ਦੰਦਾਂ ਨੂੰ ਚਮਕਦਾਰ ਅਤੇ ਮਜ਼ਬੂਤ ਬਣਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ
Friday, Dec 11, 2020 - 04:51 PM (IST)
ਹਮੇਸ਼ਾ ਕੁਝ ਲੋਕਾਂ ਨੂੰ ਪੀਲੇ ਅਤੇ ਕਮਜ਼ੋਰ ਦੰਦਾਂ ਕਾਰਨ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ, ਉਹ ਨਾ ਚਾਹੁੰਦੇ ਹੋਏ ਵੀ ਲੋਕਾਂ ਵਿਚਕਾਰ ਹਾਈਲਾਈਟ ਹੋ ਜਾਂਦੇ ਹਨ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਜੇਕਰ ਤੁਸੀਂ ਆਪਣੇ ਦੰਦਾਂ ਨੂੰ ਸਿਹਤਮੰਦ, ਮਜ਼ਬੂਤ ਅਤੇ ਚਮਕਦਾਰ ਬਣਾਉਣਾ ਚਾਹੁੰਦੇ ਹੋ ਤਾਂ ਰਸੋਈ 'ਚ ਕੁਝ ਅਜਿਹੀਆਂ ਚੀਜ਼ਾਂ ਮੌਜੂਦ ਹਨ ਜਿਸ ਦੀ ਵਰਤੋਂ ਨਾਲ ਤੁਸੀਂ ਆਪਣੇ ਦੰਦਾਂ ਦਾ ਪੀਲਾਪਣ ਦੂਰ ਕਰ ਸਕਦੇ ਹੋ। ਆਓ ਜਾਣਦੇ ਹਾਂ ਆਖ਼ਿਰ ਕਿਹੜੀਆਂ ਉਹ ਚੀਜ਼ਾਂ ਹਨ ਅਤੇ ਉਨ੍ਹਾਂ ਦੀ ਵਰਤੋਂ ਕਿਵੇਂ ਕਰਨੀ ਹੈ।
-ਜੇਕਰ ਤੁਹਾਡੇ ਮੂੰਹ 'ਚੋਂ ਬਦਬੂ ਆਉਂਦੀ ਹੈ ਤਾਂ ਇਕ ਟੀ-ਸਪੂਨ ਨਾਰੀਅਲ ਜਾਂ ਤਿਲਾਂ ਦੇ ਤੇਲ ਨੂੰ ਮੂੰਹ ਦੇ ਚਾਰੋਂ ਪਾਸੇ ਘਮਾਓ। ਥੋੜ੍ਹੀ ਦੇਰ ਬਾਅਦ ਉਸ ਨੂੰ ਥੁੱਕ ਕੇ ਕੋਸੇ ਪਾਣੀ ਨਾਲ ਕੁੱਲਾ ਕਰ ਲਓ। ਅਜਿਹਾ ਕਰਨ ਤੋਂ ਬਾਅਦ ਇਕ ਘੰਟੇ ਤੱਕ ਕੁਝ ਵੀ ਨਾ ਖਾਓ। ਅਜਿਹਾ ਕਰਨ ਨਾਲ ਮੂੰਹ 'ਚੋਂ ਆਉਣ ਨਾਲੀ ਬਦਬੂ ਦੂਰ ਹੋ ਜਾਵੇਗੀ।
ਇਹ ਵੀ ਪੜ੍ਹੋ:ਸਰਦੀਆਂ 'ਚ ਜ਼ਰੂਰ ਪੀਓ ਹਲਦੀ ਵਾਲਾ ਦੁੱਧ, ਹੋਣਗੇ ਇਹ ਬੇਮਿਸਾਲ ਫ਼ਾਇਦੇ
-ਜੇਕਰ ਤੁਹਾਡੇ ਦੰਦਾਂ 'ਚ ਦਰਦ ਹੁੰਦਾ ਹੈ ਤਾਂ ਤੁਸੀਂ ਇਕ ਗਿਲਾਸ ਪਾਣੀ 'ਚ ਥੋੜ੍ਹਾ ਜਿਹਾ ਲੂਣ ਘੋਲੋ ਅਤੇ ਉਸ ਨੂੰ ਤਿੰਨ-ਚਾਰ ਅਮਰੂਦ ਦੇ ਪੱਤਿਆਂ ਦੇ ਨਾਲ ਉਬਾਲੋ। ਪਾਣੀ ਨੂੰ ਛਾਣ ਲਓ ਅਤੇ ਦਿਨ 'ਚ ਦੋ ਬਾਰ ਇਸ ਪਾਣੀ ਨਾਲ ਕੁੱਲਾ ਕਰ ਲਓ। ਅਜਿਹਾ ਕਰਨ ਨਾਲ ਦੰਦਾਂ ਦੇ ਦਰਦ 'ਚ ਰਾਹਤ ਮਿਲੇਗੀ।
-ਜੇਕਰ ਤੁਹਾਡੇ ਦੰਦ ਹਿਲਦੇ ਹਨ ਤਾਂ ਤੁਸੀਂ ਸੇਂਧਾ ਨਮਕ 'ਚ ਰਾਈ ਦੇ ਤੇਲ ਦੀਆਂ ਕੁਝ ਬੂੰਦਾਂ ਪਾਓ ਅਤੇ ਪੇਸਟ ਬਣਾ ਲਓ। ਇਸ ਪੇਸਟ ਨੂੰ ਰੋਜ਼ ਸਵੇਰੇ ਤੇ ਸ਼ਾਮ ਖਾਣਾ ਖਾਣ ਤੋਂ ਬਾਅਦ ਮੰਜਨ ਵਾਂਗ ਵਰਤੋਂ ਕਰੋ। ਇਸ ਨਾਲ ਦੰਦਾਂ ਦੇ ਹਿੱਲਣ ਦੀ ਸਮੱਸਿਆ ਬੰਦ ਹੋ ਜਾਵੇਗੀ।
-ਦੰਦਾਂ 'ਚ ਹੋਣ ਵਾਲੇ ਦਰਦ ਲਈ ਢਾਈ ਚਮਚਾ ਲੌਂਗ ਪਾਊਡਰ ਤੇ ਚੌਥਾਈ ਚਮਚਾ ਸੇਂਧਾ ਨਮਕ ਬੇਹੱਦ ਅਸਰਦਾਰ ਸਾਬਿਤ ਹੋ ਸਕਦਾ ਹੈ। ਅਜਿਹੇ 'ਚ ਤੁਸੀਂ ਸੇਂਧਾ ਨਮਕ ਅਤੇ ਲੌਂਗ ਦਾ ਪਾਊਡਰ ਮਿਲਾ ਕੇ ਆਪਣੇ ਕੋਲ ਰੱਖੋ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਮੰਜਨ ਵਾਂਗ ਦੰਦਾਂ 'ਤੇ ਲਗਾ ਲਓ। ਇਸ ਨਾਲ ਦਰਦ 'ਚ ਆਰਾਮ ਮਿਲੇਗਾ।
ਇਹ ਵੀ ਪੜ੍ਹੋ:Health Tips: ਖੁਰਾਕ 'ਚ ਜ਼ਰੂਰ ਸ਼ਾਮਲ ਕਰੋ ਅਮਰੂਦ, ਕਬਜ਼ ਤੋਂ ਇਲਾਵਾ ਇਨ੍ਹਾਂ ਬੀਮਾਰੀਆਂ ਤੋਂ ਦਿਵਾਉਂਦਾ ਨਿਜ਼ਾਤ
-ਜੇਕਰ ਤੁਹਾਡੇ ਦੰਦਾਂ 'ਚ ਕਮਜ਼ੋਰੀ ਹੈ ਅਤੇ ਉਹ ਹਿਲਦੇ ਹਨ ਤਾਂ ਤੁਸੀਂ ਪੀਸੀ ਹੋਈ ਹਲਦੀ ਅਤੇ ਖਾਣੇ ਦੇ ਸੋਢੇ ਨੂੰ ਇਕੱਠਾ ਮਿਲਾਓ ਅਤੇ ਇਸ ਤਿਆਰ ਪਾਊਡਰ ਨਾਲ ਮੰਜਨ ਕਰੋ।
-ਜੇਕਰ ਮਸੂੜਿਆਂ 'ਚੋਂ ਖ਼ੂਨ ਨਿਕਲ ਰਿਹਾ ਹੈ ਤਾਂ ਇਕ ਬੋਲ 'ਚ ਨਮਕ, ਹਲਦੀ ਅਤੇ ਸਰੋਂ ਦੇ ਤੇਲ ਦੀਆਂ ਕੁਝ ਬੂੰਦਾਂ ਮਿਲਾਓ। ਇਸ ਨਾਲ ਬਣੇ ਪੇਸਟ ਨਾਲ ਦੰਦਾਂ ਦੀ ਚੰਗੀ ਤਰ੍ਹਾਂ ਮਾਲਿਸ਼ ਕਰੋ। ਤੁਹਾਡੇ ਮਸੂੜਿਆਂ 'ਚੋਂ ਖ਼ੂਨ ਨਿਕਲਣਾ ਬੰਦ ਹੋ ਜਾਵੇਗਾ।
-ਜੇਕਰ ਤੁਹਾਡੇ ਮੂੰਹ 'ਚ ਛਾਲੇ ਹੋ ਜਾਂਦੇ ਹਨ ਤਾਂ ਭੁੰਨੀ ਹੋਈ ਫਿਟਕਰੀ ਨੂੰ ਗਲਿਸਰੀਨ 'ਚ ਮਿਲਾਓ ਅਤੇ ਰੂੰ ਦੀ ਮਦਦ ਨਾਲ ਛਾਲਿਆਂ 'ਤੇ ਲਗਾਓ। ਅਜਿਹਾ ਕਰਦੇ ਸਮੇਂ ਜੇਕਰ ਲਾਰ ਟਪਕੇ ਤਾਂ ਉਸ ਨੂੰ ਟਪਕਣ ਦਿਓ। ਥੋੜ੍ਹੀ ਦੇਰ ਬਾਅਦ ਆਰਾਮ ਮਿਲ ਜਾਵੇਗਾ।