ਚਿਹਰੇ ਦੀਆਂ ਛਾਈਆਂ ਦੇ ਨਾਲ-ਨਾਲ ਇਨ੍ਹਾਂ ਬੀਮਾਰੀਆਂ ਨੂੰ ਦੂਰ ਕਰਦੈ ‘ਪੁਦੀਨਾ’, ਜਾਣੋ ਹੋਰ ਵੀ ਫਾਇਦੇ
Sunday, Oct 11, 2020 - 05:15 PM (IST)
ਜਲੰਧਰ (ਬਿਊਰੋ) - ਮੀਂਹ ਦੇ ਮੌਸਮ ਵਿਚ ਜਾਂ ਸਰਦੀ ਦੌਰਾਨ ਪੁਦੀਨੇ ਦੀ ਚਾਹ ਦਾ ਮਜ਼ਾ ਹੀ ਕੁੱਝ ਹੋਰ ਹੁੰਦਾ ਹੈ। ਇਸ ਨਾਲ ਸਰੀਰ ਵਿਚ ਫੁਰਤੀ ਆ ਜਾਂਦੀ ਹੈ। ਪੁਦੀਨੇ ਨੂੰ ਸੱਭ ਤੋਂ ਪੁਰਾਣੀ ਅਤੇ ਪ੍ਰਸਿੱਧ ਦਵਾਈ ਮੰਨਿਆ ਜਾਂਦਾ ਹੈ, ਜੋ ਲਗਭਗ ਪੂਰੀ ਦੁਨੀਆਂ ਵਿਚ ਵਰਤਿਆ ਜਾਂਦਾ ਹੈ। ਚਾਹ, ਸੂਪ, ਜੂਸ, ਚਟਣੀ ਹਰ ਚੀਜ਼ ਵਿਚ ਪੁਦੀਨੇ ਦੀ ਵਰਤੋਂ ਸੁਆਦ ਵਧਾਉਂਦੀ ਹੈ। ਦੱਸ ਦਈਏ ਕਿ ਪੁਦੀਨਾ ਠੰਡਾ ਹੁੰਦਾ ਹੈ। ਜੇ ਗੱਲ ਕਰੀਏ ਪੁਦੀਨੇ ਦੀ ਤਾਂ ਇਹ ਘਰਾਂ ‘ਚ ਆਮ ਪਾਇਆ ਜਾਂਦਾ ਹੈ। ਭਾਰਤੀ ਖਾਣੇ ਅਤੇ ਮੱਧ ਪੂਰਬੀ ਭਾਰਤੀ ਖਾਣੇ ਵਿਚ ਪੁਦੀਨੇ ਨੂੰ ਮਹੱਤਵਪੂਰਨ ਸਮੱਗਰੀ ਮੰਨਿਆ ਗਿਆ ਹੈ। ਦਹੀਂ ਵਿਚ ਪੁਦੀਨੇ ਨੂੰ ਮਿਲਾ ਕੇ ਸੁਆਦਿਸ਼ਟ ਰਾਇਤਾ ਬਣਾਇਆ ਜਾਂਦਾ ਹੈ।
ਚਿਹਰੇ ਦੀਆਂ ਛਾਈਆਂ ਨੂੰ ਕਰੇ ਦੂਰ
ਪੁਦੀਨੇ ਦੇ ਰਸ ਨੂੰ ਮੁਲਤਾਨੀ ਮਿੱਟੀ/ਗਾਚਨੀ ਮਿੱਟੀ ‘ਚ ਮਿਲਾਕੇ ਚਿਹਰੇ ‘ਤੇ ਲਗਾਓ । ਇਸ ਲੇਪ ਦੇ ਨਾਲ ਚਿਹਰੇ ਦੀਆਂ ਛਾਈਆਂ ਦੂਰ ਹੋ ਜਾਂਦੀਆਂ ਨੇ ਤੇ ਚਿਹਰੇ ‘ਤੇ ਚਮਕ ਆ ਜਾਂਦੀ ਹੈ ।
ਮੋਟਾਪਾ ਘਟਾਉਣ 'ਚ ਮਦਦਗਾਰ
ਜੋ ਲੋਕ ਮੋਟਾਪੇ ਤੋਂ ਪ੍ਰੇਸ਼ਾਨ ਹਨ ਉਹ ਭਾਰ ਘਟ ਕਰਨ ਲਈ ਇਸ ਦੀ ਵਰਤੋਂ ਕਰ ਸਕਦੇ ਹਨ। ਇਸ 'ਚ ਔਸ਼ਧੀ ਗੁਣ ਮੌਜੂਦ ਹੁੰਦੇ ਹਨ ਅਤੇ ਮੋਟਾਪੇ ਤੋਂ ਛੁਟਕਾਰਾ ਦਿਵਾਉਂਦੇ ਹਨ।
ਥਕਾਵਟ ਕਰੇ ਦੂਰ
ਜ਼ਿਆਦਾ ਥਕਾਵਟ ਹੋਣ 'ਤੇ ਕੋਸੇ ਪਾਣੀ 'ਚ ਪੁਦੀਨੇ ਦਾ ਤੇਲ ਪਾ ਕੇ ਉਸ 'ਚ ਪੈਰ ਪਾ ਕੇ ਕੁਝ ਬੈਠਣ ਨਾਲ ਅਰਾਮ ਮਿਲਦਾ ਹੈ। ਇਸ ਤੋਂ ਇਲਾਵਾ ਪੁਦੀਨੇ ਦੇ ਰਸ 'ਚ ਸ਼ਹਿਦ ਮਿਲਾ ਕੇ ਚੱਟਣ ਨਾਲ ਹਿਚਕੀ ਦੂਰ ਹੁੰਦੀ ਹੈ।
ਪਾਚਨ ਕਿਰਿਆ ਠੀਕ ਰਹਿੰਦੀ
ਪੁਦੀਨਾ ਹਾਜ਼ਮੇ ਲਈ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ। ਗਰਮੀਆਂ ਦੇ ਮੌਸਮ ‘ਚ ਪੁਦੀਨੇ ਦੀ ਵਰਤੋਂ ਹਰ ਘਰ ‘ਚ ਕੀਤੀ ਜਾਂਦੀ ਹੈ। ਪੁਦੀਨੇ ਨੂੰ ਚਟਨੀ, ਸਲਾਦ ਅਤੇ ਰਾਇਤੇ ਲਈ ਵਰਤਿਆ ਜਾਂਦਾ ਹੈ। ਇਸ ਦੇ ਸੇਵਨ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਪੁਦੀਨਾ ਐਂਟੀਬਾਇਓਟਿਕ ਦੀ ਤਰ੍ਹਾਂ ਕੰਮ ਕਰਦਾ ਹੈ।
ਚਮੜੀ ਦੇ ਰੋਗਾਂ ਨੂੰ ਦੂਰ ਕਰਨ ’ਚ ਲਾਹੇਮੰਦ
ਪੁਦੀਨਾ ਕਈ ਪ੍ਰਕਾਰ ਦੇ ਚਮੜੀ ਦੇ ਰੋਗਾਂ ਨੂੰ ਦੂਰ ਕਰਨ ਲਈ ਬਹੁਤ ਹੀ ਲਾਹੇਮੰਦ ਹੈ। ਚਮੜੀ ਦੇ ਰੋਗ ਹੋਣ ‘ਤੇ ਪੁਦੀਨੇ ਦੀਆਂ ਪੱਤੀਆਂ ਦਾ ਲੇਪ ਬਣਾ ਕੇ ਲਗਾਓ। ਇਸ ਤਰ੍ਹਾਂ ਕਰਨ ਨਾਲ ਕਾਫੀ ਰਾਹਤ ਮਿਲਦੀ ਹੈ ।
ਮੂੰਹ ‘ਚੋਂ ਆਉਣ ਵਾਲੀ ਬਦਬੂ ਦੂਰ ਹੁੰਦੀ
ਕਈ ਲੋਕਾਂ ਮੂੰਹ ਦੀ ਬਦਬੂ ਤੋਂ ਪ੍ਰੇਸ਼ਾਨ ਰਹਿੰਦੇ ਨੇ। ਮੂੰਹ ‘ਚ ਬਦਬੂ ਆਉਣ ‘ਤੇ ਪੁਦੀਨੇ ਦਾ ਸੇਵਨ ਕਰਨਾ ਚਾਹੀਦਾ ਹੈ। ਪੁਦੀਨੇ ਦੇ ਰਸ ਨੂੰ ਪਾਣੀ ‘ਚ ਮਿਲਾ ਕੇ ਕੁੱਲਾ ਕਰਨ ਨਾਲ ਮੂੰਹ ‘ਚ ਆਉਣ ਵਾਲੀ ਬਦਬੂ ਦੂਰ ਹੋ ਜਾਂਦੀ ਹੈ। ਇਸ ਨਾਲ ਮੂੰਹ ‘ਚ ਠੰਢਕ ਦਾ ਅਹਿਸਾਸ ਹੁੰਦਾ ਹੈ।
ਮਸੂੜਿਆਂ ‘ਚੋਂ ਖੂਨ ਆਉਣ ਦੀ ਪਰੇਸ਼ਾਨੀ
ਪੁਦੀਨੇ ਦੇ ਰੋਜ਼ 2-4 ਪੱਤੇ ਚਬਾਉਣ ਨਾਲ ਦੰਦਾਂ ਦਾ ਦਰਦ, ਪਾਇਰੀਆ ਅਤੇ ਮਸੂੜਿਆਂ ‘ਚੋਂ ਖੂਨ ਆਉਣ ਦੀ ਪਰੇਸ਼ਾਨੀ ਤੋਂ ਛੁਟਕਾਰਾ ਮਿਲਦਾ ਹੈ ।
ਉਲਟੀਆਂ ਨੂੰ ਕਰੇ ਬੰਦ
ਉਲਟੀ ਆਉਣ ‘ਤੇ ਅੱਧਾ ਕੱਪ ‘ਚ ਪੁਦੀਨੇ ਦਾ ਰਸ ਹਰ ਦੋ ਘੰਟੇ ਬਾਅਦ ਰੋਗੀ ਨੂੰ ਪਿਲਾਓ । ਇਸ ਨਾਲ ਉਲਟੀਆਂ ਆਉਣੀਆਂ ਬੰਦ ਹੋ ਜਾਣਗੀਆਂ, ਜਿਸ ਨਾਲ ਰੋਗੀ ਰਾਹਤ ਮਹਿਸੂਸ ਕਰੇਗਾ ।
ਹੱਡੀਆਂ ਨੂੰ ਬਣਾਏ ਮਜ਼ਬੂਤ
ਪੁਦੀਨਾ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ 'ਚ ਮੈਗਨੀਸ਼ੀਅਮ ਤਤ ਮੌਜੂਦ ਹੁੰਦਾ ਹੈ ਜੋ ਹੱਡੀਆਂ ਲਈ ਜ਼ਰੂਰੀ ਹੁੰਦਾ ਹੈ।
ਕੋਲੈਸਟੋਰਲ ਪੱਧਰ ਨੂੰ ਠੀਕ ਰਖਦਾ ਹੈ
ਪੁਦੀਨੇ 'ਚ ਰੇਸ਼ਾ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ, ਜੋ ਵਧੇ ਹੋਏ ਕੋਲੈਸਟਰੋਲ ਪੱਧਰ ਨੂੰ ਠੀਕ ਕਰਨ 'ਚ ਮਦਦ ਕਰਦਾ ਹੈ।
ਖਾਂਸੀ ਕਰੇ ਦੂਰ
ਖਾਂਸੀ ਤੋਂ ਪਰੇਸ਼ਾਨ ਹੋ ਤਾਂ ਪੁਦੀਨੇ ਦੀ ਚਾਹ 'ਚ ਥੋੜ੍ਹਾ ਜਿਹਾ ਨਮਕ ਪਾ ਕੇ ਪੀਣ ਨਾਲ ਅਰਾਮ ਮਿਲਦਾ ਹੈ।