ਗ੍ਰੀਨ ਕੌਫੀ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

09/22/2017 12:55:05 PM

ਨਵੀਂ ਦਿੱਲੀ— ਬਦਲਦੇ ਲਾਈਫ ਸਟਾਈਲ ਕਾਰਨ ਸਿਹਤ ਸਬੰਧੀ ਬਹੁਤ ਸਾਰੀਆਂ ਸਮੱਸਿਆਵਾਂ ਤੇਜ਼ੀ ਨਾਲ ਵਧ ਰਹੀਆਂ ਹਨ, ਜਿਸ ਕਾਰਨ ਲੋਕ ਹੁਣ ਸਿਹਤ ਨੂੰ ਲੈ ਕੇ ਜਾਗਰੂਕਤਾ ਦਿਖਾ ਰਹੇ ਹਨ ਅਤੇ ਆਪਣੇ ਖਾਣ-ਪੀਣ 'ਤੇ ਪੂਰਾ ਧਿਆਨ ਦੇਣ ਲੱਗੇ ਹਨ। ਖਾਸ ਤੌਰ 'ਤੇ ਲੋਕ ਵੱਖਰੀ ਤਰ੍ਹਾਂ ਦੇ ਪੀਣਯੋਗ ਪਦਾਰਥਾਂ ਦਾ ਸੇਵਨ ਕਰ ਰਹੇ ਹਨ, ਜੋ ਬਾਡੀ ਨੂੰ ਡਿਟਾਕਸ ਕਰਨ ਦਾ ਕੰਮ ਕਰਦਾ ਹੈ, ਜਿਸ 'ਚ ਗ੍ਰੀਨ ਟੀ ਸਭ ਤੋਂ ਵੱਧ ਪਸੰਦ ਕੀਤੀ ਜਾ ਰਹੀ ਹੈ ਪਰ ਸਿਰਫ ਗ੍ਰੀਨ ਟੀ ਹੀ ਨਹੀਂ ਸਗੋਂ ਪੁਦੀਨਾ ਚਾਹ, ਨਿੰਬੂ ਚਾਹ, ਕੈਮੋਮਾਈਲ ਟੀ ਆਦਿ ਵੀ ਸਿਹਤ ਲਈ ਕਾਫੀ ਫਾਇਦੇਮੰਦ ਹੁੰਦੀ ਹੈ। ਇਸ ਤੋਂ ਇਲਾਵਾ ਅੱਜਕਲ ਗ੍ਰੀਨ ਕੌਫੀ ਵੀ ਕਾਫੀ ਹਰਮਨ ਪਿਆਰੀ ਹੋ ਰਹੀ ਹੈ। ਬਲੈਕ ਟੀ ਅਤੇ ਕੌਫੀ ਦੀ ਤਰ੍ਹਾਂ ਇਹ ਵੀ ਸਿਹਤ ਲਈ ਕਾਫੀ ਲਾਭਦਾਇਕ ਹੈ।
ਕੀ ਹੈ ਗ੍ਰੀਨ ਕੌਫੀ?
ਗ੍ਰੀਨ ਕੌਫੀ ਵੀ ਉਨ੍ਹਾਂ ਕੌਫੀ ਬੀਨਸ ਦੀ ਹੁੰਦੀ ਹੈ ਜੋ ਕੌਫੀ ਤੁਸੀਂ ਆਮ ਤੌਰ 'ਤੇ ਪੀਣ ਲਈ ਵਰਤਦੇ ਹੋ। ਬਸ ਫਰਕ ਇੰਨਾ ਹੈ ਕਿ ਜੋ ਕੌਫੀ ਅਸੀਂ ਪੀਂਦੇ ਹਾਂ ਉਸ ਦੇ ਬੀਨਸ ਇਕ ਨਿਸ਼ਚਿਤ ਤਾਪਮਾਨ 'ਤੇ ਭੁੰਨੇ ਹੁੰਦੇ ਹਨ, ਜਿਸ ਨਾਲ ਉਹ ਭੂਰੇ ਅਤੇ ਚਾਕਲੇਟੀ ਰੰਗ ਦੇ ਹੋ ਜਾਂਦੇ ਹਨ। ਉਥੇ ਹੀ ਗ੍ਰੀਨ ਕੌਫੀ ਰੋਸਟਿਡ ਨਹੀਂ ਹੁੰਦੀ ਜਿਸ ਕਾਰਨ ਇਸ 'ਚ ਗੁਣਵੱਤਾ ਕਾਫੀ ਵੱਧ ਹੁੰਦੀ ਹੈ।
ਕੌਫੀ 'ਚ ਮੌਜੂਦ ਕਲੋਰੋਜੇਨਿਕ ਐਸਿਡ ਅਤੇ ਕੈਫੀਨ ਦੀ ਵੱਧ ਮਾਤਰਾ ਕਾਰਨ ਹੀ ਇਹ ਸਿਹਤ ਨੂੰ ਲਾਭ ਪਹੁੰਚਾਉਂਦੀ ਹੈ ਜੋ ਮੋਟਾਪੇ, ਕੈਂਸਰ, ਡਾਇਬਟੀਜ਼, ਹਾਈ ਬੀ. ਪੀ. ਅਲਜਾਈਮਰ ਅਤੇ ਬੈਕਟੀਰੀਅਲ ਇਨਫੈਕਸ਼ਨ ਨਾਲ ਲੜਨ 'ਚ ਮਦਦਗਾਰ ਹੈ।
ਗ੍ਰੀਨ ਕੌਫੀ ਕਿਵੇਂ ਬਣਾਈਏ?
ਗ੍ਰੀਨ ਕੌਫੀ ਬੀਨਸ ਨੂੰ ਪਾਣੀ 'ਚ ਸਾਰੀ ਰਾਤ ਡੁਬੋ ਕੇ ਰੱਖ ਦਿਓ ਅਤੇ ਸਵੇਰੇ ਪਾਣੀ ਨੂੰ ਛਾਣ ਕੇ 15 ਮਿੰਟ ਹੌਲੀ ਸੇਕ 'ਤੇ ਰੱਖੋ, ਫਿਰ ਕੋਸਾ ਹੋਣ 'ਤੇ ਇਸ ਦੀ ਵਰਤੋਂ ਕਰੋ। ਜੇਕਰ ਤੁਸੀਂ ਕੌਫੀ ਪਾਊਡਰ ਦੇ ਰੂਪ 'ਚ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਗ੍ਰੀਨ ਕੌਫੀ ਬੀਨਸ ਨੂੰ ਧੁੱਪ 'ਚ ਹਲਕਾ ਸੁਕਾ ਕੇ ਇਸ ਨੂੰ ਮਿਕਸੀ 'ਚ ਪੀਸ ਲਓ, ਫਿਰ ਇਸ ਪਾਊਡਰ ਨੂੰ ਪਾਣੀ 'ਚ ਘੋਲ ਕੇ ਨਾਰਮਲ ਕੌਫੀ ਦੀ ਤਰ੍ਹਾਂ ਬਣਾ ਕੇ ਇਸ ਦੀ ਵਰਤੋਂ ਕਰੋ।
1. ਐਂਟੀ-ਏਜਿੰਗ
ਇਸ 'ਚ ਪਾਏ ਜਾਣ ਵਾਲੇ ਲਾਜਵਾਬ ਗੁਣ ਤੁਹਾਡੀ ਸਕਿਨ ਨੂੰ ਲੰਬੇ ਸਮੇਂ ਤੱਕ ਜਵਾਨ ਦਿਖਾਉਂਦੇ ਹਨ। ਜੇਕਰ ਤੁਸੀਂ ਰੋਜ਼ਾਨਾ ਨਿਰੰਤਰ ਇਸ ਦੀ ਵਰਤੋਂ ਕਰਦੇ ਹੋ ਤਾਂ ਚਿਹਰੇ 'ਤੇ ਝੁਰੜੀਆਂ ਨਹੀਂ ਪੈਂਦੀਆਂ। ਇਸ ਤੋਂ ਇਲਾਵਾ ਛਾਈਆਂ, ਪਤਲੀਆਂ ਰੇਖਾਵਾਂ, ਡਾਰਕ ਸਰਕਲਸ ਆਦਿ ਜਲਦੀ ਹੀ ਦੂਰ ਹੋਣ ਲੱਗਦੇ ਹਨ।
2. ਬਲੱਡ ਸ਼ੂਗਰ ਕੰਟਰੋਲ
ਡਾਇਬਟੀਜ਼ ਦੇ ਮਰੀਜ਼ਾਂ ਲਈ ਗ੍ਰੀਨ ਕੌਫੀ ਬਹੁਤ ਹੀ ਫਾਇਦੇਮੰਦ ਹੈ। ਇਸ ਦੀ ਨਿਰੰਤਰ ਵਰਤੋਂ ਕਰਨ ਨਾਲ ਸਰੀਰ 'ਚ ਬਲੱਡ ਸ਼ੂਗਰ ਲੈਵਲ ਆਮ ਬਣਿਆ ਰਹਿੰਦਾ ਹੈ। ਭੋਜਨ ਤੋਂ ਪਹਿਲਾਂ ਇਸ ਦੀ ਵਰਤੋਂ ਕੀਤੀ ਜਾਵੇ ਤਾਂ ਬਿਹਤਰ ਹੈ, ਇਸ ਗ੍ਰੀਨ ਕੌਫੀ 'ਚ ਮੌਜੂਦ ਕਲੋਰੋਜੇਨਿਕ ਐਸਿਡ ਸਰਗਰਮ ਹੋ ਕੇ ਖੂਨ 'ਚ ਗੁਲੂਕੋਜ਼ ਦਾ ਪੱਧਰ ਕੰਟਰੋਲ 'ਚ ਰੱਖਦਾ ਹੈ।
3. ਦਿਲ ਲਈ ਫਾਇਦੇਮੰਦ
ਇਸ 'ਚ ਪਾਏ ਜਾਣ ਵਾਲੇ ਕਲੋਰੋਜੇਨਿਕ ਵਰਗੇ ਸਹਿਯੋਗੀ ਤੱਤ ਦਿਲ ਨੂੰ ਵੀ ਫਾਇਦਾ ਪਹੁੰਚਾਉਂਦੇ ਹਨ ਅਤੇ ਐਂਟੀਆਕਸੀਡੈਂਟਸ ਗੁਣ ਖੂਨ ਦੀਆਂ ਨਾੜੀਆਂ 'ਚ ਮਦਦ ਕਰਦੇ ਹਨ ਜਿਸ ਨਾਲ ਕੁਦਰਤੀ ਤਰੀਕੇ ਨਾਲ ਬਲੱਡ ਪ੍ਰੈਸ਼ਰ ਘੱਟ ਹੁੰਦਾ ਹੈ। ਬਲੱਡ ਪ੍ਰੈਸ਼ਰ ਘੱਟ ਹੋਣ ਨਾਲ ਦਿਲ ਦੀ ਸਿਹਤ 'ਤੇ ਸਾਕਾਰਾਤਮਕ ਪ੍ਰਭਾਵ ਪੈਂਦਾ ਹੈ, ਜਿਸ ਕਾਰਨ ਦਿਲ ਲੰਬੇ ਸਮੇਂ ਤੱਕ ਸਿਹਤਮੰਦ ਬਣਿਆ ਰਹਿੰਦਾ ਹੈ। ਇਸ ਦੇ ਨਾਲ-ਨਾਲ ਜੇਕਰ ਤੁਸੀਂ ਭੈੜੇ ਕੋਲੈਸਟ੍ਰਾਲ ਅਤੇ ਹਾਈ ਬਲੱਡ ਪ੍ਰੈਸ਼ਰ ਨੂੰ ਕਾਬੂ 'ਚ ਰੱਖਣਾ ਚਾਹੁੰਦੇ ਹੋ ਤਾਂ ਇਕ ਕੱਪ ਗ੍ਰੀਨ ਕੌਫੀ ਦੀ ਵਰਤੋਂ ਜ਼ਰੂਰ ਕਰੋ।
4. ਭਾਰ ਘਟਾਓ
ਗ੍ਰੀਨ ਕੌਫੀ 'ਚ ਮੌਜੂਦ ਸਹਿਯੋਗੀ ਤੱਤ ਵਧਦੇ ਭਾਰ ਨੂੰ ਕੰਟਰੋਲ 'ਚ ਰੱਖਦੇ ਹਨ। ਖੋਜ ਅਨੁਸਾਰ ਗ੍ਰੀਨ ਕੌਫੀ 'ਚ ਮੌਜੂਦ ਤੱਤ ਭੁੱਖ ਘੱਟ ਕਰ ਦਿੰਦੇ ਹਨ। ਭਾਰ ਘੱਟ ਕਰਨ ਲਈ ਖਾਣਾ ਖਾਣ ਤੋਂ 30 ਮਿੰਟ ਪਹਿਲਾਂ ਗ੍ਰੀਨ ਕੌਫੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਤੁਹਾਡੀ ਵਧਦੀ ਹੋਈ ਕੈਲੋਰੀ ਦੀ ਮਾਤਰਾ ਵੀ ਘੱਟ ਹੋਣ ਲੱਗਦੀ ਹੈ ਪਰ ਇਸ ਦੇ ਨਾਲ ਉਚਿਤ ਡਾਈਟ ਅਤੇ ਕਸਰਤ ਕਰਨਾ ਵੀ ਜ਼ਰੂਰੀ ਹੈ।
5. ਭਰਪੂਰ ਐਨਰਜੀ
ਰੋਸਟੇਡ ਕੌਫੀ ਦੀ ਤਰ੍ਹਾਂ ਹੀ ਗ੍ਰੀਨ ਕੌਫੀ ਵੀ ਨੀਂਦ ਜਾਂ ਆਲਸ ਨੂੰ ਦੂਰ ਕਰ ਕੇ ਸਾਡੇ ਸਰੀਰ ਨੂੰ ਐਨਰਜੀ ਨਾਲ ਭਰਪੂਰ ਕਰਦੀ ਹੈ। ਜੇਕਰ ਤੁਹਾਡਾ ਮੂਡ ਸੁਸਤ ਬਣਿਆ ਹੈ ਤਾਂ ਤੁਸੀਂ ਇਕ ਕੱਪ ਗ੍ਰੀਨ ਕੌਫੀ ਪੀਓ। ਇਸ ਨਾਲ ਸਰੀਰ ਸਾਰਾ ਦਿਨ ਊਰਜਾਵਾਨ ਰਹੇਗਾ।
6. ਸਿਰਦਰਦ ਦਾ ਘਰੇਲੂ ਇਲਾਜ
ਕੰਮ ਦੀ ਥਕਾਨ ਅਤੇ ਪ੍ਰੈਸ਼ਰ ਕਾਰਨ ਸਿਰਦਰਦ ਹੋਣਾ ਆਮ ਜਿਹੀ ਗੱਲ ਹੋ ਗਈ ਹੈ। ਇਸ ਲਈ ਵਾਰ-ਵਾਰ ਪੇਨਕਿਲਰ ਦਵਾਈਆਂ ਦੀ ਵਰਤੋਂ ਕਰਨਾ ਜ਼ਰੂਰੀ ਨਹੀਂ। ਤੁਸੀਂ ਖੁਦ ਨੂੰ ਫ੍ਰੈਸ਼ ਕਰਨ ਲਈ ਗ੍ਰੀਨ ਕੌਫੀ ਦੀ ਵਰਤੋਂ ਕਰ ਸਕਦੇ ਹੋ। ਇਸ 'ਚ ਮੌਜੂਦ ਕੈਫੀਨ ਸਿਰਦਰਦ ਨੂੰ ਦੂਰ ਕਰਨ 'ਚ ਸਹਾਇਕ ਹੁੰਦਾ ਹੈ।
7. ਕੈਂਸਰ ਰੋਗ ਦਾ ਕੁਦਰਤੀ ਇਲਾਜ
ਗ੍ਰੀਨ ਕੌਫੀ 'ਚ ਹਾਜ਼ਰ ਕਲੋਰੋਜੇਨਿਕ ਐਸਿਡ ਸਰੀਰ 'ਚ ਟਿਊਮਰ ਆਦਿ ਰੋਗਾਂ ਦੇ ਨਿਰਮਾਣ ਨੂੰ ਰੋਕਣ 'ਚ ਬਹੁਤ ਸਹਾਇਕ ਹੁੰਦਾ ਹੈ, ਜਿਸ ਨਾਲ ਕੈਂਸਰ ਵਰਗੀ ਖਤਰਨਾਕ ਬੀਮਾਰੀ ਨੂੰ ਕੰਟਰੋਲ 'ਚ ਰੱਖ ਕੇ ਉਸ ਦੇ ਵਾਧੇ ਨੂੰ ਵੀ ਰੋਕਿਆ ਜਾ ਸਕਦਾ ਹੈ। ਤੁਸੀਂ ਨਿਰੰਤਰ ਇਸ ਕੌਫੀ ਦੀ ਵਰਤੋਂ ਕਰ ਕੇ ਕੈਂਸਰ ਵਰਗੀ ਜਾਨਲੇਵਾ ਬੀਮਾਰੀ ਤੋਂ ਖੁਦ ਨੂੰ ਸੁਰੱਖਿਅਤ ਰੱਖ ਸਕਦੇ ਹੋ।


Related News