ਅੱਖਾਂ ''ਚ ਹੋ ਰਹੇ ਇਹ ਬਦਲਾਅ ਨੂੰ ਇਗਨੋਰ ਕਰਨਾ ਪੈ ਸਕਦੈ ਭਾਰੀ! ਗੰਭੀਰ ਬਿਮਾਰੀ ਦੇ ਹੋ ਸਕਦੇ ਨੇ ਸੰਕੇਤ

Saturday, Apr 25, 2026 - 10:31 AM (IST)

ਅੱਖਾਂ ''ਚ ਹੋ ਰਹੇ ਇਹ ਬਦਲਾਅ ਨੂੰ ਇਗਨੋਰ ਕਰਨਾ ਪੈ ਸਕਦੈ ਭਾਰੀ! ਗੰਭੀਰ ਬਿਮਾਰੀ ਦੇ ਹੋ ਸਕਦੇ ਨੇ ਸੰਕੇਤ

ਹੈਲਥ ਡੈਸਕ - ਅਕਸਰ ਡਾਇਬੀਟੀਜ਼ (ਸ਼ੂਗਰ) ਨੂੰ ਦਿਲ, ਗੁਰਦਿਆਂ ਅਤੇ ਨਸਾਂ ਦੀ ਬੀਮਾਰੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਅੱਖਾਂ ਉਹ ਪਹਿਲੇ ਅੰਗ ਹਨ ਜਿੱਥੇ ਡਾਇਬੀਟੀਜ਼ ਚੁੱਪਚਾਪ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦੀ ਹੈ। ਇਹ ਨੁਕਸਾਨ ਰਾਤੋ-ਰਾਤ ਨਹੀਂ ਹੁੰਦਾ, ਸਗੋਂ ਹੌਲੀ-ਹੌਲੀ ਵਧਦਾ ਹੈ ਅਤੇ ਅਕਸਰ ਉਦੋਂ ਸਾਹਮਣੇ ਆਉਂਦਾ ਹੈ ਜਦੋਂ ਇਸ ਨੂੰ ਠੀਕ ਕਰਨਾ ਮੁਸ਼ਕਲ ਹੋ ਜਾਂਦਾ ਹੈ।

ਅੱਖਾਂ ਨੂੰ ਹੋਣ ਵਾਲੀਆਂ ਗੰਭੀਰ ਬੀਮਾਰੀਆਂ

ਸਰੋਤਾਂ ਅਨੁਸਾਰ, ਡਾਇਬੀਟੀਜ਼ ਦੇ ਮਰੀਜ਼ਾਂ 'ਚ ਹੇਠ ਲਿਖੀਆਂ ਬੀਮਾਰੀਆਂ ਦਾ ਖਤਰਾ ਸਭ ਤੋਂ ਵੱਧ ਰਹਿੰਦਾ ਹੈ :-

ਡਾਇਬੀਟਿਕ ਰੇਟੀਨੋਪੈਥੀ
- ਇਹ ਰੇਟੀਨਾ ਦੀਆਂ ਖੂਨ ਦੀਆਂ ਨਸਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਅੰਨ੍ਹੇਪਣ ਦਾ ਇਕ ਮੁੱਖ ਕਾਰਨ ਹੈ।

ਡਾਇਬੀਟਿਕ ਮੈਕੂਲਰ ਐਡੀਮਾ
- ਇਲਾਜ ਨਾ ਹੋਣ 'ਤੇ ਰੇਟੀਨਾ ਦੇ ਕੇਂਦਰ (ਮੈਕੂਲਾ) 'ਚ ਸੋਜ ਆ ਸਕਦੀ ਹੈ, ਜਿਸ ਨਾਲ ਦੇਖਣ ਦੀ ਸ਼ਕਤੀ ਪ੍ਰਭਾਵਿਤ ਹੁੰਦੀ ਹੈ।

ਰੇਟੀਨਾ ਦਾ ਵੱਖ ਹੋਣਾ 
- ਅਸਾਧਾਰਨ ਖੂਨ ਦੀਆਂ ਨਸਾਂ ਵਧਣ ਕਾਰਨ ਰੇਟੀਨਾ ਆਪਣੇ ਸਹਾਇਕ ਟਿਸ਼ੂਆਂ ਤੋਂ ਅਲੱਗ ਹੋ ਸਕਦਾ ਹੈ, ਜਿਸ ਲਈ ਸਰਜਰੀ ਦੀ ਲੋੜ ਪੈਂਦੀ ਹੈ।

ਮੋਤੀਆਬਿੰਦ ਅਤੇ ਗਲੂਕੋਮਾ
- ਆਮ ਤੌਰ 'ਤੇ 60 ਸਾਲ ਤੋਂ ਬਾਅਦ ਹੋਣ ਵਾਲਾ ਮੋਤੀਆਬਿੰਦ ਡਾਇਬੀਟੀਜ਼ ਦੇ ਮਰੀਜ਼ਾਂ ਨੂੰ ਘੱਟ ਉਮਰ 'ਚ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ, ਗਲੂਕੋਮਾ ਕਾਰਨ ਅੱਖਾਂ ਦੀ ਨਸ ਨੂੰ ਨੁਕਸਾਨ ਪਹੁੰਚ ਸਕਦਾ ਹੈ।

ਇਨ੍ਹਾਂ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼

ਜੇਕਰ ਤੁਹਾਨੂੰ ਨਜ਼ਰ ਦਾ ਧੁੰਦਲਾ ਹੋਣਾ, ਕਦੇ ਸਾਫ਼ ਤੇ ਕਦੇ ਧੁੰਦਲਾ ਦਿਖਾਈ ਦੇਣਾ, ਦੋਹਰੀ ਨਜ਼ਰ ਜਾਂ ਅੱਖਾਂ ਦੇ ਸਾਹਮਣੇ ਧੱਬੇ ਅਤੇ ਰੌਸ਼ਨੀ ਦੀ ਚਮਕ ਦਿਖਾਈ ਦਿੰਦੀ ਹੈ, ਤਾਂ ਇਹ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ।

ਇੰਝ ਕਰੋ ਬਚਾਅ :- 

ਮਾਹਿਰਾਂ ਅਨੁਸਾਰ, ਤੁਸੀਂ ਆਪਣੇ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਕੋਲੇਸਟ੍ਰੋਲ ਨੂੰ ਕੰਟਰੋਲ ਕਰਕੇ ਅੱਖਾਂ ਦੀਆਂ ਬੀਮਾਰੀਆਂ ਦੇ ਖਤਰੇ ਨੂੰ ਘਟਾ ਸਕਦੇ ਹੋ। 

ਨਿਯਮਤ ਜਾਂਚ
- 40 ਸਾਲ ਦੀ ਉਮਰ ਤੱਕ ਅੱਖਾਂ ਦੀ ਸ਼ੁਰੂਆਤੀ ਜਾਂਚ ਜ਼ਰੂਰ ਕਰਵਾਓ ਅਤੇ ਕਿਸੇ ਮਾਹਿਰ ਕੋਲੋਂ ਅੱਖਾਂ ਦੀ ਪੂਰੀ ਜਾਂਚ ਕਰਵਾਉਂਦੇ ਰਹੋ।

20-20-20 ਨਿਯਮ
 - ਸਕ੍ਰੀਨ ਦੀ ਵਰਤੋਂ ਕਰਦੇ ਸਮੇਂ ਹਰ 20 ਮਿੰਟ ਬਾਅਦ 20 ਫੁੱਟ ਦੂਰ ਕਿਸੇ ਚੀਜ਼ ਨੂੰ 20 ਸੈਕਿੰਡ ਤੱਕ ਦੇਖੋ।

ਸੁਰੱਖਿਆ
- ਘਰ ਦੀ ਸਫਾਈ, ਬਾਗਬਾਨੀ ਜਾਂ ਖੇਡਾਂ ਦੌਰਾਨ ਅੱਖਾਂ ਦੀ ਸੁਰੱਖਿਆ ਲਈ ਚਸ਼ਮੇ ਦੀ ਵਰਤੋਂ ਕਰੋ।


author

Sunaina

Content Editor

Related News