52 ਦਿਨ ਬਾਅਦ 20 ਕਿੱਲੋ ਘਟ ਗਿਆ ਡੱਲੇਵਾਲ ਦਾ ਭਾਰ, ਬਾਰਡਰ ''ਤੇ ਬੈਠੇ ਕਿਸਾਨ ਨੂੰ ਪੈ ਗਿਆ ''ਦੌਰਾ''
Thursday, Jan 16, 2025 - 08:05 PM (IST)
ਪਟਿਆਲਾ/ਸਨੌਰ (ਮਨਦੀਪ ਜੋਸਨ)- ਖਨੌਰੀ ਬਾਰਡਰ ’ਤੇ ਕਿਸਾਨਾਂ ਦੀਆਂ ਮੰਗਾਂ ਲਈ ਮਰਨ ਵਰਤ ’ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 52ਵੇਂ ਦਿਨ ਵਿਚ ਪਹੁੰਚ ਗਿਆ ਹੈ। ਹੁਣ ਤੱਕ ਉਨ੍ਹਾਂ ਦਾ ਭਾਰ 20 ਕਿਲੋ ਤੱਕ ਘਟ ਗਿਆ ਹੈ, ਜਿਸ ਨਾਲ ਹਾਲਾਤ ਬੇਕਾਬੂ ਹੋਏ ਜਾਪਦੇ ਹਨ। 26 ਨਵੰਬਰ ਨੂੰ ਮਰਨ ਵਰਤ ਉੱਪਰ ਬੈਠਣ ਸਮੇਂ ਡੱਲੇਵਾਲ ਦਾ ਵਜ਼ਨ 86 ਕਿਲੋ 950 ਗ੍ਰਾਮ ਸੀ, ਜੋ ਕਿ 20 ਕਿਲੋ ਘੱਟ ਕੇ ਹੁਣ 66 ਕਿਲੋ 400 ਗ੍ਰਾਮ ਰਹਿ ਗਿਆ ਹੈ। ਦੂਸਰੇ ਪਾਸੇ ਸਰਵਣ ਸਿੰਘ ਪੰਧੇਰ ਨੇ ਐਲਾਨ ਕੀਤਾ ਹੈ ਕਿ 21 ਜਨਵਰੀ ਨੂੰ 101 ਕਿਸਾਨਾਂ ਦਾ ਜਥਾ ਮੁੜ ਦਿੱਲੀ ਪੈਦਲ ਕੂਚ ਕਰੇਗਾ।
ਖਨੌਰੀ ਬਾਰਡਰ ਵਿਖੇ ਕਿਸਾਨ ਨੇਤਾ ਡੱਲੇਵਾਲ ਦੀ ਹਮਾਇਤ ’ਚ ਮੰਗਾਂ ਮਨਵਾਉਣ ਲਈ ਖਨੌਰੀ ਬਾਰਡਰ ਵਿਖੇ ਹਰਿਆਣਾ ਵਾਲੇ ਪਾਸੇ ਬੈਠੇ 111 ਕਿਸਾਨਾਂ ਦਾ ਮਰਨ ਵਰਤ ਦੂਸਰੇ ਦਿਨ ’ਚ ਪਹੁੰਚ ਗਿਆ ਹੈ। ਅੱਜ ਇਕ ਕਿਸਾਨ ਪ੍ਰਿਤਪਾਲ ਸਿੰਘ ਦੀ ਹਾਲਤ ਇਕਦਮ ਵਿਗੜ ਗਈ, ਜਿਸ ਨੂੰ ਮਿਰਗੀ ਦਾ ਦੌਰਾ ਪੈ ਗਿਆ, ਜਿਸ ਕਾਰਨ ਅਧਿਕਾਰੀਆਂ ਨੂੰ ਚਿੰਤਾ ਬਣੀ ਰਹੀ। ਡਾਕਟਰ ਸਵੈਮਾਨ ਸਿੰਘ ਦੀ ਟੀਮ ਨੇ ਇਸ ਕਿਸਾਨ ਨੂੰ ਸਹਾਇਤਾ ਦੇ ਕੇ ਠੀਕ ਕੀਤਾ। ਉੱਧਰੋਂ ਕਿਸਾਨਾਂ ਨੇ ਐਲਾਨ ਕੀਤਾ ਕਿ ਉਹ ਖਨੌਰੀ ਬਾਰਡਰ ’ਤੇ ਪੁਲਸ ਦੇ ਬੈਰੀਕੇਡਾਂ ਦੇ ਬਿਲਕੁਲ ਸਾਹਮਣੇ ਮਰਨ ਵਰਤ ਜਾਰੀ ਰੱਖਣਗੇ।
ਇਹ ਵੀ ਪੜ੍ਹੋ- CBSE ਦੀ ਨਿਵੇਕਲੀ ਪਹਿਲਕਦਮੀ ; ਵਿਦਿਆਰਥੀ ਹੁਣ ਬੋਰਡ ਕਲਾਸਾਂ 'ਚੋਂ ਨਹੀਂ ਹੋਣਗੇ Fail !
ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਅਤੇ ਬਲਵੰਤ ਸਿੰਘ ਬਹਿਰਾਮਕੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਜਿਵੇਂ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ 6, 8 ਅਤੇ 14 ਦਸੰਬਰ ਨੂੰ 3 ਜਥੇ ਪੈਦਲ ਅਤੇ ਸ਼ਾਂਤਮਈ ਤਰੀਕੇ ਦੇ ਨਾਲ ਅੱਗੇ ਵਧੇ ਸਨ। ਇਸੇ ਤਰੀਕੇ ਦੇ ਨਾਲ ਦੋਨਾਂ ਫੋਰਮਾਂ ਦੇ ਫੈਸਲੇ ਅਨੁਸਾਰ 21 ਜਨਵਰੀ ਨੂੰ 101 ਕਿਸਾਨਾਂ ਜਥਾ ਦਿੱਲੀ ਵੱਲ ਨੂੰ ਕੂਚ ਕਰੇਗਾ, ਜਿਸ ਦੀ ਅਗਵਾਈ ਮਨਜੀਤ ਸਿੰਘ ਰਾਏ ਸੂਬਾ ਪ੍ਰਧਾਨ ਬੀ.ਕੇ.ਯੂ. ਦੋਆਬਾ ਅਤੇ ਬਲਵੰਤ ਸਿੰਘ ਬਹਿਰਾਮਕੇ ਸੂਬਾ ਪ੍ਰਧਾਨ ਬੀ.ਕੇ.ਯੂ. ਕਰਨਗੇ।
ਉਨ੍ਹਾਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਅੱਜ ਲਗਾਤਾਰ 52 ਦਿਨ ਤੋਂ ਮਰਨ ਵਰਤ ’ਤੇ ਬੈਠੇ ਹੋਏ ਹਨ ਅਤੇ ਬੀਤੇ ਕੱਲ ਤੋਂ ਹੋਰ 111 ਕਿਸਾਨ ਮਰਨ ਵਰਤ ’ਤੇ ਬੈਠ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਾਡੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ। ਸਾਡੀਆਂ ਉਹੀ 12 ਮੰਗਾਂ ਨੇ ਜਿਹੜੀਆਂ ਮੰਗਾਂ 2020 ’ਚ ਸਰਕਾਰਾਂ ਨੇ ਲਿਖਤੀ ਰੂਪ ’ਚ ਮੰਨੀਆਂ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e