ਅੱਖਾਂ ਲਈ ਫਾਇਦੇਮੰਦ ਹੈ ਪਾਲਕ, ਜਾਣੋ ਹੋਰ ਵੀ ਫਾਇਦੇ

11/01/2019 3:30:04 PM

ਜਲੰਧਰ (ਬਿਊਰੋ) — ਹਰੀ ਸਬਜ਼ੀ ਕੋਈ ਵੀ ਹੋਵੇ, ਸਿਹਤ ਲਈ ਫਾਇਦੇਮੰਦ ਹੀ ਹੁੰਦੀ ਹੈ ਪਰ ਪਾਲਕ ਇਨ੍ਹਾਂ 'ਚੋਂ ਸਭ ਤੋਂ ਗੁਣਕਾਰੀ ਹੈ ਕਿਉਂਕਿ ਇਹ ਇਕ ਅਜਿਹੀ ਸਬਜ਼ੀ ਹੈ, ਜਿਸ 'ਚ ਵਿਟਾਮਿਨ ਏ, ਬੀ, ਸੀ, ਲੋਹਾ, ਕੈਲਸ਼ੀਅਮ, ਪ੍ਰੋਟੀਨ, ਫਾਈਬਰ, ਖਣਿਜ ਪਦਾਰਥ, ਮੈਗਨੀਸ਼ੀਅਮ, ਆਇਰਨ, ਅਮੀਨੋ ਐਸਿਡ ਅਤੇ ਫੌਲਿਕ ਐਸਿਡ ਵਰਗੇ ਤੱਤ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਇਸ ਨੂੰ ਤੁਸੀਂ ਕੱਚੀ ਜਾਂ ਪਕਾ ਕੇ ਦੋਵੇਂ ਤਰੀਕਿਆਂ ਨਾਲ ਵੀ ਖਾ ਸਕਦੇ ਹੋ ਪਰ ਬਹੁਤ ਸਾਰੇ ਲੋਕ ਇਸ ਨੂੰ ਪਕਾ ਕੇ ਹੀ ਖਾਣਾ ਪਸੰਦ ਕਰਦੇ ਹਨ ਕਿਉਂਕਿ ਕੱਚੀ ਪਾਲਕ ਦਾ ਸਵਾਦ ਕੌੜਾ ਅਤੇ ਖਾਰਾ ਲੱਗਦਾ ਹੈ। ਇਹ ਤੁਹਾਡੀ ਸਿਹਤ ਲਈ ਬਹੁਤ ਹੀ ਗੁਣਕਾਰੀ ਹੈ। ਪਾਲਕ ਦਾ ਜੂਸ ਤੁਹਾਡੇ ਪਾਚਨ ਤੰਤਰ ਦੀ ਚੰਗੀ ਤਰ੍ਹਾਂ ਸਫਾਈ ਕਰਦਾ ਹੈ। ਉਥੇ ਹੀ ਇਹ ਤੁਹਾਡੇ ਸਰੀਰ 'ਚ ਖਤਰਨਾਕ ਕੀਟਾਣੂਆਂ ਤੋਂ ਪੈਦਾ ਹੋਣ ਵਾਲੇ ਰੋਗਾਂ ਤੋਂ ਰੱਖਿਆ ਕਰਦਾ ਹੈ। ਵਾਲ ਝੜਨ ਅਤੇ ਬਲੱਡ ਪ੍ਰੈਸ਼ਰ ਵਰਗੀਆਂ ਬੀਮਾਰੀਆਂ 'ਚ ਇਹ ਕਾਫੀ ਫਾਇਦੇਮੰਦ ਸਾਬਤ ਹੁੰਦੀ ਹੈ।

1. ਹੱਡੀਆਂ ਅਤੇ ਦੰਦ ਮਜ਼ਬੂਤ
ਪਾਲਕ ਹੱਡੀਆਂ ਅਤੇ ਦੰਦਾਂ ਲਈ ਬਹੁਤ ਫਾਇਦੇਮੰਦ ਹੈ। ਇਹ ਸਰੀਰ 'ਚ ਕੈਲਸ਼ੀਅਮ ਨੂੰ ਸੋਖਦੀ ਹੈ, ਜਿਸ ਨਾਲ ਸਰੀਰ 'ਚੋਂ ਜ਼ਰੂਰੀ ਕੈਲਸ਼ੀਅਮ ਬਾਹਰ ਨਹੀਂ ਨਿਕਲਦਾ। ਬੱਚਿਆਂ ਦੇ ਆਹਾਰ 'ਚ ਪਾਲਕ ਨੂੰ ਜ਼ਰੂਰ ਸ਼ਾਮਲ ਕਰੋ। ਜੇ ਉਹ ਪਾਲਕ ਦਾ ਜੂਸ ਨਹੀਂ ਪੀਂਦੇ ਤਾਂ ਉਨ੍ਹਾਂ ਨੂੰ ਪਾਲਕ-ਪਨੀਰ ਦੀ ਸਬਜ਼ੀ, ਰਾਇਤਾ ਜਾਂ ਪਾਲਕ ਸਨੈਕਸ ਦੇ ਤੌਰ 'ਤੇ ਖਾਣ ਨੂੰ ਦੇ ਸਕਦੇ ਹੋ। ਜੇ ਤੁਹਾਨੂੰ ਦੰਦਾਂ ਨਾਲ ਜੁੜੀ ਪ੍ਰੇਸ਼ਾਨੀ ਪਾਇਰੀਆ ਹੈ ਤਾਂ ਖਾਲੀ ਪੇਟ ਪਾਲਕ ਦੇ ਰਸ ਦਾ ਸੇਵਨ ਕਰੋ। ਇਸ 'ਚ ਤੁਸੀਂ ਗਾਜਰ ਦਾ ਜੂਸ ਮਿਲਾ ਕੇ ਵੀ ਪੀ ਸਕਦੇ ਹੋ। ਮਸੂੜਿਆਂ 'ਚੋਂ ਨਿਕਲਣ ਵਾਲੇ ਖੂਨ ਦੀ ਸਮੱਸਿਆ ਬੰਦ ਹੋ ਜਾਵੇਗੀ।

2. ਖੂਨ ਦੀ ਕਮੀ ਦੂਰ ਕਰੇ
ਆਇਰਨ ਦੀ ਕਮੀ ਕਾਰਨ ਸਰੀਰ 'ਚ ਖੂਨ ਦੀ ਕਮੀ ਹੋ ਜਾਂਦੀ ਹੈ। ਪਾਲਕ 'ਚ ਆਇਰਨ ਦੀ ਮਾਤਰਾ ਬਹੁਤ ਵੱਧ ਹੁੰਦੀ ਹੈ, ਜੋ ਹੀਮੋਗਲੋਬਿਨ ਵਧਾਉਣ ਦਾ ਕੰਮ ਕਰਦੀ ਹੈ। ਜੇ ਕੋਈ ਵਿਅਕਤੀ ਐਨੀਮੀਆ ਦਾ ਸ਼ਿਕਾਰ ਹੋਵੇ ਤਾਂ ਉਸਦੇ ਆਹਾਰ 'ਚ ਪਾਲਕ ਜ਼ਰੂਰ ਸ਼ਾਮਲ ਕਰੋ। ਬੱਚਿਆਂ ਨੂੰ ਆਹਾਰ 'ਚ ਪਾਲਕ ਦਿੰਦੇ ਰਹਿਣ ਨਾਲ ਉਨ੍ਹਾਂ ਦੇ ਸਰੀਰ ਵਿਚ ਖੂਨ ਦੀ ਕਮੀ ਨਹੀਂ ਹੁੰਦੀ। ਗਰਭਵਤੀ ਔਰਤਾਂ ਸਰੀਰ 'ਚ ਆਇਰਨ ਦੀ ਕਮੀ ਪੂਰੀ ਕਰਨ ਲਈ ਪਾਲਕ ਖਾਣ। ਅੱਧੇ ਗਿਲਾਸ ਪਾਲਕ ਦੇ ਰਸ 'ਚ ਦੋ ਚਮਚ ਸ਼ਹਿਦ ਮਿਲਾ ਕੇ 50 ਦਿਨ ਪੀਓ, ਇਸ ਨਾਲ ਸਰੀਰ 'ਚ ਖੂਨ ਦਾ ਵਾਧਾ ਹੁੰਦਾ ਹੈ ਪਰ ਸੇਵਨ ਕਰਨ ਤੋਂ ਪਹਿਲਾਂ ਇਕ ਵਾਰ ਮਾਹਿਰ ਦੀ ਸਲਾਹ ਜ਼ਰੂਰ ਲਓ।

3. ਬਲੱਡ ਪ੍ਰੈੱਸ਼ਰ ਨੂੰ ਕਰੇ ਕੰਟਰੋਲ
ਪਾਲਕ 'ਚ ਪੋਟਾਸ਼ੀਅਮ ਦੀ ਮਾਤਰਾ ਭਰਪੂਰ ਹੁੰਦੀ ਹੈ। ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ, ਜਿਸ ਨਾਲ ਦਿਲ ਦੇ ਰੋਗਾਂ ਤੋਂ ਬਚਾਅ ਰਹਿੰਦਾ ਹੈ।

4. ਮਾਸਪੇਸ਼ੀਆਂ ਨੂੰ ਕਰੇ ਮਜ਼ਬੂਤ
ਪਾਲਕ 'ਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਅਤੇ ਪ੍ਰੋਟੀਨ ਭਰਪੂਰ ਤੱਤ ਮਾਸਪੇਸ਼ੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹਨ। ਇਸ ਨਾਲ ਰੋਗ ਰੋਕੂ ਸਮਰੱਥਾ ਮਜ਼ਬੂਤ ਹੁੰਦੀ ਹੈ, ਜਿਸ ਨਾਲ ਸਰੀਰ ਅੰਦਰੂਨੀ ਤੌਰ 'ਤੇ ਮਜ਼ਬੂਤ ਰਹਿੰਦਾ ਹੈ। ਮਾਸਪੇਸ਼ੀਆਂ ਮਜ਼ਬੂਤ ਹੋਣ ਨਾਲ ਤੰਦਰੁਸਤੀ ਬਣੀ ਰਹਿੰਦੀ ਹੈ। ਇਹ ਭੁੱਖ ਵਧਾਉਣ 'ਚ ਵੀ ਸਹਾਇਕ ਹੈ।

5. ਮੋਟਾਪਾ ਕਰੇ ਘੱਟ
ਪਾਲਕ ਖਾਣ ਨਾਲ ਮੋਟਾਪਾ ਦੂਰ ਹੁੰਦਾ ਹੈ। ਪਾਲਕ 'ਚ ਗਾਜਰ ਦਾ ਜੂਸ ਮਿਲਾ ਕੇ ਪੀਣ ਨਾਲ ਬੌਡੀ ਨੂੰ ਨਿਊਟ੍ਰੀਸ਼ੀਅਨਜ਼ ਮਿਲਦੇ ਹਨ। ਇਸ ਨਾਲ ਸਰੀਰ ਦੀ ਵਾਧੂ ਚਰਬੀ ਘੱਟ ਹੋਣ ਲਗਦੀ ਹੈ ਅਤੇ ਕਮਜ਼ੋਰੀ ਵੀ ਨਹੀਂ ਆਉਂਦੀ।

6. ਪਾਚਨ ਕਿਰਿਆ ਨੂੰ ਵੀ ਕਰੇ ਮਜ਼ਬੂਤ
ਪੇਟ ਖਰਾਬ ਹੋਵੇ ਤਾਂ ਸਰੀਰ ਨੂੰ ਬੀਮਾਰੀਆਂ ਜਲਦ ਘੇਰ ਲੈਂਦੀਆਂ ਹਨ। ਇਸ ਤੋਂ ਬਚਣ ਲਈ ਪੌਸ਼ਟਿਕ ਆਹਾਰ ਨੂੰ ਡਾਈਟ 'ਚ ਸ਼ਾਮਲ ਕਰਨਾ ਬਹੁਤ ਜ਼ਰੂਰੀ ਹੈ। ਪਾਲਕ ਖਾਣ ਨਾਲ ਪਾਚਨ ਕਿਰਿਆ 'ਚ ਸੁਧਾਰ ਰਹਿੰਦਾ ਹੈ। ਇਸ ਨਾਲ ਖਾਣਾ ਆਸਾਨੀ ਨਾਲ ਪਚਣਾ ਸ਼ੁਰੂ ਹੋ ਜਾਂਦਾ ਹੈ।

7. ਅੱਖਾਂ ਲਈ ਹੈ ਫਾਇਦੇਮੰਦ
ਪਾਲਕ 'ਚ ਵਿਟਾਮਿਨ ਏ ਭਰਪੂਰ ਹੁੰਦਾ ਹੈ, ਜੋ ਤੁਹਾਡੀਆਂ ਅੱਖਾਂ ਨੂੰ ਤੰਦਰੁਸਤ ਰੱਖਦਾ ਹੈ। ਗਾਜਰ, ਪਾਲਕ ਅਤੇ ਟਮਾਟਰ ਦਾ ਰਸ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ, ਇਸ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ।

8. ਰੰਗਤ 'ਚ ਆਉਂਦਾ ਹੈ ਨਿਖਾਰ
ਜੇ ਤੁਸੀਂ ਚਮਕਦਾਰ ਚਮੜੀ ਚਾਹੁੰਦੇ ਹੋ ਤਾਂ ਪਾਲਕ ਦੇ ਜੂਸ ਦਾ ਸੇਵਨ ਕਰੋ। ਇਸ ਦੇ ਨਾਲ ਸਰੀਰ 'ਚ ਖੂਨ ਸੰਚਾਰ ਤੇਜ਼ ਹੁੰਦਾ ਹੈ ਅਤੇ ਸਰੀਰ 'ਚ ਚੁਸਤੀ-ਫੁਰਤੀ ਅਤੇ ਚਿਹਰੇ 'ਤੇ ਲਾਲੀ ਆ ਜਾਂਦੀ ਹੈ। ਜੇ ਤੁਸੀਂ ਰੋਜ਼ਾਨਾ ਪਾਲਕ ਦੇ ਜੂਸ ਦਾ ਸੇਵਨ ਕਰੋ ਤਾਂ ਚਿਹਰੇ ਦੀ ਰੰਗਤ 'ਚ ਨਿਖਾਰ ਵੱਧ ਜਾਂਦਾ ਹੈ। ਜੇ ਤੁਹਾਡੀ ਚਮੜੀ ਬਹੁਤ ਜ਼ਿਆਦਾ ਡ੍ਰਾਈ ਹੈ ਤਾਂ ਉਹ ਵੀ ਠੀਕ ਹੋਵੇਗੀ।

9. ਝੜਦੇ ਵਾਲ ਦਾ ਕਰੇ ਬਚਾਅ
ਵਾਲ ਝੜਨ ਕਾਰਨ ਸਰੀਰ 'ਚ ਆਇਰਨ ਦੀ ਕਮੀ ਹੋ ਜਾਂਦੀ ਹੈ। ਆਇਰਨ ਦੀ ਕਮੀ ਪੂਰੀ ਕਰਨ ਲਈ ਪਾਲਕ ਦਾ ਸੇਵਨ ਕਰੋ। ਇਸ ਨਾਲ ਸਰੀਰ 'ਚ ਵਿਟਾਮਿਨ ਏ ਦੀ ਕਮੀ ਪੂਰੀ ਹੁੰਦੀ ਹੈ ਅਤੇ ਵਾਲ ਝੜਨੇ ਆਪਣੇ-ਆਪ ਬੰਦ ਹੋ ਜਾਂਦੇ ਹਨ ਅਤੇ ਗ੍ਰੋਥ ਵੀ ਤੇਜ਼ੀ ਨਾਲ ਹੁੰਦੀ ਹੈ।


Related News