Health Tips: ਤਣਾਅ ਨਾਲ ਜੂਝ ਰਹੇ ਲੋਕ ਜ਼ਰੂਰ ਅਪਣਾਉਣ ਇਹ 5 ਨੁਕਤੇ, ਜ਼ਿੰਦਗੀ ਬਣ ਜਾਵੇਗੀ ਖ਼ੁਸ਼ਹਾਲ
Wednesday, Mar 06, 2024 - 03:39 PM (IST)
ਜਲੰਧਰ - ਮੌਜੂਦਾ ਸਮੇਂ 'ਚ ਬਹੁਤ ਸਾਰੇ ਲੋਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ। ਇਸ ਦਾ ਮੁੱਖ ਕਾਰਨ ਸਾਡੀ ਵਿਅਸਥ ਜੀਵਨਸ਼ੈਲੀ ਹੈ, ਜਿਸ ਕਾਰਨ ਸਾਨੂੰ ਕਈ ਬੀਮਾਰੀਆਂ ਹੋ ਰਹੀਆਂ ਹਨ। ਉਕਤ ਬੀਮਾਰੀਆਂ 'ਚੋਂ ਇਕ ਹੈ 'ਤਣਾਅ' ਦੀ ਸਮੱਸਿਆ। ਵਿਅਸਥ ਜੀਵਨਸ਼ੈਲੀ, ਦਫ਼ਤਰ ਦਾ ਕੰਮ, ਪੈਸੇ ਦੀ ਘਾਟ, ਪੜ੍ਹਾਈ ਦਾ ਦਬਾਅ, ਘਰੇਲੂ ਸਮੱਸਿਆਵਾਂ, ਪਰਿਵਾਰਕ ਕਲੇਸ਼ ਆਦਿ ਕਾਰਨ ਲੋਕ ਤਣਾਅ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਜਿੰਨਾ ਜ਼ਿਆਦਾ ਅਸੀਂ ਉਕਤ ਗੱਲਾਂ ਦੇ ਬਾਰੇ ਸੋਚਦੇ ਹਾਂ, ਓਨਾ ਹੀ ਤਣਾਅ ਵਧਦਾ ਹੈ। ਤਣਾਅ ਕਾਰਨ ਸਾਡਾ ਸਰੀਰ ਕਈ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਇਸੇ ਲਈ ਚੰਗੀ ਜ਼ਿੰਦਗੀ ਜਿਉਣ ਲਈ ਸਾਨੂੰ ਤਣਾਅ ਤੋਂ ਮੁਕਤ ਰਹਿਣਾ ਚਾਹੀਦਾ ਹੈ। ਇਸ ਲਈ ਸਾਨੂੰ ਕਿਹੜੀਆਂ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਪੈਂਦਾ ਹੈ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ....
ਰੋਜ਼ਾਨਾ ਕਸਰਤ ਕਰੋ
ਤਣਾਅ ਤੋਂ ਦੂਰ ਰਹਿਣ ਲਈ ਰੋਜ਼ਾਨਾ ਕਸਰਤ ਕਰੋ। ਕਸਰਤ ਕਰਨ ਨਾਲ ਸਰੀਰ ਅਤੇ ਮਾਨਸਿਕ ਸਿਹਤ ਤੰਦਰੁਸਤ ਰਹਿੰਦੀ ਹੈ। ਦਿਮਾਗ ਵਿੱਚ ਖੂਨ ਦਾ ਸੰਚਾਰ ਵਧਦਾ ਹੈ। ਕਸਰਤ ਸਾਡੇ ਸਰੀਰ ਵਿੱਚ ਖੁਸ਼ੀ ਦੇ ਹਾਰਮੋਨਸ ਛੱਡਦੀ ਹੈ, ਜਿਸ ਨਾਲ ਤਣਾਅ ਹਮੇਸ਼ਾ ਲਈ ਦੂਰ ਹੋ ਜਾਂਦਾ ਹੈ।
ਚੰਗੀ ਨੀਂਦ ਲਓ
ਕੰਮ ਦਾ ਜ਼ਿਆਦਾ ਬੋਝ ਹੋਣ ਕਾਰਨ ਲੋਕਾਂ ਨੂੰ ਰਾਤ ਦੇ ਸਮੇਂ ਨੀਂਦ ਵੀ ਨਹੀਂ ਆਉਂਦੀ, ਜਿਸ ਨਾਲ ਲੋਕ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ। ਤਣਾਅ ਤੋਂ ਮੁਕਤੀ ਪਾਉਣ ਲਈ ਸਰੀਰ ਦੀ ਮਸਾਜ ਜਾਂ ਗਰਮ ਪਾਣੀ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ। ਇਸ ਨਾਲ ਮਾਸਪੇਸ਼ੀਆਂ ਨੂੰ ਅਰਾਮ ਮਿਲਦਾ ਹੈ ਅਤੇ ਰਾਤ ਨੂੰ ਚੰਗੀ ਨੀਂਦ ਆਉਂਦੀ ਹੈ। ਮਾਨਸਿਕ ਅਤੇ ਸਰੀਰਕ ਸਿਹਤ ਨੂੰ ਤੰਦਰੁਸਤ ਰੱਖਣ ਲਈ ਚੰਗੀ ਨੀਂਦ ਜ਼ਰੂਰ ਲਓ।
ਮਨਪਸੰਦ ਸੰਗੀਤ ਨੂੰ ਸੁਣੋ
ਤਣਾਅ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਤੁਸੀਂ ਆਪਣਾ ਮਨਪਸੰਦ ਸੰਗੀਤ ਵੀ ਸੁਣ ਸਕਦੇ ਹੋ। ਸੰਗੀਤ ਸੁਣਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਧਿਆਨ ਦੂਜੇ ਪਾਸੇ ਵੱਲ ਹੋ ਜਾਂਦਾ ਹੈ। ਅਜਿਹਾ ਹੋਣ ਨਾਲ ਤਣਾਅ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
ਲੋੜ ਤੋਂ ਜ਼ਿਆਦਾ ਕੰਮ ਨਾ ਕਰੋ
ਸਖ਼ਤ ਮਿਹਨਤ ਕਰਨਾ ਗ਼ਲਤ ਨਹੀਂ ਹੁੰਦੀ ਪਰ ਹਰ ਵਿਅਕਤੀ 'ਚ ਇੱਕ ਸਮਰੱਥਾ ਹੁੰਦੀ ਹੈ, ਜਿਸ ਦੇ ਖ਼ਤਮ ਹੋਣ ਤੋਂ ਬਾਅਦ ਉਹ ਕੰਮ ਨਹੀਂ ਕਰ ਪਾਉਂਦਾ। ਲੋੜ ਤੋਂ ਵੱਧ ਕੰਮ ਕਰਨ ਦਾ ਦਬਾਅ ਪੈਣ 'ਤੇ ਤੁਸੀਂ ਤਣਾਅ ਦਾ ਸ਼ਿਕਾਰ ਹੋ ਸਕਦੇ ਹੋ। ਤਣਾਅ ਤੋਂ ਦੂਰ ਰਹਿਣ ਲਈ ਲੋੜ ਅਨੁਸਾਰ ਕੰਮ ਕਰੋ, ਜਿਸ ਨਾਲ ਸਰੀਰ ਸਿਹਤਮੰਦ ਰਹੇਗਾ ਅਤੇ ਬੀਮਾਰੀਆਂ ਦੂਰ ਰਹਿਣਗੀਆਂ।
ਦੋਸਤਾਂ ਨਾਲ ਗੱਲਬਾਤ ਕਰੋ
ਤਣਾਅ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਤੁਹਾਨੂੰ ਬਾਹਰ ਘੁੰਮਣ-ਫਿਰਨ ਜਾਣਾ ਚਾਹੀਦਾ ਹੈ। ਆਪਣੇ ਦੋਸਤਾਂ ਨਾਲ ਮਿਲ ਕੇ ਮਨ ਦੀ ਗੱਲਬਾਤ ਕਰੋ, ਜਿਸ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ। ਬਾਹਰ ਦੋਸਤਾਂ ਨਾਲ ਮਿਲਣ 'ਤੇ ਸਾਰੇ ਕੰਮ ਦਾ ਬੋਝ ਹਲਕਾ ਹੋ ਜਾਂਦਾ ਹੈ। ਦੋਸਤ ਸਮੱਸਿਆਵਾਂ ਨੂੰ ਸੁਣ ਕੇ ਉਸ ਦਾ ਹੱਲ ਜ਼ਰੂਰ ਕੱਢ ਦਿੰਦੇ ਹਨ।