ਸਿਹਤ ਵਿਭਾਗ ਦੀ TB ਵਿਰੁੱਧ ਕੰਪੇਨ, 300 ਤੋਂ ਵਧੇਰੇ ਟੀਮਾਂ ਨੇ 60 ਦਿਨਾਂ ’ਚ ਲੱਭੇ 2.70 ਲੱਖ ਸ਼ੱਕੀ ਮਰੀਜ਼
Saturday, Feb 15, 2025 - 02:36 PM (IST)

ਅੰਮ੍ਰਿਤਸਰ (ਦਲਜੀਤ)- ਸਿਹਤ ਵਿਭਾਗ ਨੇ ਜ਼ਿਲੇ ਵਿੱਚੋਂ ਟੀ. ਬੀ. ਦੇ ਮਰੀਜ਼ ਲੱਭਣ ਲਈ ਚਲਾਈ ਜਾ ਰਹੀ 100 ਦਿਨ ਦੀ ਕੰਪੇਨ ਵਿਚ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਵਿਭਾਗ ਦੀਆਂ 300 ਤੋਂ ਵਧੇਰੇ ਟੀਮਾਂ ਨੇ ਕੰਪੇਨ ਦੇ 60 ਦਿਨਾਂ ਵਿਚ ਜ਼ਿਲ੍ਹੇ ਦੀ 27 ਲੱਖ 58 ਹਜ਼ਾਰ 779 ਦੀ ਜਨਸੰਖਿਆ ’ਚੋਂ 2 ਲੱਖ 70 ਹਜ਼ਾਰ ਟੀ. ਬੀ. ਦੇ ਸ਼ੱਕੀ ਮਰੀਜ਼ ਲੱਭੇ ਹਨ। ਵਿਭਾਗ ਦਾ ਦਾਅਵਾ ਹੈ ਕਿ ਹੁਣ ਤੱਕ ਸਕਰੀਨ ਕੀਤੇ ਗਏ ਕਰੀਬ 2.70 ਲੱਖ ਸ਼ੱਕੀਆਂ ਵਿੱਚੋਂ 50 ਦੇ ਕਰੀਬ ਮਰੀਜ਼ ਟੀ. ਬੀ. ਦੀ ਬੀਮਾਰੀ ਤੋਂ ਪੀੜਤ ਪਾਏ ਗਏ ਹਨ। ਇਸ ਤੋਂ ਇਲਾਵਾ ਵਿਭਾਗ ਵੱਲੋਂ ਪੂਰੇ ਪੰਜਾਬ ਵਿਚ ਕੰਪੇਨ ਤਹਿਤ ਸਕਰੀਨਿੰਗ ਵਿਚ ਅੰਮ੍ਰਿਤਸਰ ਦੇ ਤਕਰੀਬਨ 1 ਲੱਖ ਦੇ ਕਰੀਬ ਸ਼ੱਕੀ ਮਰੀਜ਼ਾਂ ਦਾ ਡਾਟਾ ਸਰਕਾਰੀ ਪੋਰਟਲ ’ਤੇ ਅਪਲੋਡ ਕਰ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ।
ਜਾਣਕਾਰੀ ਅਨੁਸਾਰ ਭਾਰਤ ਸਰਕਾਰ ਵੱਲੋਂ ਸਾਲ 2025 ਤੱਕ ਟੀ. ਬੀ. ਦੀ ਇਸ ਬੀਮਾਰੀ ਨੂੰ ਖਤਮ ਕਰਨ ਦਾ ਦਾਅਵਾ ਕੀਤਾ ਗਿਆ ਹੈ। ਭਾਰਤ ਸਰਕਾਰ ਵੱਲੋਂ ਅਗਲੇ 100 ਦਿਨਾਂ ਵਿਚ ਨੈਸ਼ਨਲ ਟੀ. ਬੀ. ਐਲਮੀਨੇਸ਼ਨ ਮੁਹਿੰਮ ਤਹਿਤ ਕਰੀਬ 60 ਲੱਖ ਘਰਾਂ ਤੱਕ ਪਹੁੰਚਣ ਦਾ ਟੀਚਾ ਮਿੱਥਿਆ ਹੈ, ਜਦਕਿ ਅੰਮ੍ਰਿਤਸਰ ਜ਼ਿਲ੍ਹੇ ਵਿਚ 27 ਲੱਖ 58 ਹਜ਼ਾਰ 779 ਦੀ ਜਨ ਸੰਖਿਆ ਵਿਚੋਂ 2.70 ਹਜ਼ਾਰ ਵਿਚੋਂ ਉਕਤ ਬੀਮਾਰੀ ਦੇ ਸ਼ੱਕੀ ਕੇਸ ਕੱਢਣ ਲਈ ਨੀਤੀ ਬਣਾਈ। ਸਿਹਤ ਵਿਭਾਗ ਵੱਲੋਂ 60 ਸਾਲ ਤੋਂ ਉੱਪਰ ਵਾਲੇ ਅਤੇ ਸ਼ੂਗਰ ਦੇ ਮਰੀਜ਼, ਸ਼ਰਾਬ ਦਾ ਸੇਵਨ ਕਰਨ ਵਾਲੇ ਅਤੇ ਵੱਖ-ਵੱਖ ਕੈਟਾਗਿਰੀਆਂ ਦੇ ਲੋਕਾਂ ਨੂੰ 2 ਲੱਖ 70 ਹਜ਼ਾਰ ਦੀ ਗਿਣਤੀ ਵਿਚ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਡਰਾਈ ਡੇਅ ਘੋਸ਼ਿਤ
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦੇ ਜ਼ਿਲ੍ਹਾ ਟੀ. ਬੀ. ਕੰਟਰੋਲ ਅਧਿਕਾਰੀ ਡਾ. ਵਿਜੇ ਗੋਤਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਮੁਹਿੰਮ ਤਹਿਤ ਵਧ-ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ। ਇਨ੍ਹਾਂ ਮਰੀਜ਼ਾਂ ਦੀ ਦਵਾਈ ਸ਼ੁਰੂ ਕਰਵਾ ਦਿੱਤੀ ਗਈ ਹੈ ਅਤੇ 6 ਤੋਂ 8 ਮਹੀਨੇ ਦੇ ਕੋਰਸ ਦੌਰਾਨ ਇਨ੍ਹਾਂ ਨੂੰ ਮੁਫਤ ਦਵਾਈ ਅਤੇ ਡਾਇਟ ਦਾ ਪ੍ਰਬੰਧ ਮੁਫਤ ਕੀਤਾ ਜਾ ਰਿਹਾ ਹੈ। ਡਾ. ਗੋਤਵਾਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਵੱਲੋਂ ਖੁਦ ਇਸ ਸਕਰੀਨਿੰਗ ਨੂੰ ਸਫਲ ਬਣਾਉਣ ਲਈ ਅਧਿਕਾਰੀਆਂ ਦਾ ਮਾਰਗਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਕਿਰਿਆ ਦੌਰਾਨ ਟੈਸਟ ਅਤੇ ਦਵਾਈਆਂ ਦਾ ਸਾਰਾ ਖਰਚ ਵਿਭਾਗ ਵੱਲੋਂ ਦਿੱਤਾ ਜਾ ਰਿਹਾ ਹੈ ਅਤੇ ਮਰੀਜ਼ ਨੂੰ ਬੀਮਾਰੀ ਦੀ ਪਛਾਣ ਹੋਣ ਤੋਂ ਬਾਅਦ ਮੁਫਤ ਦਵਾਈ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਮੌਜੂਦਾ ਸਮੇਂ ਦੌਰਾਨ 5 ਹਜ਼ਾਰ ਦੇ ਕਰੀਬ ਮਰੀਜ਼ ਉਕਤ ਬੀਮਾਰੀ ਦੀ ਗ੍ਰਿਫਤ ਵਿਚ ਹਨ ਜੋ ਸਰਕਾਰੀ ਅਤੇ ਪ੍ਰਾਈਵੇਟ ਸਿਹਤ ਕੇਂਦਰਾਂ ਤੋਂ ਦਵਾਈਆਂ ਲੈ ਰਹੇ ਹਨ, ਜਦਕਿ ਹਰ ਸਾਲ 7 ਹਜ਼ਾਰ ਦੇ ਕਰੀਬ ਨਵੇਂ ਮਰੀਜ਼ ਸਾਹਮਣੇ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਇਹ ਬੀਮਾਰੀ ਸਾਹ ਦੇ ਰੋਗ ਰਾਹੀਂ ਇਕ ਦੂਸਰੇ ਤੋਂ ਫੈਲਦੀ ਹੈ ਅਤੇ ਸਮੇਂ ’ਤੇ ਕਰਵਾਇਆ ਇਲਾਜ ਮਰੀਜ਼ ਦੀ ਗੰਭੀਰ ਜਾਨ ਬਚਾ ਸਕਦਾ ਹੈ। ਉਨ੍ਹਾਂ ਦੱਸਿਆ ਕਿ 100 ਦਿਨਾਂ ਵਿਚ ਮਰੀਜ਼ਾਂ ਦੀ ਪਛਾਣ ਕਰ ਕੇ ਟੀ. ਬੀ. ਦੀ ਵੱਧ ਰਹੀ ਬੀਮਾਰੀ ’ਤੇ ਨਕੇਲ ਪਾਉਣਾ ਹੈ। ਵਿਭਾਗ ਪੂਰੀ ਮੁਸ਼ਤੈਦੀ ਨਾਲ ਇਸ ਕੰਪੇਨ ਨੂੰ ਹੇਠਲੇ ਪੱਧਰ ਤੱਕ ਅਮਲੀ ਜਾਮਾ ਪਹਿਨਾਉਣ ਲਈ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ।
ਹਰ ਸਾਲ ਅੰਮ੍ਰਿਤਸਰ ’ਚ 130 ਤੋਂ ਵਧੇਰੇ ਮਰੀਜ਼ਾਂ ਦੀ ਟੀ. ਬੀ. ਦੀ ਬੀਮਾਰੀ ਨਾਲ ਜਾਂਦੀ ਹੈ ਜਾਨ
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਟੀ. ਬੀ. ਕੰਟਰੋਲ ਪ੍ਰੋਗਰਾਮ ਦੇ ਡਾ. ਨਰੇਸ਼ ਚਾਵਲਾ ਨੇ ਦੱਸਿਆ ਕਿ ਇਸ ਬੀਮਾਰੀ ਦੀ ਰੋਕਥਾਮ ਲਈ ਸਰਕਾਰੀ ਅਤੇ ਪ੍ਰਾਈਵੇਟ ਸਿਹਤ ਕੇਂਦਰਾਂ ਵੱਲੋਂ ਹੇਠਲੇ ਪੱਧਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਬੀਮਾਰੀ ਜਿੱਥੇ ਜ਼ਿਲੇ ਵਿਚ ਹਰ ਸਾਲ ਹਜ਼ਾਰਾਂ ਦੀ ਤਾਦਾਦ ਵਿਚ ਨਵੇਂ ਮਰੀਜ਼ ਸਾਹਮਣੇ ਆਉਂਦੇ ਹਨ, ਉਥੇ ਹੀ 130 ਤੋਂ ਵਧੇਰੇ ਮਰੀਜ਼ਾਂ ਦੀ ਹਰ ਸਾਲ ਇਸ ਬੀਮਾਰੀ ਨਾਲ ਮੌਤ ਵੀ ਹੋ ਜਾਂਦੀ ਹੈ।
ਇਹ ਵੀ ਪੜ੍ਹੋ- ਰੇਲਵੇ ਯਾਤਰੀਆਂ ਲਈ ਅਹਿਮ ਖ਼ਬਰ, ਅੰਮ੍ਰਿਤਸਰ ਤੋਂ ਚੱਲੇਗੀ ਸਪੈਸ਼ਲ ਰੇਲਗੱਡੀ
2 ਹਫਤੇ ਤੋਂ ਪੁਰਾਣੀ ਖਾਂਸੀ ਹੋ ਸਕਦੀ ਹੈ ਟੀ. ਬੀ
ਪੰਜਾਬ ਦੇ ਸਭ ਤੋਂ ਵੱਡੇ ਸਰਕਾਰੀ ਟੀ. ਬੀ. ਹਸਪਤਾਲ ਦੇ ਸਾਬਕਾ ਮੁਖੀ ਡਾ. ਨਵੀਨ ਪਾਂਧੀ ਨੇ ਦੱਸਿਆ ਕਿ ਦੋ ਹਫਤੇ ਤੋਂ ਪੁਰਾਣੀ ਖਾਂਸੀ ਟੀ. ਬੀ. ਹੋ ਸਕਦੀ ਹੈ। ਇਸ ਤੋਂ ਇਲਾਵਾ ਭਾਰ ਘੱਟਣਾ, ਲਗਾਤਾਰ ਬੁਖਾਰ ਰਹਿਣਾ, ਭੁੱਖ ਘੱਟ ਲੱਗਣੀ ਆਦਿ ਇਸ ਬੀਮਾਰੀ ਦੇ ਲੱਛਣ ਹਨ। ਇਹ ਬੀਮਾਰੀ ਅੱਜ ਇਹੀ ਹੈ, ਜਿਸ ਦਾ ਮਰੀਜ਼ ਸਰਕਾਰ ਵੱਲੋਂ ਨਿਰਧਾਰਿਤ ਸਮੇਂ ਅਨੁਸਾਰ ਛੇ ਤੋਂ ਅੱਠ ਮਹੀਨੇ ਦਵਾ ਦਾ ਲਗਾਤਾਰ ਸੇਵਨ ਕਰੇ ਤਾਂ ਠੀਕ ਹੋ ਜਾਂਦਾ ਹੈ।
ਮਰੀਜ਼ਾਂ ਦੀ ਪਛਾਣ ਲਈ ਚਲਾਈ ਜਾ ਰਹੀ ਮੁਹਿੰਮ ਸ਼ਲਾਘਾਯੋਗ
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੈਂਬਰ ਡਾ. ਰਜਨੀਸ਼ ਸ਼ਰਮਾ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਮਰੀਜ਼ਾਂ ਦੀ ਪਛਾਣ ਲਈ ਚਲਾਈ ਜਾ ਰਹੀ ਮੁਹਿੰਮ ਸ਼ਲਾਘਾਯੋਗ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਵੀ ਇਸ ਮੁਹਿੰਮ ਵਿਚ ਆਪਣਾ ਯੋਗਦਾਨ ਪਾ ਰਹੀ ਹੈ ਜੋ ਵੀ ਸ਼ੱਕੀ ਮਰੀਜ਼ ਸਾਹਮਣੇ ਆਉਂਦੇ ਹਨ, ਉਨ੍ਹਾਂ ਦੀ ਜਾਣਕਾਰੀ ਸਿਹਤ ਵਿਭਾਗ ਨੂੰ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਜੋ ਮਰੀਜ਼ਾਂ ਦੀ ਪੁਸ਼ਟੀ ਹੋ ਰਹੀ ਹੈ, ਉਸ ਦਾ ਡਾਟਾ ਵੀ ਸਿਹਤ ਵਿਭਾਗ ਕੋਲ ਜਾ ਰਿਹਾ ਹੈ।
ਇਹ ਵੀ ਪੜ੍ਹੋ- ਡਿਪੋਰਟ ਹੋਏ 119 ਭਾਰਤੀਆਂ ਨੂੰ ਰਿਸੀਵ ਕਰਨਗੇ CM ਮਾਨ
ਸਕਰੀਨਿੰਗ ’ਚ ਪੰਜਾਬ ਭਰ ਵਿਚ ਪਹਿਲੇ ਨੰਬਰ ’ਤੇ ਹੈ ਜ਼ਿਲ੍ਹਾ ਅੰਮ੍ਰਿਤਸਰ
ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਭਾਰਤੀ ਧਵਨ ਨੇ ਦੱਸਿਆ ਕਿ ਸਕਰੀਨਿੰਗ ਕਰਨ ਵਿੱਚ ਸਿਹਤ ਵਿਭਾਗ ਪੁਰੀ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ। ਸਿਵਲ ਸਰਜਨ ਡਾ. ਕਿਰਨਦੀਪ ਕੌਰ ਅਤੇ ਡੀ. ਸੀ. ਮੈਡਮ ਸਾਕਸ਼ੀ ਸਾਹਨੀ ਦੀ ਅਗਵਾਈ ਵਿਚ ਵਿਭਾਗ ਦੀਆਂ ਆਸ਼ਾ ਵਰਕਰ, ਮੈਡੀਕਲ ਵਿਦਿਆਰਥੀ ਅਤੇ ਹੋਰ ਟੀਮਾਂ ਡਾਟਾ ਨੂੰ ਸਰਕਾਰੀ ਪੋਰਟਲ ’ਤੇ ਅਪਲੋਡ ਕਰਨ ਲਈ ਕੰਮ ਕਰ ਰਹੀਆਂ ਹਨ। ਡਾ. ਭਾਰਤੀ ਨੇ ਦੱਸਿਆ ਕਿ 100 ਦਿਨ ਦੀ ਕੰਪੇਨ ਨੂੰ ਸਫਲ ਬਣਾਉਣ ਲਈ ਡੀ. ਸੀ. ਸਾਕਸ਼ੀ ਸਾਹਨੀ ਵੱਲੋਂ ਕਾਫੀ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਸਮੇਂ-ਸਮੇਂ ’ਤੇ ਅਧਿਕਾਰੀਆਂ ਦੀ ਮੀਟਿੰਗ ਲੈ ਕੇ ਕੰਪੇਨ ਨੂੰ ਸਫਲ ਬਣਾਉਣ ਲਈ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿਵਲ ਸਰਜਨ ਡਾ. ਕਿਰਨਦੀਪ ਕੌਰ ਵੱਲੋਂ ਵੀ ਰੋਜ਼ਾਨਾ ਡਾਟੇ ਦਾ ਅਪਡੇਟ ਲੈ ਕੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਹੌਸਲਾ ਅਫਜਾਈ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8