱਟ ਹੋਣ ਲੱਗਦਾ ਹੈ। ਇਹ ਹਾਰਮੋਨ ਮੂਡ ਨੂੰ ਬਿਹਤਰ ਬਣਾਉਣ ਲਈ ਕਾਫੀ ਅਹਿਮ ਮੰਨਿਆ ਜਾਂਦਾ ਹੈ।

4. ਉਨੀਂਦਰਾ

ਨਾਈਟ ਸ਼ਿਫਟ ’ਚ ਕੰਮ ਕਰਨ ’ਤੇ ਨੀਂਦ ਦਾ ਪੈਟਰਨ ਪ੍ਰਭਾਵਿਤ ਹੁੰਦਾ ਹੈ ਅਤੇ ਲਗਾਤਾਰ ਰਾਤ ਸਮੇਂ ਕੰਮ ਕਰਨ ਨਾਲ ਤੁਸੀਂ ਉਨੀਂਦਰੇ ਦੇ ਸ਼ਿਕਾਰ ਵੀ ਹੋ ਸਕਦੇ ਹੋ।

5. ਮੋਟਾਪਾ

ਲਗਾਤਾਰ ਨਾਈਟ ਸ਼ਿਫਟ ’ਚ ਕੰਮ ਕਰਨ ਵਾਲੇ ਲੋਕਾਂ ਨੂੰ ਆਮ ਲੋਕਾਂ ਦੀ ਤੁਲਨਾ ’ਚ ਮੋਟਾਪੇ ਦਾ ਖਤਰਾ ਵੱਧ ਹੁੰਦਾ ਹੈ। ਰਾਤ ਸਮੇਂ ਬੈਠ ਕੇ ਕੰਮ ਕਰਨ ਵਾਲੇ ਲੋਕਾਂ ਦਾ ਭਾਰ ਤੇਜ਼ੀ ਨਾਲ ਵੱਧਦਾ ਹੈ ਅਤੇ ਮੋਟਾਪਾ ਉਨ੍ਹਾਂ ’ਤੇ ਭਾਰੂ ਪੈਣ ਲੱਗਦਾ ਹੈ। ਅੱਗੇ ਚਲ ਕੇ ਮੋਟਾਪਾ ਕਈ ਬੀਮਾਰੀਆਂ ਦਾ ਕਾਰਨ ਵੀ ਬਣ ਸਕਦਾ ਹੈ।


Related News