ਸਿਹਤ ਵਿਭਾਗ ਦੀ ਟੀਮ ਨੇ ਕੀਤਾ ਫੀਵਰ ਸਰਵੇ
Sunday, Feb 16, 2025 - 12:10 PM (IST)

ਰਾਮਪੁਰਾ ਫੂਲ (ਤਰਸੇਮ) : ਸਿਵਲ ਸਰਜਨ ਬਠਿੰਡਾ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਮਯੋਕਜੋਤ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਰਾਮਪੁਰਾ ਫੂਲ, ਡਾ. ਗੁਨਿੰਦਰਰੀਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਭਗਤਾ ਭਾਈਕਾ ਡਾਕਟਰ ਸੀਮਾ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਦੀ ਟੀਮ ਵੱਲੋਂ ਸ਼ਹਿਰ ਰਾਮਪੁਰਾ ਵਿਖੇ ਗਰੁੱਪ ਮੀਟਿੰਗਾਂ ਕਰਕੇ ਮੱਛਰਾਂ ਦੀ ਰੋਕਥਾਮ ਅਤੇ ਤੰਦਰੁਸਤ ਸਿਹਤ ਸਬੰਧੀ ਜਾਗਰੂਕ ਕੀਤਾ ਗਿਆ।
ਇਸ ਮੌਕੇ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਬਲਵੀਰ ਸਿੰਘ ਸੰਧੂ ਕਲਾਂ ਨੇ ਦੱਸਿਆ ਕਿ ਮੱਛਰਾਂ ਦੀ ਪੈਦਾਵਾਰ ਪਾਣੀ ਉਪਰ ਸ਼ੁਰੂ ਹੁੰਦੀ ਹੈ, ਅਣਢੱਕੇ ਪਾਣੀ ਵਾਲੇ ਬਰਤਨਾਂ, ਆਲੇ-ਦੁਆਲੇ ਇਕੱਠੇ ਹੋਏ ਪਾਣੀ, ਵਾਧੂ ਪਏ ਕਵਾੜ, ਫਰਿੱਜ ਦੇ ਪਿਛਲੇ ਪਾਸੇ ਮੋਟਰ ਕੋਲ ਲੱਗੀ ਟਰੇਅ ਆਦਿ ਵਿਚ ਹੁੰਦੀ ਹੈ, ਇਸ ਲਈ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਸਾਫ਼-ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਇਸ ਮੌਕੇ ਮਲਟੀਪਰਪਜ਼ ਹੈਲਥ ਵਰਕਰਜ਼ ਜਸਵਿੰਦਰ ਸਿੰਘ ਅਤੇ ਨਰਪਿੰਦਰ ਸਿੰਘ ਨੇ ਬੁਖਾਰ ਦੇ ਮਰੀਜ਼ਾਂ ਅਤੇ ਬੁਖਾਰ ਦੇ ਸ਼ੱਕੀ ਮਰੀਜ਼ਾਂ ਦੇ ਖੂਨ ਦੇ ਸੈਂਪਲ ਇਕੱਤਰ ਕਰਕੇ ਯੋਗ ਪ੍ਰਣਾਲੀ ਰਾਹੀਂ ਟੈਸਟ ਕਰਨ ਲਈ ਭੇਜੇ।