ਪੰਜਾਬ ''ਚ ਹੋ ਗਿਆ ਐਨਕਾਊਂਟਰ! ਠਾਹ-ਠਾਹ ਚੱਲੀਆਂ ਗੋਲੀਆਂ
Thursday, May 15, 2025 - 08:18 PM (IST)

ਬੰਗਾ, (ਰਾਕੇਸ਼ ਅਰੋੜਾ)- ਨਵਾਂਸ਼ਹਿਰ ਪੁਲਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋ ਮਿਤੀ 9-10 ਮਈ ਦੀ ਦਰਮਿਆਨੀ ਰਾਤ ਨੂੰ ਕਸਬਾ ਬਹਿਰਾਮ ਦੇ ਪਿੰਡ ਮੰਢਾਲੀ ਵਿਖੇ ਛੱਤ ਰਾਹੀਂ ਇਕ ਘਰ ਵਿੱਚ ਵੜ ਕੇ ਕਾਤਲ ਵੱਲੋਂ ਪ੍ਰੇਮ ਸਿੰਘ ਨਾਮੀ ਇਕ ਬੁਜ਼ਰਗ ਨੂੰ ਕਤਲ ਕਰ ਦਿੱਤਾ ਗਿਆ ਸੀ। ਜਦੋਂ ਕਿ ਉਨ੍ਹਾਂ ਦੀ ਕੇਅਰ ਲਈ ਰਹਿੰਦਾ ਵਿਅਕਤੀ ਵੀ ਉਕਤ ਕਾਤਲ ਨਾਲ ਉਲਝਦਾ ਹੋਇਆ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ।
ਥਾਣਾ ਸੀਨੀਅਰ ਪੁਲਸ ਕਪਤਾਨ ਡਾ. ਮਹਿਤਾਬ ਸਿੰਘ ਵੱਲੋਂ ਐੱਸਪੀ ਸਰਬਜੀਤ ਸਿੰਘ ਬਾਹੀਆਂ, ਡੀਐੱਸਪੀ ਬੰਗਾ ਅਤੇ ਐੱਸਐੱਚਓ ਬਹਿਰਾਮ ਦੀ ਅਗਵਾਈ ਵਿੱਚ ਪੁਲਸ ਟੀਮਾ ਬਣਾ ਕੇ ਉਕਤ ਕਾਤਲ ਨੂੰ ਕਾਬੂ ਕਰਨ ਲਈ ਦਿਨ-ਰਾਤ ਇਕ ਕੀਤਾ ਹੋਇਆ ਸੀ। ਜਿਸ ਨੂੰ ਲੈ ਕੇ ਉਨ੍ਹਾਂ ਵੱਲੋਂ ਥਾਣਾ ਬਹਿਰਾਮ ਅਧੀਨ ਬੀਐੱਨਐੱਸਐੱਸ ਦੀਆਂ ਵੱਖ-ਵੱਖ ਧਰਾਂਵਾ ਤਹਿਤ ਮਾਮਲਾ ਦਰਜ਼ ਕੀਤਾ ਗਿਆ।
ਸੀਨੀਅਰ ਪੁਲਸ ਕਪਤਾਨ ਡਾ. ਮਹਿਤਾਬ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਕਤ ਹੋਏ ਕਤਲ ਕਾਂਡ ਵਿੱਚ ਉਨ੍ਹਾਂ ਵੱਲੋਂ ਵਿਦੇਸ਼ ਵਿੱਚ ਰਹਿੰਦੇ ਧਰਮਿੰਦਰ ਸਿੰਘ ਨਾਮੀ ਵਿਅਕਤੀ ਜੋ ਪਿੱਛੇ ਪਿੰਡ ਮੰਢਾਲੀ ਦਾ ਹੀ ਰਹਿਣ ਵਾਲਾ ਹੈ ਨੂੰ ਨਾਮਜ਼ਦ ਕੀਤਾ ਗਿਆ ਸੀ। ਜਿਸ ਨੇ ਸੁਪਾਰੀ ਦੇ ਕੇ ਉਕਤ ਕਤਲ ਕਰਵਾਇਆ ਸੀ। ਉਨ੍ਹਾਂ ਦੱਸਿਆ ਜਦੋਂ ਉਕਤ ਮਾਮਲੇ ਦੀ ਤਫਤੀਸ਼ ਨੂੰ ਅੱਗੇ ਵਧਾਇਆ ਗਿਆ ਤਾਂ ਇਹ ਗੱਲ ਸਾਹਮਣੇ ਆਈ ਕਿ ਉਕਤ ਕਤਲ ਪਿੰਡ ਮੰਢਾਲੀ ਦਾ ਨਿਵਾਸੀ ਬਲਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵੱਲੋਂ ਸੁਪਾਰੀ ਲੈ ਕੇ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਅੱਜ ਮੁੱਖਬਰ ਖਾਸ ਨੇ ਪੁਲਸ ਪਾਰਟੀ ਨੂੰ ਇਤਲਾਹ ਦਿੱਤੀ ਕਿ ਉਕਤ ਵਿਅਕਤੀ ਜਿਸ ਨੇ ਪਿੰਡ ਮੰਢਾਲੀ ਵਿਖੇ ਪ੍ਰੇਮ ਸਿੰਘ ਨਾਮੀ ਬੁਜ਼ਰਗ ਦਾ ਕਤਲ ਕੀਤਾ ਸੀ ਉਸ ਨੂੰ ਕਿਸੇ ਗੱਡੀ ਵਾਲੇ ਨੇ ਡ੍ਰੇਨ ਪੁੱਲੀ ਕੋਲ ਉਤਾਰਿਆ ਹੈ। ਪੁਲਸ ਪਾਰਟੀ ਇਤਲਾਹ ਮਿਲਦੇ ਤੁਰੰਤ ਮੌਕੇ 'ਤੇ ਪੁੱਜ ਗਈ ਅਤੇ ਮੁਲਜ਼ਮ ਨੂੰ ਘੇਰਾ ਪਾ ਲਿਆ। ਮੁਲਜ਼ਮ ਨੇ ਪੁਲਸ ਪਾਰਟੀ 'ਤੇ ਦੋ ਫਾਇਰ ਕਰ ਦਿੱਤੇ। ਜਦੋਂ ਪੁਲਸ ਪਾਰਟੀ ਵੱਲੋਂ ਜਵਾਬੀ ਫਾਇਰ ਕੀਤੇ ਗਏ ਤਾਂ ਇਕ ਗੋਲੀ ਮੁਲਜ਼ਮ ਦੀ ਲੱਤ ਵਿੱਚ ਲੱਗ ਗਈ ਅਤੇ ਉਹ ਜ਼ਖਮੀ ਹੋ ਗਿਆ। ਜਿਸ ਨੂੰ ਪੁਲਸ ਪਾਰਟੀ ਨੇ ਕਾਬੂ ਕਰ ਸਿਵਲ ਹਸਪਤਾਲ ਦਾਖਲ ਕਰਵਾ ਦਿੱਤਾ ਹੈ। ਜਿੱਥੇ ਉਹ ਜ਼ੇਰੇ ਇਲਾਜ਼ ਹੈ।
ਉਨ੍ਹਾਂ ਦੱਸਿਆ ਦੋਸ਼ੀ 'ਤੇ ਪਹਿਲਾਂ ਵੀ ਕਈ ਮਾਮਲੇ ਦਰਜ਼ ਹਨ ਜਿਨ੍ਹਾਂ ਵਿੱਚ ਇਕ ਕਤਲ ਦਾ ਵੀ ਮਾਮਲਾ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਧਰਮਿੰਦਰ ਸਿੰਘ ਜੋ ਵਿਦੇਸ਼ ਵਿੱਚ ਰਹਿੰਦਾ ਹੈ ਦੀ ਪ੍ਰੇਮ ਸਿੰਘ ਨਾਲ ਕੋਈ ਪੁਰਾਣੀ ਰੰਜ਼ਿਸ ਹੈ ਜਿਸਦੇ ਚੱਲਦਿਆ ਧਰਮਿੰਦਰ ਸਿੰਘ ਵੱਲੋਂ ਪ੍ਰੇਮ ਸਿੰਘ ਦਾ ਕਤਲ ਕਰਵਾਇਆ ਗਿਆ ਹੈ।