ਸਾਵਧਾਨ! ਪਿੱਠ ਦਰਦ ਸਣੇ ਸਰੀਰ 'ਚ ਵਿਖਾਈ ਦੇਣ ਇਹ ਲੱਛਣ, ਤਾਂ ਤੁਸੀਂ ਹੋ ਸਕਦੇ ਹੋ ਕੈਂਸਰ ਦਾ ਸ਼ਿਕਾਰ
Friday, Nov 04, 2022 - 03:45 PM (IST)

ਜਲੰਧਰ (ਬਿਊਰੋ) - ਅੱਜ ਕਲ ਭੱਜ ਦੋੜ ਭਰੀ ਜ਼ਿੰਦਗੀ ਅਤੇ ਗ਼ਲਤ ਖਾਣ ਪੀਣ ਕਾਰਨ ਲੋਕ ਕਈ ਤਰ੍ਹਾਂ ਦੀਆਂ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਬੀਮਾਰੀਆਂ 'ਚੋਂ ਇੱਕ ਹੈ ਕੈਂਸਰ ਦਾ ਰੋਗ। ਕੈਂਸਰ ਅੱਜ ਦੇ ਸਮੇਂ 'ਚ ਪੰਜਾਬ 'ਚ ਸਭ ਤੋਂ ਜ਼ਿਆਦਾ ਹੋ ਰਿਹਾ ਹੈ। ਦੇਖਿਆ ਜਾਵੇ ਤਾਂ ਅੱਜ ਦੇ ਸਮੇਂ 'ਚ ਪੰਜਾਬ 'ਚ ਸਭ ਤੋਂ ਜ਼ਿਆਦਾ ਮੌਤਾਂ ਕੈਂਸਰ ਕਾਰਨ ਹੀ ਹੋ ਰਹੀਆਂ ਹਨ। ਜਦੋਂ ਕਿਸੇ ਘਰ 'ਚ ਕੈਂਸਰ ਦਾ ਨਾਂ ਆਉਂਦਾ ਹੈ ਤਾਂ ਲੋਕ ਡਰ ਜਾਂਦੇ ਹਨ ਕਿਉਂਕਿ ਇਸ ਬੀਮਾਰੀ ਦਾ ਇਲਾਜ ਬਹੁਤ ਮਹਿੰਗਾ ਹੈ। ਜੇਕਰ ਇਸ ਬੀਮਾਰੀ ਦਾ ਸ਼ੁਰੂ 'ਚ ਪਤਾ ਲੱਗ ਜਾਵੇ ਤਾਂ ਇਨਸਾਨ ਠੀਕ ਹੋ ਸਕਦਾ ਹੈ। ਕੈਂਸਰ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦਾ ਹੈ। 30 ਸਾਲ ਤੋਂ ਬਾਅਦ ਇਸ ਦੇ ਹੋਣ ਦਾ ਖ਼ਤਰਾ ਜ਼ਿਆਦਾ ਵਧ ਜਾਂਦਾ ਹੈ। ਆਓ ਜਾਣਦੇ ਹਾਂ ਕੈਂਸਰ ਦੀਆਂ ਵੱਖ-ਵੱਖ ਕਿਸਮਾਂ ਅਤੇ ਸ਼ੁਰੂਆਤੀ ਲੱਛਣਾਂ ਬਾਰੇ :-
ਮੂੰਹ ਦਾ ਕੈਂਸਰ
ਮੂੰਹ ਦਾ ਕੈਂਸਰ ਹੋਣ ’ਤੇ ਰੋਗੀ ਦੇ ਮੂੰਹ 'ਚੋਂ ਬਦਬੂ, ਖਾਣ 'ਚ ਤਕਲੀਫ਼, ਮੂੰਹ 'ਚ ਛਾਲੇ ਰਹਿਣੇ ਸ਼ੁਰੂ ਹੋ ਜਾਂਦੇ ਹਨ। ਅਜਿਹੇ ਲੱਛਣ ਵਿਖਾਈ ਦੇਣ 'ਤੇ ਮੂੰਹ ਦਾ ਕੈਂਸਰ ਹੋ ਸਕਦਾ ਹੈ।
ਬ੍ਰੈਸਟ ਕੈਂਸਰ
ਅੱਜ ਕੱਲ੍ਹ ਦੀਆਂ ਮਹਿਲਾਵਾਂ 'ਚ ਬ੍ਰੈਸਟ ਕੈਂਸਰ ਲਗਾਤਾਰ ਵਧਦਾ ਜਾ ਰਿਹਾ ਹੈ। ਬ੍ਰੈਸਟ ਕੈਂਸਰ ਦੇ ਰੋਗੀਆਂ ਨੂੰ ਸ਼ੁਰੂ 'ਚ ਬ੍ਰੈਸਟ 'ਚ ਦਰਦ ਜਾਂ ਫਿਰ ਗੰਢ ਮਹਿਸੂਸ ਹੁੰਦੀ ਹੈ। ਬ੍ਰੈਸਟ 'ਚੋਂ ਖ਼ੂਨ ਆਉਣਾ, ਚਮੜੀ ਦਾ ਜ਼ਿਆਦਾ ਖੁਰਦਰਾ ਹੋਣਾ, ਚਮੜੀ 'ਤੇ ਸੋਜ ਆਦਿ ਸਭ ਲੱਛਣ ਬ੍ਰੈਸਟ ਕੈਂਸਰ ਹੋਣ ਦੇ ਹਨ।
ਗੁਰਦੇ ਦਾ ਕੈਂਸਰ
ਇਸ ਕੈਂਸਰ 'ਚ ਰੋਗੀ ਨੂੰ ਪਿਸ਼ਾਬ ਦੇ ਰਾਸਤੇ ’ਚੋਂ ਖ਼ੂਨ ਆਉਂਦਾ ਹੈ। ਮਰੀਜ਼ ਦੀ ਪਿੱਠ 'ਚ ਲਗਾਤਾਰ ਦਰਦ ਅਤੇ ਢਿੱਡ 'ਚ ਗੰਢ ਹੋਣਾ ਆਦਿ ਗੁਰਦੇ ਦੀ ਕੈਂਸਰ ਦੇ ਮੁੱਖ ਲੱਛਣ ਹਨ।
ਢਿੱਡ ਦਾ ਕੈਂਸਰ
ਭੁੱਖ ਨਾ ਲੱਗਣਾ, ਉਲਟੀਆਂ ਆਉਣਾ, ਉਲਟੀ ਅਤੇ ਦਸਤ 'ਚ ਖ਼ੂਨ ਆਉਣਾ, ਭਾਰ ਦਾ ਲਗਾਤਾਰ ਘੱਟ ਹੋਣਾ ਢਿੱਡ ਦਾ ਕੈਂਸਰ ਹੋਣ ਦੇ ਲੱਛਣ ਹਨ। ਇਸੇ ਲਈ ਸਾਵਧਾਨ ਰਹੋ।
ਬਲੱਡ ਕੈਂਸਰ
ਚਮੜੀ 'ਤੇ ਲਾਲ ਰੰਗ ਦੇ ਦਾਣੇ ਹੋਣਾ, ਵਾਰ-ਵਾਰ ਬੁਖ਼ਾਰ, ਸਰੀਰ 'ਚ ਖ਼ੂਨ ਦੀ ਘਾਟ, ਗਰਦਨ ਅਤੇ ਪੱਟਾਂ 'ਚ ਗੰਢ ਬਣ ਜਾਣਾ ਬਲੱਡ ਕੈਂਸਰ ਹੋਣ ਦੇ ਲੱਛਣ ਹੁੰਦੇ ਹਨ।
ਲੀਵਰ ਕੈਂਸਰ
ਲੀਵਰ ਕੈਂਸਰ ਹੋਣ 'ਤੇ ਮਰੀਜ਼ ਨੂੰ ਵਾਰ-ਵਾਰ ਪੀਲੀਆ, ਲੀਵਰ ਦਾ ਵਧਣਾ, ਭੁੱਖ ਨਾ ਲੱਗਣਾ, ਸਿੱਧੇ ਪਾਸੇ ਦੀਆਂ ਪਸਲੀਆਂ ਦੇ ਹੇਠਾਂ ਦਰਦ ਹੋਣ ਲੱਗਦਾ ਹੈ। ਇਹ ਸਾਰੇ ਲੱਛਣ ਲੀਵਰ ਕੈਂਸਰ ਦੇ ਮੁੱਖ ਲੱਛਣ ਹਨ।
ਚਮੜੀ ਦਾ ਕੈਂਸਰ
ਚਮੜੀ 'ਤੇ ਜ਼ਖਮ ਹੋਣਾ, ਜ਼ਖਮ ਦਾ ਛੇਤੀ ਨਾ ਭਰਨਾ, ਜ਼ਖਮ 'ਚ ਦਰਦ ਹੁੰਦੇ ਰਹਿਣਾ, ਇਹ ਸਭ ਚਮੜੀ ਦੇ ਕੈਂਸਰ ਦੀਆਂ ਨਿਸ਼ਾਨੀਆਂ ਹੁੰਦੀਆਂ ਹਨ ।
ਦਿਮਾਗ ਦਾ ਕੈਂਸਰ
ਅੱਜ ਦੇ ਸਮੇਂ ਤਣਾਅ ਭਰੇ ਵਾਤਾਵਰਨ 'ਚ ਦਿਮਾਗ ਦੇ ਕੈਂਸਰ ਦੇ ਰੋਗੀਆਂ 'ਚ ਵੀ ਵਾਧਾ ਹੋ ਰਿਹਾ ਹੈ। ਅਜਿਹੇ 'ਚ ਰੋਗੀ ਦੇ ਸਿਰ 'ਚ ਲਗਾਤਾਰ ਦਰਦ ਰਹਿਣਾ, ਮਿਰਗੀ ਦੇ ਦੌਰੇ ਪੈਣਾ, ਸਰੀਰ ਦੇ ਕਿਸੇ ਭਾਗ 'ਚ ਲਕਵਾ ਹੋਣਾ, ਵਾਰ-ਵਾਰ ਬੇਹੋਸ਼ ਹੋ ਜਾਣਾ ਆਦਿ ਇਸ ਕੈਂਸਰ ਦੇ ਲੱਛਣ ਹੁੰਦੇ ਹਨ।
ਫੇਫੜਿਆਂ ਦਾ ਕੈਂਸਰ
ਛਾਤੀ 'ਚ ਦਰਦ, ਲਗਾਤਾਰ ਬੁਖਾਰ, ਲਗਾਤਾਰ ਖੰਘ ਰਹਿਣਾ, ਖੰਘਦੇ ਸਮੇਂ ਛਾਤੀ 'ਚ ਦਰਦ, ਖੰਘ ਦੇ ਨਾਲ ਖੂਨ ਨਿਕਲਣਾ, ਇਹ ਫੇਫੜਿਆਂ ਦੇ ਕੈਂਸਰ ਦੇ ਲੱਛਣ ਹੁੰਦੇ ਹਨ।