ਬੇਹੱਦ ਗਰਮੀ ’ਚ ਝੁਲਸ ਰਿਹਾ ਅੱਧਾ ਦੇਸ਼ ਬਚਾਅ ਦੇ ਉਪਾਅ ਕਰਨ ਦੀ ਲੋੜ
Wednesday, May 22, 2024 - 04:07 AM (IST)
ਜਿੱਥੇ ਦੇਸ਼ ਦੇ ਕੁਝ ਸੂਬਿਆਂ ’ਚ ਲੋਕ ਮੀਂਹ ਨਾਲ ਬੇਹਾਲ ਹਨ ਤਾਂ ਰਾਜਸਥਾਨ, ਪੰਜਾਬ, ਚੰਡੀਗੜ੍ਹ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼, ਉੱਤਰਾਖੰਡ, ਬਿਹਾਰ, ਪੱਛਮੀ ਬੰਗਾਲ, ਝਾਰਖੰਡ ਅਤੇ ਓਡਿਸ਼ਾ ਦੇ ਕੁਝ ਹਿੱਸਿਆਂ ’ਚ ਸੂਰਜ ਦੇ ਅੱਗ ਉਗਲਣ ਕਾਰਨ ਭਾਰੀ ਗਰਮੀ ਨਾਲ ਜਨ-ਜੀਵਨ ਅਸਥਿਰ ਹੈ।
ਰਾਜਧਾਨੀ ਦਿੱਲੀ ਦੇ ਜ਼ਿਆਦਾਤਰ ਇਲਾਕਿਆਂ ’ਚ ਤਾਪਮਾਨ 45 ਤੋਂ 47 ਡਿਗਰੀ ਤੱਕ ਪਹੁੰਚਿਆ ਹੋਇਆ ਹੈ। ਪੰਜਾਬ ’ਚ ਇਸ ਸਾਲ ਪਿਛਲੇ 10 ਸਾਲਾਂ ਦਾ ਗਰਮੀ ਦਾ ਰਿਕਾਰਡ ਟੁੱਟ ਗਿਆ ਹੈ। ਰਾਜਸਥਾਨ ਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਤਾਪਮਾਨ 45 ਡਿਗਰੀ ਪਾਰ ਕਰ ਚੁੱਕਾ ਹੈ।
ਹਰਿਆਣਾ ਦੇ ਸਿਰਸਾ ’ਚ ਲਗਾਤਾਰ ਚੌਥੇ ਦਿਨ ਤਾਪਮਾਨ 47 ਡਿਗਰੀ ਤੋਂ ਉੱਪਰ ਰਿਹਾ ਜਦ ਕਿ ਸੂਬੇ ਦੇ 14 ਜ਼ਿਲ੍ਹਿਆਂ ’ਚ ਤਾਪਮਾਨ 45 ਡਿਗਰੀ ਤੋਂ ਵੱਧ ਅਤੇ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਸ਼ਹਿਰਾਂ ’ਚ 39 ਡਿਗਰੀ ਤੋਂ 43.9 ਡਿਗਰੀ ਤੱਕ ਦਰਜ ਕੀਤਾ ਗਿਆ। ਹਿਮਾਚਲ ਦੇ 9 ਜ਼ਿਲ੍ਹਿਆਂ ’ਚ ਤਾਪਮਾਨ 35 ਡਿਗਰੀ ਤੋਂ ਵੱਧ ਦਰਜ ਕੀਤਾ ਗਿਆ।
ਜ਼ਿਆਦਾਤਰ ਸਥਾਨਾਂ ’ਤੇ ਗਰਮੀ 2 ਤੋਂ 3 ਡਿਗਰੀ ਹੋਰ ਵਧਣ ਅਤੇ ਹੀਟਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਅਜਿਹੇ ’ਚ ਗਰਮੀ ਤੋਂ ਬਚਾਅ ਲਈ ਹੇਠ ਲਿਖੀਆਂ ਸਾਵਧਾਨੀਆਂ ਵਰਤਣ ਦੀ ਲੋੜ ਹੈ :
* ਜੇ ਪਿਆਸ ਨਾ ਲੱਗੀ ਹੋਵੇ ਤਦ ਵੀ ਵੱਧ ਤੋਂ ਵੱਧ ਪਾਣੀ ਪੀਓ। ਹਲਕੇ ਰੰਗ ਦੇ ਪਸੀਨਾ ਸੋਖਣ ਵਾਲੇ ਸੂਤੀ ਕੱਪੜੇ ਪਹਿਨੋ ਅਤੇ ਘਰ ਤੋਂ ਬਾਹਰ ਨਿਕਲਦੇ ਸਮੇਂ ਧੁੱਪ ਦੀ ਐਨਕ ਲਾਓ।
* ਖੁੱਲ੍ਹੇ ’ਚ ਕੰਮ ਕਰਨ ਵਾਲੇ ਲੋਕ ਆਪਣੇ ਸਿਰ, ਚਿਹਰੇ, ਹੱਥ ਅਤੇ ਪੈਰਾਂ ਨੂੰ ਗਿੱਲੇ ਕੱਪੜੇ ਨਾਲ ਢੱਕ ਕੇ ਰੱਖੋ। ਤੇਜ਼ ਲੂ ਤੋਂ ਬਚਣ ਲਈ ਛੱਤਰੀ ਦੀ ਵਰਤੋਂ ਕਰੋ। ਲੂ ਤੋਂ ਪ੍ਰਭਾਵਿਤ ਵਿਅਕਤੀ ਨੂੰ ਛਾਂ ’ਚ ਲਿਟਾ ਕੇ ਉਸ ਦੇ ਸਰੀਰ ’ਤੇ ਸੂਤੀ ਗਿੱਲਾ ਕੱਪੜਾ ਫੇਰੋ। ਯਾਤਰਾ ’ਚ ਪੀਣ ਦਾ ਪਾਣੀ ਨਾਲ ਰੱਖੋ। ਕੱਚਾ ਪਿਆਜ਼ ਖਾਓ ਅਤੇ ਉੱਪਰ ਵਾਲੀ ਜੇਬ ’ਚ ਵੀ ਰੱਖੋ।
* ਹੀਟ ਸਟ੍ਰੋਕ, ਹੀਟ ਰੈਸ਼, ਹੀਟ ਕ੍ਰੈਂਪਸ (ਗਰਮੀ ਦਾ ਅਕੜੇਵਾਂ) ਜਿਵੇਂ ਕਿ ਕਮਜ਼ੋਰੀ, ਚੱਕਰ ਆਉਣੇ, ਸਿਰ ਦਰਦ, ਮਤਲੀ, ਪਸੀਨਾ ਆਉਣਾ, ਬੇਹੋਸ਼ੀ ਆਦਿ ਦੇ ਲੱਛਣਾਂ ਦੀ ਸਥਿਤੀ ਵਿਚ, ਤੁਰੰਤ ਡਾਕਟਰ ਦੀ ਸਲਾਹ ਲਓ।
* ਹੀਟ ਵੇਵ/ਲੂ ਤੋਂ ਬਚਾਅ ਲਈ ਬੱਚਿਆਂ ਨੂੰ ਕਦੇ ਵੀ ਬੰਦ/ਖੜ੍ਹੀਆਂ ਗੱਡੀਆਂ ’ਚ ਇਕੱਲੇ ਨਹੀਂ ਛੱਡਣਾ ਚਾਹੀਦਾ।
ਗਰਮੀ ਦੇ ਕਹਿਰ ਦੇ ਮੱਦੇਨਜ਼ਰ ਦਿੱਲੀ ਦੇ ਸਿੱਖਿਆ ਮੰਤਰਾਲਾ ਨੇ ਇਕ ਸਰਕੂਲਰ ਜਾਰੀ ਕਰ ਕੇ ਸਾਰੇ ਸਕੂਲਾਂ ਨੂੰ ਇਸ ਵਿੱਦਿਅਕ ਸੈਸ਼ਨ ਲਈ 11 ਮਈ ਤੋਂ 30 ਜੂਨ ਤੱਕ ਗਰਮ ਰੁੱਤ ਦੀਆਂ ਛੁੱਟੀਆਂ ਕਰਨ ਦਾ ਹੁਕਮ ਦਿੱਤਾ ਸੀ ਪਰ ਕੁਝ ਸਰਕਾਰੀ ਸਹਾਇਤਾ ਪ੍ਰਾਪਤ ਅਤੇ ਗੈਰ-ਸਹਾਇਤਾ ਪ੍ਰਾਪਤ ਨਿੱਜੀ ਸਕੂਲ ਭਿਆਨਕ ਗਰਮੀ ਦੌਰਾਨ ਵੀ ਖੁੱਲ੍ਹੇ ਦੇਖੇ ਜਾਣ ਕਾਰਨ ਸਾਰੇ ਸਹਾਇਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ ਦੇ ਮੁਖੀਆਂ ਨੂੰ ਤੱਤਕਾਲ ਪ੍ਰਭਾਵ ਨਾਲ ਸਕੂਲ ਬੰਦ ਕਰਨ ਦੀ ਸਲਾਹ ਦਿੱਤੀ ਗਈ ਹੈ।
ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਵੀ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ’ਚ 21 ਮਈ ਤੋਂ 30 ਜੂਨ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਹਿਮਾਚਲ ਪ੍ਰਦੇਸ਼ ’ਚ ਵੀ ਬੱਚਿਆਂ ਨੂੰ ਰਾਹਤ ਦੇਣ ਲਈ ਸਕੂਲਾਂ ਦੇ ਸਮੇਂ ’ਚ ਬਦਲਾਅ ਕਰ ਦਿੱਤਾ ਗਿਆ ਹੈ।
ਇਸ ਸਾਲ ਮਈ ਦਾ ਮਹੀਨਾ 2023 ਦੇ ਮਈ ਦੇ ਮਹੀਨੇ ਤੋਂ ਵੱਧ ਗਰਮ ਹੈ। ਗਲੋਬਲ ਵਾਰਮਿੰਗ, ਦੇਸ਼ ਦੇ ਕਈ ਹਿੱਸਿਆਂ ’ਚ ਜੰਗਲਾਂ ’ਚ ਲੱਗੀ ਹੋਈ ਅੱਗ ਅਤੇ ਕਿਸਾਨਾਂ ਵਲੋਂ ਖੇਤਾਂ ’ਚ ਨਾੜ ਸਾੜਨ ਨਾਲ ਵੀ ਵਾਤਾਵਰਣ ’ਚ ਪ੍ਰਦੂਸ਼ਣ ਅਤੇ ਗਰਮੀ ਵਧੀ ਹੈ।
ਦੇਸ਼ ’ਚ ਵੱਖ-ਵੱਖ ਪ੍ਰਾਜੈਕਟਾਂ ਲਈ ਅੰਨ੍ਹੇਵਾਹ ਰੁੱਖ ਕੱਟੇ ਜਾਣ ਦਾ ਵੀ ਇਸ ’ਚ ਵੱਡਾ ਯੋਗਦਾਨ ਹੈ। ਇਕ ਰਿਪੋਰਟ ਮੁਤਾਬਕ ਪਿਛਲੇ 4 ਸਾਲਾਂ ’ਚ 5 ਲੱਖ ਰੁੱਖ ਕੱਟ ਦਿੱਤੇ ਗਏ ਜਿਸ ਨਾਲ ਵਾਤਾਵਰਣ ਨੂੰ ਹਾਨੀ ਪੁੱਜੀ ਹੈ।
ਬੇਹੱਦ ਗਰਮੀ ਦੇ ਨਾਲ-ਨਾਲ ਦੇਸ਼ ’ਚ ਪਾਣੀ ਦੇ ਭੰਡਾਰਾਂ ਦੇ ਜਲ ਪੱਧਰ ’ਚ 35 ਫੀਸਦੀ ਤੱਕ ਦੀ ਗਿਰਾਵਟ ਆ ਚੁੱਕੀ ਹੈ, ਇਸ ਲਈ ਦੇਸ਼ ’ਚ ਘੱਟ ਤੋਂ ਘੱਟ 16 ਸੂਬਿਆਂ ’ਚ ਪਾਣੀ ਦੀ ਘਾਟ ਦਾ ਸੰਕਟ ਪੈਦਾ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਇਸ ਲਈ ਜਿੱਥੇ ਪ੍ਰਸ਼ਾਸਨ ਵਲੋਂ ਦੇਸ਼ ’ਚ ਪਾਣੀ ਬਚਾਉਣ ਦੀ ਪ੍ਰਣਾਲੀ ਨੂੰ ਲਾਗੂ ਕਰਨ ਦੀ ਲੋੜ ਹੈ, ਉੱਥੇ ਹੀ ਖੇਤੀ ਪ੍ਰਧਾਨ ਸੂਬਿਆਂ ਪੰਜਾਬ, ਉੱਤਰ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ ਆਦਿ ’ਚ ਵੱਧ ਪਾਣੀ ਦੀ ਖਪਤ ਵਾਲੀਆਂ ਫਸਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਦੀ ਨੀਤੀ ’ਚ ਬਦਲਾਅ ਕਰਦਿਆਂ ਘੱਟ ਪਾਣੀ ਦੀਆਂ ਲੋੜ ਵਾਲੀਆਂ ਫਸਲਾਂ ਦੀ ਖੇਤੀ ਨੂੰ ਬੜ੍ਹਾਵਾ ਦੇਣ ਦੀ ਲੋੜ ਹੈ।
ਦੁਬਈ ਅਤੇ ਸਿੰਗਾਪੁਰ ਵਾਂਗ ‘ਡ੍ਰਿਪ ਇਰੀਗੇਸ਼ਨ’ ਨੂੰ ਅਪਣਾਉਣ ਅਤੇ ਜਨਤਕ ਸਥਾਨਾਂ ’ਤੇ ਵੱਧ ਤੋਂ ਵੱਧ ਰੁੱਖ ਲਾਉਣ ਦੀ ਵੀ ਲੋੜ ਹੈ। ਇਸ ਨਾਲ ਏਅਰਕੰਡੀਸ਼ਨਰਾਂ ’ਤੇ ਵੀ ਦਬਾਅ ਕੁਝ ਹੱਦ ਤੱਕ ਘੱਟ ਹੋਵੇਗਾ ਅਤੇ ਵਾਤਾਵਰਣ ’ਚ ਗਰਮ ਹਵਾ ਫੈਲਣ ’ਚ ਕੁਝ ਕਮੀ ਆ ਸਕਦੀ ਹੈ।
-ਵਿਜੇ ਕੁਮਾਰ