ਜਾਣੋ ਨਵਜੰਮੇ ਬੱਚੇ ਨੂੰ ਕਿਸ ਉਮਰ ‘ਚ, ਕਿੰਨੀ ਮਾਤਰਾ ‘ਚ ਤੇ ਕਿਵੇਂ ਪਿਲਾਉਣਾ ਚਾਹੀਦੈ ‘ਗਾਂ ਦਾ ਦੁੱਧ’

Thursday, Sep 24, 2020 - 06:39 PM (IST)

ਜਾਣੋ ਨਵਜੰਮੇ ਬੱਚੇ ਨੂੰ ਕਿਸ ਉਮਰ ‘ਚ, ਕਿੰਨੀ ਮਾਤਰਾ ‘ਚ ਤੇ ਕਿਵੇਂ ਪਿਲਾਉਣਾ ਚਾਹੀਦੈ ‘ਗਾਂ ਦਾ ਦੁੱਧ’

ਜਲੰਧਰ (ਬਿਊਰੋ) : ਬੱਚਿਆਂ ਦੇ ਸੰਤੁਲਿਤ ਭੋਜਨ ‘ਚ ਗਾਂ ਦੇ ਦੁੱਧ ਨੂੰ ਸ਼ਾਮਲ ਕਰਨਾ ਬਹੁਤ ਫਾਇਦੇਮੰਦ ਹੋ ਸਕਦਾ ਹੈ, ਜਦੋਂਕਿ ਕੁਝ ਮਾਵਾਂ ਨਵਜੰਮੇ ਬੱਚੇ ਦਾ ਭੋਜਨ ਤਿਆਰ ਕਰਨ ਲਈ ਗਾਂ ਦੇ ਦੁੱਧ ਨੂੰ ਇੱਕ ਪਦਾਰਥ ਵਜੋਂ ਇਸਤੇਮਾਲ ਕਰਦੀਆਂ ਹਨ। ਅਜਿਹਾ ਵਿਸ਼ੇਸ਼ ਤੌਰ ‘ਤੇ ਬੱਚੇ ਦੇ ਉਚਿੱਤ ਪਾਲਣ ਪੋਸ਼ਣ ਲਈ ਕੀਤਾ ਜਾਂਦਾ ਹੈ। ਪਰ ਇਸਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੀ ਗਾਂ ਦਾ ਦੁੱਧ ਸੱਚਮੁੱਚ ਨਵਜੰਮੇ ਬੱਚਿਆਂ ਲਈ ਸੁਰੱਖਿਅਤ ਹੈ ਜਾਂ ਨਹੀਂ? ਗਾਂ ਦਾ ਦੁੱਧ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਪਰ ਬੱਚੇ ਨੂੰ ਗਾਂ ਦਾ ਦੁੱਧ ਦੇਣ ਤੋਂ ਪਹਿਲਾਂ ਇਸਦੇ ਫਾਇਦੇ, ਨੁਕਸਾਨ ਅਤੇ ਸਹੀ ਉਮਰ ਬਾਰੇ ਪਤਾ ਹੋਣਾ ਲਾਜ਼ਮੀ ਹੈ। ਆਓ ਜਾਣਦੇ ਹਾਂ ਕਿ ਬੱਚਿਆਂ ਨੂੰ ਗਾਂ ਦਾ ਦੁੱਧ ਕਦੋਂ, ਕਿੰਨੀ ਮਾਤਰਾ ‘ਚ ਅਤੇ ਕਿਵੇਂ ਦੇਣਾ ਚਾਹੀਦਾ ਹੈ…

ਨਵਜੰਮੇ ਬੱਚੇ ਨੂੰ ਕਿਸ ਉਮਰ ‘ਚ ਕਿੰਨੀ ਮਾਤਰਾ ‘ਚ ਦਿੱਤਾ ਜਾਵੇ ਗਾਂ ਦਾ ਦੁੱਧ?
ਨਵਜੰਮੇ ਬੱਚੇ ਨੂੰ 1 ਸਾਲ ਦੀ ਉਮਰ ਤੋਂ ਪਹਿਲਾਂ ਗਾਂ ਦਾ ਦੁੱਧ ਨਹੀਂ ਦੇਣਾ ਚਾਹੀਦਾ। ਅਮੈਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਦੇ ਅਨੁਸਾਰ 12 ਮਹੀਨਿਆਂ ਤੋਂ ਘੱਟ ਉਮਰ ਦੇ ਬੱਚੇ ਗਾਂ ਦੇ ਦੁੱਧ ਨੂੰ ਮਾਂ ਦੇ ਦੁੱਧ ਅਤੇ ਫਾਰਮੂਲੇ ਦੁੱਧ ਦੀ ਤਰ੍ਹਾਂ ਹਜ਼ਮ ਨਹੀਂ ਕਰ ਪਾਉਂਦੇ। ਗਾਂ ਦੇ ਦੁੱਧ ਵਿਚ ਪ੍ਰੋਟੀਨ ਅਤੇ ਖਣਿਜ ਦੀ ਵਧੇਰੇ ਮਾਤਰਾ ਹੁੰਦੀ ਹੈ, ਜੋ ਬੱਚੇ ਦੇ ਗੁਰਦੇ ‘ਤੇ ਦਬਾਅ ਪਾ ਸਕਦੀ ਹੈ। ਇਸ ਲਈ 1 ਸਾਲ ਦੀ ਉਮਰ ਤੋਂ ਬਾਅਦ ਬੱਚੇ ਨੂੰ ਗਾਂ ਦਾ ਦੁੱਧ ਦਿੱਤਾ ਜਾ ਸਕਦਾ ਹੈ। ਨਵਜੰਮੇ ਬੱਚੇ ਨੂੰ ਪ੍ਰਤੀ ਦਿਨ 946 ਮਿ.ਲੀ. ਤੋਂ ਵੱਧ ਗਾਂ ਦਾ ਦੁੱਧ ਨਹੀਂ ਦੇਣਾ ਚਾਹੀਦਾ।

PunjabKesari

ਕੀ ਮਾਂ ਦੇ ਦੁੱਧ ਨਾਲ ਗਾਂ ਦਾ ਦੁੱਧ ਦਿੱਤਾ ਜਾ ਸਕਦਾ ਹੈ?
ਡਾਕਟਰੀ ਮਾਹਿਰਾਂ ਅਨੁਸਾਰ 1 ਸਾਲ ਜਾਂ 2 ਸਾਲ ਦੀ ਉਮਰ ਦੇ ਬੱਚਿਆਂ ਨੂੰ ਮਾਂ ਦੇ ਦੁੱਧ ਦੇ ਨਾਲ-ਨਾਲ ਗਾਂ ਦਾ ਦੁੱਧ ਦਿੱਤਾ ਜਾ ਸਕਦਾ ਹੈ। ਭਾਵੇਂ ਬੱਚਾ ਗਾਂ ਦਾ ਦੁੱਧ ਪੀਣਾ ਸ਼ੁਰੂ ਕਰ ਦਿੰਦਾ ਹੈ, ਤਾਂ ਉਸ ਸਮੇਂ ਦੌਰਾਨ ਬੱਚੇ ਨੂੰ ਮਾਂ ਦਾ ਦੁੱਧ ਦਿੱਤਾ ਜਾ ਸਕਦਾ ਹੈ।

ਦੁੱਧ ਪੀਣ ਦਾ ਸਹੀ ਸਮਾਂ
ਦੁੱਧ ਦਾ ਸੇਵਨ ਸਵੇਰੇ ਨਾਸ਼ਤੇ ਵਿਚ ਕੀਤਾ ਜਾ ਸਕਦਾ ਹੈ। ਪਰ ਇਹ ਯਾਦ ਰੱਖੋ ਕਿ ਦੁੱਧ ਦੇ ਨਾਲ ਨਾਸ਼ਤੇ ਵਿੱਚ ਕੁਝ ਅਜਿਹਾ ਨਾ ਖਾਓ ਜਿਸ ‘ਚ ਲੂਣ ਦਾ ਇਸਤੇਮਾਲ ਕੀਤਾ ਗਿਆ ਹੋਵੇ। ਪਰ ਇਸ ਤੋਂ ਇਲਾਵਾ ਤੁਸੀਂ ਦਿਨ ਵਿਚ ਕਿਸੇ ਵੀ ਸਮੇਂ ਦੁੱਧ ਪੀ ਸਕਦੇ ਹੋ। ਪਰ ਯਾਦ ਰੱਖੋ ਕਿ ਦੁੱਧ ਪੀਣ ਤੋਂ ਪਹਿਲਾਂ ਅਤੇ ਬਾਅਦ ‘ਚ ਨਮਕ ਜਾਂ ਖੱਟੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ।

PunjabKesari

ਗਾਂ ਦੇ ਦੁੱਧ ਦੇ ਫਾਇਦੇ

1. ਮਾਸਪੇਸ਼ੀਆਂ ਦਾ ਵਿਕਾਸ
ਗਾਂ ਦੇ ਦੁੱਧ ਵਿਚ ਪ੍ਰੋਟੀਨ ਦੀ ਵਧੇਰੇ ਮਾਤਰਾ ਹੁੰਦੀ ਹੈ, ਜੋ ਬੱਚੇ ਦੀਆਂ ਮਾਸਪੇਸ਼ੀਆਂ ਦੇ ਸਿਹਤਮੰਦ ਵਿਕਾਸ ਲਈ ਬਹੁਤ ਜ਼ਰੂਰੀ ਹੁੰਦਾ ਹੈ।

2. ਸੰਚਾਰ ਪ੍ਰਣਾਲੀ ਲਈ ਲਾਭਕਾਰੀ
ਬਲੱਡ ਪ੍ਰੈਸ਼ਰ ਨੂੰ ਸੰਤੁਲਿਤ ਰੱਖਣ ਲਈ, ਰੋਜ਼ਾਨਾ ਗਾਂ ਦਾ ਦੁੱਧ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ। ਗਾਂ ਦਾ ਦੁੱਧ ਪੂਰੀ ਸੰਚਾਰ ਪ੍ਰਣਾਲੀ ਨੂੰ ਲਾਭ ਪਹੁੰਚਾਉਂਦਾ ਹੈ।

3. ਨਾੜੀਆਂ ਦਾ ਵਿਕਾਸ
ਗਾਂ ਦੇ ਦੁੱਧ ਵਿਚ ਫਾਸਫੋਲਿਪੀਡ ਅਤੇ ਗਲਾਈਕੋਸਫਿਨੋਲੀਪੀਡ ਹੁੰਦੇ ਹਨ, ਜਿਨ੍ਹਾਂ ਨੂੰ ਲਿਪਿਡ ਕਿਹਾ ਜਾਂਦਾ ਹੈ। ਇਹ ਨਾੜੀ ਸੈੱਲਾਂ ਦੇ ਵਿਕਾਸ ਵਿਚ ਮਹੱਤਵਪੂਰਣ ਭੂਮਿਕਾ ਅਦਾ ਕਰਦੇ ਹਨ। ਮਾਹਰਾਂ ਦੇ ਅਨੁਸਾਰ ਇਹ ਲਿਪਿਡਜ਼ ਬੱਚੇ ਦੇ ਦਿਮਾਗ ਦੀਆਂ ਨਾੜੀਆਂ ਦੇ ਵਿਕਾਸ ਵਿੱਚ ਮਦਦਗਾਰ ਹੁੰਦੇ ਹਨ।

4. ਹੱਡੀਆਂ ਲਈ ਸਿਹਤਮੰਦ
ਰੋਜ਼ਾਨਾ ਨਿਯਮਿਤ ਰੂਪ ‘ਚ ਗਾਂ ਦੇ ਦੁੱਧ ਦੇ ਸੇਵਨ ਨਾਲ ਬੱਚਿਆਂ ‘ਚ ਕੈਲਸ਼ੀਅਮ ਦੀ ਘਾਟ ਪੂਰੀ ਹੋ ਜਾਂਦੀ ਹੈ। ਜੋ ਹੱਡੀਆਂ ਨੂੰ ਸਿਹਤਮੰਦ ਤੇ ਮਜ਼ਬੂਤ ਰੱਖਣ ‘ਚ ਸਹਾਇਤਾ ਕਰਦਾ ਹੈ।

PunjabKesari

ਨਵਜੰਮੇ ਬੱਚੇ ਨੂੰ ਕਿਸ ਤਰ੍ਹਾਂ ਦੇਈਏ ‘ਗਾਂ ਦਾ ਦੁੱਧ’
. ਨਵਜੰਮੇ ਬੱਚੇ ਨੂੰ ਸ਼ੁਰੂਆਤ ‘ਚ ਗਾਂ ਦਾ ਦੁੱਧ ਹਜ਼ਮ ਕਰਨਾ ਮੁਸ਼ਕਲ ਹੁੰਦਾ ਹੈ ਇਸ ਲਈ ਗਾਂ ਬੱਚੇ ਲਈ ਗਾਂ ਦੇ ਦੁੱਧ ਦੀ ਮਾਤਰਾ ਹੌਲੀ ਹੌਲੀ ਵਧਾਉਣੀ ਚਾਹੀਦੀ ਹੈ।
. ਜੇਕਰ ਤੁਸੀਂ ਆਪਣੇ ਬੱਚੇ ਨੂੰ ਇੱਕ ਕੱਪ ਦੁੱਧ ਦਿੱਤਾ ਹੈ ਤਾਂ ਦੁੱਧ ਦੀ ਮਾਤਰਾ ਇੱਕ-ਦੋ ਦਿਨ ਬਾਅਦ ਵਧਾਉਣੀ ਚਾਹੀਦੀ ਹੈ। ਕਿਉਂਕਿ ਹੌਲੀ-ਹੌਲੀ ਦੁੱਧ ਦੀ ਮਾਤਰਾ ਵਧਾਉਣ ਬੱਚੇ ਦੇ ਵਿਕਾਸ ਲਈ ਸਹੀ ਰਹੇਗਾ।
. ਸਵੇਰ ਅਤੇ ਸ਼ਾਮ ਦੇ ਨਾਸ਼ਤੇ ਦੇ ਸਮੇਂ ਬੱਚੇ ਨੂੰ ਰੋਜ਼ਾਨਾ ਦੁੱਧ ਪਿਲਾਉਣ ਦੀ ਆਦਤ ਪਾਓ।

ਗਾਂ ਦਾ ਦੁੱਧ ਪੀਣ ਦੇ ਨੁਕਸਾਨ
12 ਮਹੀਨਿਆਂ ਤੋਂ ਘੱਟ ਉਮਰ ਦੇ ਬੱਚੇ ਨੂੰ ਗਾਂ ਦਾ ਦੁੱਧ ਨੁਕਸਾਨ ਪਹੁੰਚਾ ਸਕਦਾ ਹੈ। ਅਜਿਹੇ ‘ਚ ਬੱਚੇ ਦੇ ਪੇਟ ਅਤੇ ਅੰਤੜੀਆਂ ਦਾ ਅੰਦਰੂਨੀ ਭਾਗ ਪ੍ਰਭਾਵਿਤ ਹੋ ਸਕਦਾ ਹੈ। ਜ਼ਿਆਦਾ ਖੂਨ ਆਉਣ ਨਾਲ ਆਇਰਨ ਡੈਫੀਸ਼ੈਨਸੀ ਅਨੀਮੀਆ ਹੋ ਸਕਦਾ ਹੈ, ਜੋ ਸਿਹਤ ਦੀਆਂ ਕਈ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਇਸ ਲਈ 1 ਸਾਲ ਦੀ ਉਮਰ ਤੋਂ ਪਹਿਲਾਂ ਬੱਚੇ ਨੂੰ ਗਾਂ ਦਾ ਦੁੱਧ ਨਾ ਦਿਓ।

PunjabKesari


author

rajwinder kaur

Content Editor

Related News