ਕੀ ਤੁਹਾਨੂੰ ਵੀ ਹੈ ਚੀਜ਼ਾਂ ਰੱਖ ਕੇ ਭੁੱਲਣ ਦੀ ਆਦਤ? ਯਾਦਸ਼ਕਤੀ ਵਧਾਉਣ ’ਚ ਮਦਦ ਕਰਨਗੇ ਇਹ ਟਿਪਸ
Monday, Sep 04, 2023 - 06:02 PM (IST)

ਜਲੰਧਰ - ਵਧਦੀ ਉਮਰ ਦੇ ਨਾਲ ਸਰੀਰ ਵਿੱਚ ਕਈ ਬਦਲਾਅ ਨਜ਼ਰ ਆਉਣ ਲੱਗਦੇ ਹਨ ਅਤੇ ਉਹਨਾਂ ਵਿੱਚੋਂ ਇੱਕ ਯਾਦਦਾਸ਼ਤ ਦਾ ਕਮਜ਼ੋਰ ਹੋਣਾ ਹੈ। ਅੱਜ ਕੱਲ੍ਹ ਸਾਡੀ ਜੀਵਨ ਸ਼ੈਲੀ ਇੰਨੀ ਵਿਅਸਥ ਹੋ ਗਈ ਹੈ ਕਿ ਅਸੀਂ ਸਭ ਕੁਝ ਭੁੱਲਣ ਲੱਗ ਪਏ ਹਾਂ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਚਾਬੀ, ਵਾਲਿਟ, ਪੈਨ, ਐਨਕ ਆਦਿ ਚੀਜ਼ਾਂ ਇੱਧਰ ਉਧਰ ਰੱਖ ਕੇ ਭੁੱਲ ਜਾਂਦੇ ਹਨ। ਜਦੋਂ ਅਸੀਂ ਘਰ ਤੋਂ ਬਾਹਰ ਜਾਣਾ ਹੁੰਦਾ ਹੈ ਤਾਂ ਸਾਨੂੰ ਉਕਤ ਚੀਜ਼ਾਂ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਕਿ ਅਸੀਂ ਕਿਥੇ ਰੱਖ ਦਿੱਤੀਆਂ ਹਨ। ਕਈ ਵਾਰ ਇਹ ਸਮੱਸਿਆਂ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਤਿਆਰੀ ਦੌਰਾਨ ਆਉਂਦੀ ਹੈ, ਜਿਸ ਕਾਰਨ ਉਹ ਜ਼ਰੂਰੀ ਸਵਾਲਾਂ ਦੇ ਜਵਾਬ ਮੌਕੇ 'ਤੇ ਭੁੱਲ ਜਾਂਦੇ ਹਨ। ਇਸ ਨਾਲ ਸਾਡੇ ਸਰੀਰ 'ਤੇ ਬੁਰਾ ਅਸਰ ਪੈਦਾ ਹੈ। ਯਾਦਦਾਸ਼ਤ ਨੂੰ ਤੇਜ਼ ਰੱਖਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ, ਦੇ ਬਾਰੇ ਆਓ ਜਾਣਦੇ ਹਾਂ....
ਚੰਗੀ ਨੀਂਦ ਲਓ
ਜੇਕਰ ਤੁਹਾਡੀ ਯਾਦਦਾਸ਼ਤ ਕਮਜ਼ੋਰ ਹੈ ਤਾਂ ਤੁਹਾਨੂੰ ਭਰਪੂਰ ਨੀਂਦ ਲੈਣ ਦੀ ਜ਼ਰੂਰਤ ਹੈ। ਯਾਦ ਸ਼ਕਤੀ ਨੂੰ ਮਜ਼ਬੂਤ ਅਤੇ ਤੇਜ਼ ਕਰਨ ਲਈ ਰੋਜ਼ਾਨਾ ਲੋੜੀਂਦੀ ਤੇ ਚੰਗੀ ਨੀਂਦ ਲਓ। ਕਿਉਂਕਿ ਚੰਗੀ ਨੀਂਦ ਨਾ ਆਉਣ ਕਰਕੇ ਯਾਦਦਾਸ਼ਤ ਕਮਜ਼ੋਰ ਹੋਣ ਦੀ ਸਮੱਸਿਆ ਹੋ ਸਕਦੀ ਹੈ।
ਰੋਜ਼ਾਨਾ ਯੋਗਾ ਕਰੋ
ਜੇਕਰ ਤੁਹਾਡੀ ਯਾਦਦਾਸ਼ਤ ਕਮਜ਼ੋਰ ਹੈ ਤਾਂ ਤੁਹਾਨੂੰ ਰੋਜ਼ਾਨਾ ਯੋਗਾ ਕਰਨਾ ਚਾਹੀਦਾ ਹੈ। ਯੋਗ ਕਰਦੇ ਸਮੇਂ ਆਪਣੇ ਧਿਆਨ 'ਤੇ ਜ਼ਿਆਦਾ ਫੋਕਸ ਕਰੋ। ਅਜਿਹਾ ਕਰਨ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ ਅਤੇ ਦਿਮਾਗ ਨੂੰ ਸ਼ਾਂਤੀ ਮਿਲਦੀ ਹੈ। ਦਿਮਾਗ ਸ਼ਾਂਤ ਹੋਣ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ।
ਅਲਕੋਹਲ ਦਾ ਸੇਵਨ ਨਾ ਕਰੋ
ਸ਼ਰਾਬ ਦਾ ਸੇਵਨ ਸਿਹਤ ਲਈ ਹਾਨੀਕਾਰਕ ਮੰਨਿਆ ਜਾਂਦਾ ਹੈ। ਸ਼ਰਾਬ ਦਾ ਜ਼ਿਆਦਾ ਸੇਵਨ ਕਰਨ ਨਾਲ ਸਰੀਰ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਨਾਲ ਤੁਹਾਡੀ ਯਾਦਦਾਸ਼ਤ ਵੀ ਕਮਜ਼ੋਰ ਹੁੰਦੀ ਹੈ। ਇਸੇ ਲਈ ਸੀਮਤ ਮਾਤਰਾ ਵਿੱਚ ਅਲਕੋਹਲ ਦਾ ਸੇਵਨ ਕਰੋ।
ਪੋਸ਼ਣ ਦੀ ਘਾਟ
ਸਰੀਰ ਵਿੱਚ ਪੋਸ਼ਣ ਦੀ ਘਾਟ ਹੋਣ ਨਾਲ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ। ਸਰੀਰ ਲਈ ਪੋਸ਼ਣ ਕਿੰਨਾ ਜ਼ਰੂਰੀ ਹੈ, ਇਹ ਸਭ ਜਾਣਦੇ ਹਨ। ਇਸੇ ਲਈ ਸਰੀਰ ਨੂੰ ਸਿਹਤਮੰਦ ਰੱਖਣ ਲਈ ਭਰਪੂਰ ਪੋਸ਼ਣ ਦਾ ਸੇਵਨ ਕਰੋ। ਸਰੀਰ ਵਿੱਚ ਵਿਟਾਮਿਨ ਬੀ12 ਦੀ ਕਮੀ ਡਿਮੇਨਸ਼ੀਆ ਜਾਂ ਯਾਦਦਾਸ਼ਤ ਵਿੱਚ ਕਮੀ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦੀ ਹੈ।
ਤਣਾਅ ਦੀ ਸਮੱਸਿਆ ਤੋਂ ਦੂਰ
ਜੇਕਰ ਤੁਹਾਡੀ ਯਾਦਦਾਸ਼ਤ ਕਮਜ਼ੋਰ ਹੈ ਤਾਂ ਤੁਹਾਨੂੰ ਤਣਾਅ ਦੀ ਸਮੱਸਿਆ ਤੋਂ ਦੂਰ ਰਹਿਣਾ ਚਾਹੀਦਾ ਹੈ। ਤਣਾਅ ਦੀ ਸਮੱਸਿਆ ਹੋਣ 'ਤੇ ਸਰੀਰ ਬੀਮਾਰ ਜਿਹਾ ਰਹਿੰਦਾ ਹੈ, ਜਿਸ ਕਰਕੇ ਯਾਦਦਾਸ਼ਤ ਕਮਜ਼ੋਰ ਜਿਹੀ ਲੱਗਦੀ ਹੈ। ਤਣਾਅ ਤੋਂ ਦੂਰ ਰਹਿਣ ਨਾਲ ਦਿਮਾਗ਼ ਨੂੰ ਆਰਾਮ ਮਿਲਦਾ ਹੈ ਅਤੇ ਚੀਜ਼ਾਂ ਭੁੱਲਣ ਦੀ ਸਮੱਸਿਆ ਤੋਂ ਨਿਜ਼ਾਤ ਮਿਲਦੀ ਹੈ।
ਮੈਡੀਟੇਸ਼ਨ
ਯਾਦਦਾਸ਼ਤ ਨੂੰ ਤੇਜ਼ ਕਰਨ ਦਾ ਸੱਭ ਤੋਂ ਢੁਕਵਾਂ ਹੱਲ ਮੈਡੀਟੇਸ਼ਨ ਹੈ। ਮੈਡੀਟੇਸ਼ਨ ਕਰਨ ਦਾ ਇਕ ਫ਼ਾਇਦਾ ਇਹ ਹੈ ਕਿ ਇਹ ਇਕਾਗਰਤਾ ਨੂੰ ਵਧਾਉਂਦਾ ਹੈ ਅਤੇ ਚੀਜ਼ਾਂ ’ਤੇ ਧਿਆਨ ਕੇਂਦਰਤ ਕਰਦਾ ਹੈ। ਜਿਹੜੇ ਲੋਕ ਰੋਜ਼ਾਨਾ ਜ਼ਿੰਦਗੀ ਦੀਆਂ ਚੀਜ਼ਾਂ ਨੂੰ ਭੁੱਲ ਜਾਂਦੇ ਹਨ, ਉਨ੍ਹਾਂ ਨੂੰ ਮੈਡੀਟੇਸ਼ਨ ਕਰਨਾ ਚਾਹੀਦਾ ਹੈ।