ਗੈਸ ਹੀ ਨਹੀਂ ਇਸ ਕਰਕੇ ਵੀ ਹੋ ਸਕਦੀ ਹੈ 'ਢਿੱਡ ਫੁੱਲਣ' ਦੀ ਸਮੱਸਿਆ, ਜਾਣੋ ਕਿੰਝ ਪਾਈਏ ਇਸ ਤੋਂ ਨਿਜ਼ਾਤ
Saturday, Jul 17, 2021 - 05:58 PM (IST)
ਨਵੀਂ ਦਿੱਲੀ : ਢਿੱਡ ਫੁੱਲਣ ਜਾਂ ਬਲਾਟਿੰਗ ਲਈ ਹਰ ਵਾਰ ਢਿੱਡ ’ਚ ਬਣਨ ਵਾਲੀ ਗੈਸ ਹੀ ਜ਼ਿੰਮੇਵਾਰ ਨਹੀਂ ਹੁੰਦੀ ਬਲਕਿ ਇਸਦੇ ਕਈ ਕਾਰਨ ਵੀ ਹੋ ਸਕਦੇ ਹਨ। ਬਲਾਟਿੰਗ ਕਾਰਨ ਢਿੱਡ ਭਰਿਆ-ਭਰਿਆ ਫੀਲ ਹੁੰਦਾ ਹੈ, ਨਾ ਭੁੱਖ ਲੱਗਦੀ ਹੈ ਅਤੇ ਨਾ ਹੀ ਖਾਣਾ ਚੰਗਾ ਲੱਗਦਾ ਹੈ। ਢਿੱਡ ਦਾ ਆਕਾਰ ਬਹੁਤ ਵੱਡਾ ਲੱਗਣ ਲੱਗਦਾ ਹੈ ਤਾਂ ਕਿਹੜੇ ਕਾਰਨਾਂ ਕਰਕੇ ਹੁੰਦੀ ਹੈ ਇਹ ਸਮੱਸਿਆ ਅਤੇ ਕੀ ਹੈ ਇਸਦਾ ਉਪਾਅ, ਆਓ ਜਾਣਦੇ ਹਾਂ :
ਸਾਡੀ ਖੁਰਾਕ : ਢਿੱਡ ’ਚ ਗੈਸ ਬਣਨਾ ਢਿੱਡ ਫੁੱਲਣ ਦਾ ਸਭ ਤੋਂ ਪਹਿਲਾਂ ਕਾਰਨ ਹੈ। ਜਿਸ ਨਾਲ ਢਿੱਡ ਭਾਰੀ-ਭਾਰੀ ਲੱਗਦਾ ਹੈ ਅਤੇ ਕਦੇ-ਕਦੇ ਬਹੁਤ ਤੇਜ਼ ਦਰਦ ਵੀ ਹੁੰਦਾ ਹੈ। ਸਾਡੇ ਖਾਣ-ਪੀਣ ’ਚ ਕੁਝ ਚੀਜ਼ਾਂ ਜਿਵੇਂ ਕਾਲੇ ਛੋਲੇ, ਬੇਸਣ ਤੋਂ ਬਣੀਆਂ ਚੀਜ਼ਾਂ, ਛੋਲਿਆਂ ਦੀ ਦਾਲ, ਬੀਨਸ, ਰਾਜਮਾ, ਛੋਲੇ ਇਹ ਸਾਰੀਆਂ ਚੀਜ਼ਾਂ ਗੈਸ ਕਰਦੀਆਂ ਹਨ। ਇਸਦਾ ਸੇਵਨ ਘੱਟ ਕਰਨਾ ਚਾਹੀਦਾ ਹੈ।
ਦੇਰ ਰਾਤ ਖਾਣਾ : ਰਾਤ ਨੂੰ ਖਾਣਾ ਖਾਣ ਅਤੇ ਸੌਣ ਦੇ ਸਮੇਂ ’ਚ ਘੱਟੋ-ਘੱਟ ਇਕ ਤੋਂ ਦੋ ਘੰਟਿਆਂ ਦਾ ਗੈਪ ਹੋਣਾ ਚਾਹੀਦਾ ਹੈ। ਜੇਕਰ ਅਜਿਹਾ ਨਹੀਂ ਹੈ ਤਾਂ ਢਿੱਡ ਫੁੱਲਣ ਦੀ ਸਮੱਸਿਆ ਹੋਵੇਗੀ ਕਿਉਂਕਿ ਜਦੋਂ ਤੁਸੀਂ ਰਾਤ ਨੂੰ ਦੇਰ ਨਾਲ ਖਾਣਾ ਖਾਂਦੇ ਹੋ ਤਾਂ ਉਸ ਤੋਂ ਤੁਰੰਤ ਬਾਅਦ ਸੌਂ ਜਾਂਦੇ ਹੋ। ਇਸ ਦੌਰਾਨ ਖਾਣਾ ਪਚਾਉਣ ਦਾ ਸਮਾਂ ਨਹੀਂ ਮਿਲ ਪਾਉਂਦਾ।
ਖਾਂਦੇ ਸਮੇਂ ਪਾਣੀ ਪੀਣਾ : ਅਕਸਰ ਲੋਕ ਖਾਣਾ ਖਾਂਦੇ ਸਮੇਂ ਨਾਲ-ਨਾਲ ਪਾਣੀ ਪੀਂਦੇ ਰਹਿੰਦੇ ਹਨ। ਇਹ ਆਦਤ ਵੀ ਗੈਸ ਜ਼ਿਆਦਾ ਬਣਨ ਅਤੇ ਬਲਾਟਿੰਗ ਦੀ ਸਮੱਸਿਆ ਲਈ ਜ਼ਿੰਮੇਵਾਰ ਹੋ ਸਕਦੀ ਹੈ। ਇਸ ਲਈ ਖਾਣਾ ਖਾਂਦੇ ਸਮੇਂ ਜਾਂ ਇਸ ਤੋਂ ਤੁਰੰਤ ਬਾਅਦ ਪਾਣੀ ਨਾ ਪੀਓ। ਧਿਆਨ ਰੱਖੋ ਕਿ ਜੇਕਰ ਤੁਸੀਂ ਪਾਣੀ ਪੀਣਾ ਹੈ ਤਾਂ ਖਾਣੇ ਤੋਂ 30-45 ਮਿੰਟ ਪਹਿਲਾਂ ਜਾਂ 30-45 ਮਿੰਟ ਬਾਅਦ ਹੀ ਪੀਓ।
ਕਸਰਤ ਨਾ ਕਰਨਾ : ਖਾਣੇ ’ਚ ਮੌਜੂਦ ਪੋਸ਼ਕ ਤੱਤ ਸਰੀਰ ’ਚ ਚੰਗੀ ਤਰ੍ਹਾਂ ਨਾਲ ਅਬਜ਼ਰਬ ਹੋ ਜਾਣ, ਇਸਦੇ ਲਈ ਕਸਰਤ ਕਰਨਾ ਬਹੁਤ ਜ਼ਰੂਰੀ ਹੈ। ਸਵੇਰੇ ਜਾਂ ਸ਼ਾਮ ਜਦੋਂ ਵੀ ਸਮਾਂ ਮਿਲੇ ਕਸਰਤ ਕਰਨਾ ਬਹੁਤ ਜ਼ਰੂਰੀ ਹੈ। ਆਪਣੀ ਸਮਰੱਥਾ ਅਨੁਸਾਰ ਕਸਰਤ ਦੀ ਚੋਣ ਕਰ ਸਕਦੇ ਹੋ।