ਸ਼ੂਗਰ ਦੇ ਮਰੀਜ਼ਾਂ ਲਈ ਵਰਦਾਨ ਹੈ ''ਲੌਕੀ'', ਕਬਜ਼ ਸਣੇ ਇਨ੍ਹਾਂ ਰੋਗਾਂ ਤੋਂ ਮਿਲੇਗੀ ਰਾਹਤ
Wednesday, Dec 07, 2022 - 11:39 AM (IST)

ਜਲੰਧਰ (ਬਿਊਰੋ) - ਲੌਕੀ ਨੂੰ ਭਾਰਤ 'ਚ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ। ਬਹੁਤ ਸਾਰੇ ਲੋਕ ਇਸ ਨੂੰ ਘੀਆ ਵੀ ਕਹਿੰਦੇ ਹਨ। ਇਹ ਇਕ ਅਜਿਹੀ ਸਬਜ਼ੀ ਹੈ, ਜਿਸ ਨੂੰ ਜ਼ਿਆਦਾਤਰ ਲੋਕ ਖਾਣਾ ਪਸੰਦ ਨਹੀਂ ਕਰਦੇ। ਬੱਚੇ ਖ਼ਾਸ ਕਰਕੇ ਲੌਕੀ ਦੀ ਸਬਜ਼ੀ ਨੂੰ ਵੇਖ ਕੇ ਨੱਕ ਚੜ੍ਹਾਉਂਦੇ ਹਨ। ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਜ਼ਿਆਦਾਤਰ ਲੋਕ ਇਸ ਦੇ ਫ਼ਾਇਦਿਆਂ ਬਾਰੇ ਨਹੀਂ ਜਾਣਦੇ ਹਨ। ਲੌਕੀ 'ਚ 92 ਫੀਸਦੀ ਪਾਣੀ ਹੁੰਦਾ ਹੈ, ਜੋ ਸਰੀਰ 'ਚ ਪਾਣੀ ਦੀ ਕਮੀ ਨਹੀਂ ਹੋਣ ਦਿੰਦਾ। ਇਸ ਦੇ ਨਾਲ ਹੀ ਇਹ ਸਬਜ਼ੀ ਵਿਟਾਮਿਨ-ਸੀ, ਵਿਟਾਮਿਨ-ਕੇ, ਕੈਲਸ਼ੀਅਮ ਅਤੇ ਫਾਈਬਰ ਨਾਲ ਭਰਪੂਰ ਹੁੰਦੀ ਹੈ, ਜੋ ਕਿ ਸ਼ੂਗਰ ਦੇ ਮਰੀਜ਼ਾਂ ਲਈ ਅੰਮ੍ਰਿਤ ਦੀ ਤਰ੍ਹਾਂ ਹੈ। ਆਓ ਜਾਣਦੇ ਹਾਂ ਇਹ ਸ਼ੂਗਰ ਦੇ ਮਰੀਜ਼ਾਂ ਲਈ ਕਿਵੇਂ ਕਾਰਗਰ ਹੈ ਤੇ ਇਸ ਦੇ ਹੋਰ ਕੀ ਫ਼ਾਇਦੇ ਹਨ।
ਇਮਿਊਨਿਟੀ ਅਤੇ ਸ਼ੂਗਰ 'ਚ ਹੈ ਫ਼ਾਇਦੇਮੰਦ : ਖਾਲੀ ਢਿੱਡ ਲੌਕੀ ਦਾ ਸੇਵਨ ਕਰਨ ਨਾਲ ਧਮਣੀ ਰੋਗ, ਜਿਗਰ ਦੀਆਂ ਸਮੱਸਿਆਵਾਂ ਅਤੇ ਸ਼ੂਗਰ ਵਰਗੀਆਂ ਕਈ ਬੀਮਾਰੀਆਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਲੌਕੀ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ, ਜੋ ਬੀਮਾਰੀਆਂ ਨਾਲ ਲੜਨ 'ਚ ਮਦਦ ਕਰਦਾ ਹੈ। ਇਹ ਸਰੀਰ ਦੀ ਇਮਿਊਨਿਟੀ ਨੂੰ ਵੀ ਵਧਾਉਂਦੀ ਹੈ।
ਦਿਲ ਲਈ ਹੈ ਫ਼ਾਇਦੇਮੰਦ : ਕਈ ਅਧਿਐਨਾਂ 'ਚ ਪਾਇਆ ਗਿਆ ਹੈ ਕਿ ਲੌਕੀ 'ਚ ਪੋਟਾਸ਼ੀਅਮ ਦੀ ਮਾਤਰਾ ਵਧੇਰੇ ਹੁੰਦੀ ਹੈ, ਜੋ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਲੋਕਾਂ ਲਈ ਲਾਭਦਾਇਕ ਹੋ ਸਕਦੀ ਹੈ। ਇਸ ਦੇ ਨਾਲ ਹੀ ਇਹ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ 'ਚ ਵੀ ਮਦਦ ਕਰ ਸਕਦੀ ਹੈ।
ਭਾਰ ਘਟਾਉਣ 'ਚ ਹੈ ਮਦਦਗਾਰ : ਲੌਕੀ ਇੱਕ ਉੱਚ ਫਾਈਬਰ ਵਾਲਾ ਭੋਜਨ ਹੈ, ਜੋ ਭਾਰ ਘਟਾਉਣ 'ਚ ਮਦਦ ਕਰ ਸਕਦਾ ਹੈ। ਲੌਕੀ ਦਾ ਸੇਵਨ ਕਰਨ ਨਾਲ ਤੁਹਾਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ ਅਤੇ ਕੈਲੋਰੀ ਦੀ ਮਾਤਰਾ ਨੂੰ ਘੱਟ ਕਰਨ 'ਚ ਮਦਦ ਮਿਲਦੀ ਹੈ। ਇਸ 'ਚ ਪਾਣੀ ਦੀ ਮਾਤਰਾ ਵੀ ਵਧੇਰੇ ਹੁੰਦੀ ਹੈ, ਜੋ ਸਰੀਰ ਨੂੰ ਹਾਈਡਰੇਟ ਕਰਦੀ ਹੈ।
ਲੌਕੀ ਹੈ ਮੈਮੋਰੀ ਬੂਸਟਰ : ਲੌਕੀ 'ਚ ਕੋਲੀਨ ਦੀ ਸਭ ਤੋਂ ਵੱਧ ਮਾਤਰਾ ਹੁੰਦੀ ਹੈ, ਜੋ ਯਾਦਦਾਸ਼ਤ ਨੂੰ ਬਣਾਈ ਰੱਖਣ ਅਤੇ ਵਧਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਹੈਲਥ ਸ਼ਾਟਸ ਅਨੁਸਾਰ ਲੌਕੀ ਦੇ ਨਿਯਮਤ ਸੇਵਨ ਨਾਲ ਕਈ ਬੀਮਾਰੀਆਂ ਨੂੰ ਘੱਟ ਕੀਤਾ ਜਾ ਸਕਦਾ ਹੈ। ਇਹ ਅਲਜ਼ਾਈਮਰ 'ਚ ਵੀ ਫ਼ਾਇਦੇਮੰਦ ਹੋ ਸਕਦੀ ਹੈ।
ਸਰੀਰ ਦੀ ਗਰਮੀ ਕਰੇ ਦੂਰ : ਗਰਮੀਆਂ ਦੇ ਮੌਸਮ 'ਚ ਅਕਸਰ ਲੋਕਾਂ ਨੂੰ ਸਿਰ ਦਰਦ ਅਤੇ ਬਦਹਜ਼ਮੀ ਦੀ ਸਮੱਸਿਆ ਹੋਣ ਲੱਗਦੀ ਹੈ। ਇਸ ਤੋਂ ਰਾਹਤ ਪਾਉਣ ਲਈ ਲੌਕੀ ਦਾ ਜੂਸ ਪੀਓ। ਇਸ ਨੂੰ ਪੀਣ ਨਾਲ ਸਰੀਰ 'ਚ ਪੈਦਾ ਹੋਈ ਗਰਮੀ ਵੀ ਹੌਲੀ-ਹੌਲੀ ਦੂਰ ਹੋਵੇਗੀ।
ਕਬਜ਼ : ਲੌਕੀ ਅਤੇ ਅਦਰਕ ਦੇ ਜੂਸ 'ਚ ਕਾਫ਼ੀ ਮਾਤਰਾ 'ਚ ਫਾਈਬਰ ਮੌਜੂਦ ਹੁੰਦਾ ਹੈ। ਇਸ ਨਾਲ ਪਾਚਨ ਸਿਸਟਮ ਸੁਧਰ ਜਾਂਦਾ ਹੈ ਅਤੇ ਕਬਜ਼ ਦੀ ਪ੍ਰੇਸ਼ਾਨੀ ਦੂਰ ਹੁੰਦੀ ਹੈ।
ਲੀਵਰ ਦੀ ਸੋਜ : ਤਲਿਆ-ਭੁੰਨਿਆ ਖਾਣਾ ਅਤੇ ਸ਼ਰਾਬ ਪੀਣ ਨਾਲ ਕਈ ਵਾਰ ਲੀਵਰ 'ਚ ਸੋਜ ਆ ਜਾਂਦੀ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਲੌਕੀ ਤੇ ਅਦਰਕ ਦਾ ਜੂਸ ਬਣਾ ਕੇ ਪੀਓ। ਇਸ ਜੂਸ ਨੂੰ ਪੀਣ ਨਾਲ ਕੁਝ ਸਮੇਂ 'ਚ ਰਾਹਤ ਮਿਲੇਗੀ।
ਜੂਸ ਬਣਾਉਣ ਦੀ ਵਿਧੀ -
ਲੌਕੀ ਨੂੰ ਛਿੱਲ ਕੇ ਉਸ ਦੇ ਟੁੱਕੜੇ ਕਰ ਲਓ ਅਤੇ ਮਿਕਸੀ 'ਚ ਥੋੜ੍ਹਾ ਜਿਹਾ ਪਾਣੀ ਅਤੇ ਲੂਣ ਮਿਲਾ ਕੇ ਇਸ ਦਾ ਜੂਸ ਬਣਾ ਲਓ। ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਇਸ 'ਚ ਕਾਲੀ ਮਿਰਚ ਵੀ ਮਿਲਾ ਸਕਦੇ ਹੋ। ਇਸ ਤਰ੍ਹਾਂ ਤੁਸੀਂ ਰੋਜ਼ਾਨਾ ਫ੍ਰੈੱਸ਼ ਜੂਸ ਬਣਾ ਕੇ ਪੀ ਸਕਦੇ ਹੋ।