Health Tips: ਸਾਹ ਲੈਣ ''ਚ ਹੁੰਦੀ ਹੈ ਤਕਲੀਫ਼ ਤਾਂ ਹੋ ਜਾਓ ਸਾਵਧਾਨ, ਅਸਥਮਾ ਸਣੇ ਹੋ ਸਕਦੀਆਂ ਨੇ ਇਹ ਬੀਮਾਰੀਆਂ
Saturday, Feb 03, 2024 - 05:35 PM (IST)
ਜਲੰਧਰ (ਬਿਊਰੋ) - ਕੁਝ ਲੋਕਾਂ ਨੂੰ ਸੌਂਦੇ ਸਮੇਂ ਸਾਹ ਲੈਣ ਵਿਚ ਬਹੁਤ ਜ਼ਿਆਦਾ ਬੇਚੈਨੀ ਮਹਿਸੂਸ ਹੁੰਦੀ ਹੈ। ਉਨ੍ਹਾਂ ਨੂੰ ਰਾਤ ਦੇ ਸਮੇਂ ਸਾਹ ਲੈਣ ਵਿੱਚ ਤਕਲੀਫ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਇਸ ਤਰ੍ਹਾਂ ਦੀ ਗੰਭੀਰ ਸਮੱਸਿਆ ਹੈ, ਜੋ ਕਈ ਰੋਗਾਂ ਦਾ ਸੰਕੇਤ ਹੋ ਸਕਦਾ ਹੈ। ਇਸ ਲਈ ਕਿਸੇ ਵੀ ਇਨਸਾਨ ਨੂੰ ਰਾਤ ਨੂੰ ਸੌਂਦੇ ਸਮੇਂ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ, ਤਾਂ ਉਸ ਨੂੰ ਤੁਰੰਤ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ। ਵੈਸੇ ਤਾਂ ਜ਼ਿਆਦਾਤਰ ਇਹ ਦਿਲ ਅਤੇ ਫੇਫੜਿਆਂ ਦੀ ਕੋਈ ਸਮੱਸਿਆ ਹੁੰਦੀ ਹੈ, ਇਸ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਅੱਜ ਅਸੀਂ ਤੁਹਾਨੂੰ ਦੱਸਾਂਗੇ, ਉਹ ਰੋਗ ਜਿਨ੍ਹਾਂ ਵਿੱਚ ਰਾਤ ਨੂੰ ਸੌਂਦੇ ਸਮੇਂ ਬੇਚੈਨੀ ਤੇ ਸਾਹ ਲੈਣ ਵਿੱਚ ਤਕਲੀਫ਼ ਹੁੰਦੀ ਹੈ ।
ਕਿਸ ਸਮੇਂ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ
ਜੇ ਤੁਹਾਨੂੰ ਪਹਿਲਾਂ ਕਦੇ ਵੀ ਇਸ ਤਰ੍ਹਾਂ ਦੀ ਸਮੱਸਿਆ ਨਹੀਂ ਹੋਈ ਅਤੇ ਨਾ ਹੀ ਕੋਈ ਰੋਗ ਹੈ, ਜਿਸ ਕਾਰਨ ਤੁਹਾਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਹੋਵੇ। ਪਹਿਲੀ ਵਾਰ ਇਸ ਤਰ੍ਹਾਂ ਦੇ ਲੱਛਣ ਦਿਖਾਈ ਦੇ ਰਹੇ ਹੋਣ, ਤਾਂ ਤੁਰੰਤ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ। ਰਾਤ ਨੂੰ ਸੌਂਦੇ ਸਮੇਂ ਥੋੜ੍ਹੇ ਸਮੇਂ ਬਾਅਦ ਸਾਹ ਲੈਣ ਵਿੱਚ ਤਕਲੀਫ਼ ਦੀ ਸਮੱਸਿਆ ਅਚਾਨਕ ਸ਼ੁਰੂ ਹੁੰਦੀ ਹੈ ਤਾਂ ਜ਼ਰੂਰ ਟਰੈਕਟਰ ਨੂੰ ਦਿਖਾਓ ।
ਸਾਹ ਲੈਣ ਵਿੱਚ ਤਕਲੀਫ਼ ਹੋਣ 'ਤੇ ਹੋ ਸਕਦੀਆਂ ਨੇ ਇਹ ਬੀਮਾਰੀਆਂ
ਅਸਥਮਾ
ਅਸਥਮਾ ਇੱਕ ਇਸ ਤਰ੍ਹਾਂ ਦਾ ਰੋਗ ਹੈ, ਜਿਸ ਨਾਲ ਫੇਫੜਿਆਂ ਨੂੰ ਸੋਜ ਆ ਜਾਂਦੀ ਹੈ। ਇਸ ਨਾਲ ਸਾਹ ਲੈਣ ਵਿੱਚ ਤਕਲੀਫ਼ ਹੋ ਸਕਦੀ ਹੈ। ਜੇ ਤੁਹਾਨੂੰ ਵੀ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ, ਤਾਂ ਤੁਹਾਨੂੰ ਅਸਥਮੇ ਦੀ ਸਮੱਸਿਆ ਹੋ ਸਕਦੀ ਹੈ।
ਖ਼ੂਨ ਗਾੜਾ ਹੋਣਾ
ਜਦੋਂ ਸਾਡੇ ਸਰੀਰ ਵਿਚ ਖ਼ੂਨ ਗਾੜਾ ਹੋ ਜਾਂਦਾ ਹੈ ਤਾਂ ਉਸ ਸਮੇਂ ਸਾਨੂੰ ਸਾਹ ਲੈਣ ਵਿਚ ਬਹੁਤ ਤਕਲੀਫ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਖੂਨ ਗਾੜਾ ਹੋਣ ਕਾਰਨ ਫੇਫੜਿਆਂ ਤੱਕ ਖ਼ੂਨ ਦੇ ਵਹਾਅ ਵਿਚ ਰੁਕਾਵਟ ਆਉਣ ਲੱਗਦੀ ਹੈ। ਇਸ ਨਾਲ ਅਚਾਨਕ ਛਾਤੀ ਵਿਚ ਦਰਦ, ਦਿਲ ਦੀ ਧੜਕਣ ਤੇਜ਼ ਹੋਣ ਲੱਗਦੀ ਹੈ। ਨਾਲ ਹੀ ਸਾਹ ਲੈਣ ਵਿਚ ਤਕਲੀਫ਼ ਹੋਣ ਦੀਆਂ ਸ਼ਿਕਾਇਤ ਹੋਣ ਲੱਗਦੀਆਂ ਹਨ।
ਤਣਾਅ ਦੀ ਸਮੱਸਿਆ
ਕਈ ਵਾਰ ਤਣਾਅ ਦੇ ਕਾਰਨ ਇਨਸਾਨ ਨੂੰ ਨੀਂਦ ਨਹੀਂ ਆਉਂਦੀ ਅਤੇ ਸਾਹ ਲੈਣ ਵਿੱਚ ਤਕਲੀਫ਼ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਸਾਹ ਲੈਣ ਵਿੱਚ ਤਕਲੀਫ਼ ਅਤੇ ਬੇਚੈਨੀ ਹੋਣਾ ਤਣਾਅ ਦਾ ਕਾਰਨ ਹੋ ਸਕਦਾ ਹੈ ।
ਨਿਮੋਨੀਆ
ਇਹ ਇੱਕ ਵਾਇਰਲ ਬੀਮਾਰੀ ਹੈ। ਇਸ ਵਿੱਚ ਬੁਖ਼ਾਰ ਜਿਹੇ ਲੱਛਣਾਂ ਦੇ ਨਾਲ-ਨਾਲ ਸੀਨੇ ਵਿੱਚ ਦਰਦ, ਖੰਘ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋ ਸਕਦੀ ਹੈ। ਜੇ ਤੁਹਾਨੂੰ ਸਾਹ ਲੈਣ ਦੀ ਤਕਲੀਫ਼ ਦੇ ਨਾਲ-ਨਾਲ ਬੁਖਾਰ ਹੋ ਰਿਹਾ ਹੈ, ਤਾਂ ਇਸ ਦਾ ਕਾਰਨ ਕੋਈ ਵਾਇਰਲ ਬੀਮਾਰੀ ਹੋ ਸਕਦੀ ਹੈ ।
ਦਿਲ ਦੀ ਸਮੱਸਿਆ
ਜਦੋਂ ਕਿਸੇ ਇਨਸਾਨ ਦਾ ਦਿਲ ਚੰਗੀ ਤਰ੍ਹਾਂ ਖੂਨ ਨੂੰ ਪੰਪ ਨਹੀਂ ਕਰ ਪਾਉਂਦਾ, ਤਾਂ ਉਸ ਸਮੇਂ ਸਾਹ ਲੈਣ ਵਿੱਚ ਤਕਲੀਫ਼ ਹੋ ਸਕਦੀ ਹੈ। ਇਸ ਲਈ ਸਾਹ ਲੈਣ ਵਿੱਚ ਤਕਲੀਫ਼ ਹੋਣਾ ਦਿਲ ਦੀ ਬੀਮਾਰੀ ਹੋ ਸਕਦੀ ਹੈ।
ਪਲਮੋਨਰੀ ਅੰਬੋਲੀਜਮ
ਇਹ ਇੱਕ ਫੇਫੜਿਆਂ ਦੀ ਗੰਭੀਰ ਬੀਮਾਰੀ ਹੁੰਦੀ ਹੈ, ਜਿਸ ਵਿੱਚ ਫੇਫੜਿਆਂ ਵਿੱਚ ਖੂਨ ਦਾ ਥੱਕਾ ਜੰਮ ਜਾਂਦਾ ਹੈ। ਇਸ ਨਾਲ ਸੀਨੇ ਵਿੱਚ ਦਰਦ, ਖੰਘ ਅਤੇ ਸੋਜ ਦੀ ਸਮੱਸਿਆ ਦੇ ਨਾਲ-ਨਾਲ ਸਾਹ ਲੈਣ ਵਿੱਚ ਤਕਲੀਫ਼ ਹੁੰਦੀ ਹੈ।
ਸਾਹ ਨਲੀ ’ਚ ਸੋਜ
ਇਹ ਇੱਕ ਸਾਹ ਦੀ ਨਲੀ ਦੀ ਸਮੱਸਿਆ ਹੁੰਦੀ ਹੈ। ਇਸ ਬੀਮਾਰੀ ਵਿੱਚ ਸਾਹ ਨਲੀ ’ਚ ਸੋਜ ਆ ਜਾਂਦੀ ਹੈ, ਜਿਸ ਕਾਰਨ ਸਾਹ ਠੀਕ ਤਰ੍ਹਾਂ ਨਹੀਂ ਆਉਂਦਾ। ਜੇ ਤੁਹਾਨੂੰ ਵੀ ਰਾਤ ਨੂੰ ਸੌਂਦੇ ਸਮੇਂ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ, ਤਾਂ ਇਹ ਇੱਕ ਸਾਹ ਦੀ ਨਲੀ ਦੀ ਸਮੱਸਿਆ ਵੀ ਹੋ ਸਕਦੀ ਹੈ ।
ਅਲਰਜੀ
ਕਈ ਵਾਰ ਕੁਝ ਤਰ੍ਹਾਂ ਦੀਆਂ ਅਲਰਜ਼ੀਆਂ ਕਾਰਨ ਸਾਹ ਲੈਣ ਵਿੱਚ ਤਕਲੀਫ਼ ਹੋ ਸਕਦੀ ਹੈ। ਜੇ ਤੁਸੀਂ ਪ੍ਰਦੂਸ਼ਣ ਵਾਲੇ ਇਲਾਕੇ ਵਿੱਚ ਰਹਿੰਦੇ ਹੋ ਜਾਂ ਫਿਰ ਕੋਈ ਅਲਰਜੀ ਦੀ ਸਮੱਸਿਆ ਜਲਦੀ ਹੁੰਦੀ ਹੈ, ਤਾਂ ਇਸ ਨਾਲ ਸਾਹ ਲੈਣ ਵਿੱਚ ਤਕਲੀਫ਼ ਹੋ ਸਕਦੀ ਹੈ।
ਸਲੀਪ ਐਪਨੀਆ
ਇਹ ਇੱਕ ਨੀਂਦ ਦੀ ਬੀਮਾਰੀ ਹੁੰਦੀ ਹੈ। ਇਸ ਨਾਸ ਸੌਂਦੇ ਸਮੇਂ ਇਨਸਾਨ ਦੀ ਸਾਹ ਦੀ ਨਾਲੀ ਸੁੰਗੜ ਜਾਂਦੀ ਹੈ ਅਤੇ ਸਰੀਰ ਨੂੰ ਪੂਰੀ ਮਾਤਰਾ ਵਿੱਚ ਆਕਸੀਜਨ ਨਹੀਂ ਪਹੁੰਚ ਪਾਉਂਦੀ। ਜੇ ਤੁਹਾਨੂੰ ਅਚਾਨਕ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ, ਤਾਂ ਇਹ ਇਸ ਬੀਮਾਰੀ ਦਾ ਸੰਕੇਤ ਹੋ ਸਕਦਾ ਹੈ।