Health Tips : ਗਰਮੀਆਂ ’ਚ ਪਸੀਨੇ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਜ਼ਰੂਰ ਅਪਣਾਓ ਇਹ ਤਰੀਕੇ, ਮਿਲੇਗੀ ਰਾਹਤ
Wednesday, Apr 10, 2024 - 05:40 PM (IST)
ਜਲੰਧਰ (ਬਿਊਰੋ) : ਗਰਮੀ ਦੇ ਮੌਸਮ ਵਿੱਚ ਪਸੀਨਾ ਆਉਣਾ ਇੱਕ ਆਮ ਗੱਲ ਹੈ। ਜਦੋਂ ਲੋਕ ਬਾਹਰ ਧੁੱਪ ਵਿੱਚ ਜਾਂਦੇ ਹਨ ਅਤੇ ਕੰਮ ਕਰਦੇ ਹਨ, ਉਸ ਸਮੇਂ ਪਸੀਨਾ ਜ਼ਰੂਰ ਆਉਂਦਾ ਹੈ। ਕਈ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੂੰ ਗਰਮੀਆਂ ’ਚ ਪਸੀਨਾ ਹਦ ਤੋਂ ਵੱਧ ਆਉਂਦਾ ਹੈ। ਸਰੀਰ 'ਚ ਪਸੀਨਾ ਆਉਣਾ ਚੰਗੀ ਗੱਲ ਹੈ, ਕਿਉਂਕਿ ਪਸੀਨਾ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਕੱਢਦਾ ਹੈ। ਕਈ ਵਾਰ ਸਰੀਰ 'ਚ ਪਸੀਨਾ ਆਉਣ 'ਤੇ ਬਦਬੂ ਆਉਣ ਲੱਗ ਜਾਂਦੀ ਹੈ, ਜਿਸ ਕਾਰਨ ਅਸੀਂ ਬਹੁਤ ਪਰੇਸ਼ਾਨ ਹੋ ਜਾਂਦੇ ਹਾਂ। ਪਸੀਨੇ 'ਚੋਂ ਗੰਦੀ ਬਦਬੂ ਆਉਣ 'ਤੇ ਸਾਡੇ ਆਸ-ਪਾਸ ਵਾਲੇ ਲੋਕ ਵੀ ਪ੍ਰੇਸ਼ਾਨ ਹੁੰਦੇ ਹਨ। ਦੇਸੀ ਨੁਸਖ਼ਿਆਂ ਦੀ ਵਰਤੋਂ ਕਰਕੇ ਲੋਕ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾ ਸਕਦੇ ਹਨ। ਪਸੀਨੇ ਤੋਂ ਛੁਟਕਾਰਾ ਪਾਉਣ ਲਈ ਕਿਹੜੇ ਤਰੀਕੇ ਅਪਣਾਉਣੇ ਚਾਹੀਦੇ ਹਨ, ਦੇ ਬਾਰੇ ਆਓ ਜਾਣਦੇ ਹਾਂ....
ਪਸੀਨੇ ਦੀ ਬਦਬੂ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਉਪਾਅ
ਆਲੂ ਜਾਂ ਖੀਰਾ
ਗਰਮੀਆਂ ’ਚ ਬਹੁਤ ਸਾਰੇ ਲੋਕ ਪਸੀਨੇ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ। ਅਜਿਹੇ ’ਚ ਜਿਨ੍ਹਾਂ ਲੋਕਾਂ ਨੂੰ ਜ਼ਿਆਦਾ ਪਸੀਨਾ ਆਉਂਦਾ ਹੈ, ਆਪਣੇ ਸਰੀਰ ’ਤੇ ਆਲੂ ਜਾਂ ਖੀਰਾ ਕੱਟ ਕੇ ਰਗੜ ਸਕਦੇ ਹਨ। ਅਜਿਹਾ ਕਰਨ ਨਾਲ ਪਸੀਨੇ ਤੋਂ ਰਾਹਤ ਮਿਲ ਸਕਦੀ ਹੈ।
ਅਲਸੀ ਦੇ ਬੀਜ
ਓਮੇਗਾ ਫੈਟੀ ਐਸਿਡ ਅਤੇ ਫਾਇਬਰ ਨਾਲ ਭਰਪੂਰ ਅਲਸੀ ਦੇ ਬੀਜ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਦਿਵਾਉਂਦੇ ਹਨ। ਇਨ੍ਹਾਂ ਦਾ ਰੋਜ਼ਾਨਾ ਸੇਵਨ ਕਰਨ ਵਾਲੇ ਲੋਕਾਂ ਵਿੱਚ ਲੋੜ ਤੋਂ ਵੱਧ ਪਸੀਨਾ ਆਉਣ ਦੀ ਸਮੱਸਿਆ ਖ਼ਤਮ ਹੋ ਜਾਂਦੀ ਹੈ।
ਵਿਟਾਮਿਨ ਈ
ਵਿਟਾਮਿਨ ਈ ਸਾਡੇ ਸਰੀਰ ਦੇ ਅੰਦਰ ਹਾਰਟ ਫਲੈਸ਼ ਅਤੇ ਨਾਈਟ ਸਵੈਟ ਨੂੰ ਉਤੇਜਿਤ ਕਰਦਾ ਹੈ। ਜਿਸ ਨਾਲ ਪਸੀਨਾ ਜ਼ਿਆਦਾ ਨਹੀਂ ਆਉਂਦਾ। ਇਹ ਸੁੱਕੇ ਮੇਵਿਆਂ ਅਤੇ ਵਨਸਪਤੀ ਤੇਲਾਂ ਦੇ ਵਿੱਚ ਹੁੰਦਾ ਹੈ।
ਨਿੰਬੂ
ਪਸੀਨੇ ਦੀ ਬਦਬੂ ਤੋਂ ਛੁਟਕਾਰਾ ਦਿਵਾਉਣ ਲਈ ਨਿੰਬੂ ਵੀ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਨਿੰਬੂ ਐਸੀਡਿੱਕ ਹੁੰਦਾ ਹੈ। ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਨਿੰਬੂ ਨੂੰ 10 ਮਿੰਟ ਲਈ ਅੰਡਰਆਰਮ 'ਤੇ ਰਗੜੋ। ਅਜਿਹਾ ਕਰਨ ਦੇ ਨਾਲ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਮਿਲੇਗਾ।
ਸੇਬ ਦਾ ਸਿਰਕਾ
ਐਂਟੀ ਆਕਸੀਡੈਂਟ ਅਤੇ ਐਂਟੀ ਬੈਕਟੀਰੀਅਲ ਗੁਣਾਂ ਨਾਲ ਭਰਪੂਰ ਸੇਬ ਦੇ ਸਿਰਕੇ ਤੋਂ ਪਸੀਨੇ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਇਹ ਸਰੀਰ ਵਿੱਚ ਹੋਣ ਵਾਲੇ ਹਾਰਮੋਨਾਂ ਦੇ ਬਦਲਾਅ ਘੱਟ ਕਰਦਾ ਹੈ, ਜਿਸ ਨਾਲ ਪਸੀਨਾ ਆਉਣਾ ਰੁਕ ਜਾਂਦਾ ਹੈ।
ਪਸੀਨਾ ਆਉਣ ਵਾਲੀਆਂ ਥਾਵਾਂ ’ਤੇ ਰਗੜੋ ਬਰਫ਼
ਗਰਮੀ ਵਿੱਚ ਬਾਹਰ ਜਾਣ ਤੋਂ ਪਹਿਲਾਂ ਲੋਕ ਪਸੀਨਾ ਆਉਣ ਵਾਲੀਆਂ ਥਾਵਾਂ ’ਤੇ ਬਰਫ ਰਗੜ ਲੈਣ। ਅਜਿਹਾ ਕਰਨ ਨਾਲ ਸਰੀਰ ’ਚੋਂ ਪਸੀਨੇ ਦੀ ਬਦਬੂ ਨਹੀਂ ਆਵੇਗੀ।
ਵੱਧ ਤੋਂ ਵੱਧ ਪਾਣੀ ਪੀਓ
ਕਈ ਲੋਕ ਅਜਿਹੇ ਹਨ, ਜੋ ਪਸੀਨਾ ਆਉਣ ਦੇ ਡਰੋਂ ਪਾਣੀ ਪੀਣਾ ਘੱਟ ਦਿੰਦੇ ਹਨ, ਜੋ ਗ਼ਲਤ ਹੈ। ਪਸੀਨੇ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਵੱਧ ਤੋਂ ਵੱਧ ਪਾਣੀ ਪੀਓ। ਪਾਣੀ ਪੀਣ ਵਾਲੇ ਸਰੀਰ ’ਚੋਂ ਪਸੀਨੇ ਵਿੱਚੋਂ ਬਦਬੂ ਨਹੀਂ ਆਉਂਦੀ।