Health Tips: ਅਨੀਂਦਰੇ ਕਾਰਨ ਮਹਿਸੂਸ ਹੋ ਰਹੀ ਥਕਾਵਟ ਤੇ ਸਰੀਰਕ ਕਮਜ਼ੋਰੀ ਤਾਂ ਅਪਣਾਓ ਇਹ ਟਿਪਸ
Friday, Sep 29, 2023 - 06:21 PM (IST)
ਜਲੰਧਰ - ਚੰਗੀ ਸਿਹਤ ਲਈ ਲੋੜੀਂਦੀ ਨੀਂਦ ਲੈਣੀ ਜ਼ਰੂਰੀ ਹੁੰਦੀ ਹੈ। ਰੋਜ਼ਾਨਾ 7 ਤੋਂ 8 ਘੰਟੇ ਚੰਗੀ ਨੀਂਦ ਲੈਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਅੱਜ ਦੇ ਸਮੇਂ 'ਚ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਰੁਝੇਵਿਆਂ ਭਰੀ ਜੀਵਨ ਸ਼ੈਲੀ ਦੇ ਕਾਰਨ ਚੰਗੀ ਨੀਂਦ ਨਹੀਂ ਲੈ ਪਾਉਂਦੇ। ਰਾਤ ਨੂੰ ਦੇਰ ਨਾਲ ਸੌਣ ਅਤੇ ਸਵੇਰੇ ਜਲਦੀ ਉੱਠਣ ਨਾਲ ਥਕਾਵਟ ਅਤੇ ਆਲਸ ਮਹਿਸੂਸ ਹੁੰਦੀ ਹੈ, ਜਿਸ ਨਾਲ ਸਾਰਾ ਦਿਨ ਕੰਮ ਨਹੀਂ ਹੁੰਦਾ ਹੈ।ਜੇਕਰ ਤੁਸੀਂ ਚੰਗੀ ਨੀਂਦ ਲੈਣੀ ਚਾਹੁੰਦੇ ਹੋ ਤਾਂ ਰੋਜ਼ਾਨਾ ਚੰਗੀ ਖੁਰਾਕ ਦਾ ਸੇਵਨ ਕਰੋ, ਜਿਸ ਨਾਲ ਸਰੀਰ ਊਰਜਾਵਾਨ ਰਹਿ ਸਕੇ। ਆਪਣੀ ਡਾਈਟ 'ਚ ਕੁਝ ਅਜਿਹੀਆਂ ਚੀਜ਼ਾਂ ਸ਼ਾਮਲ ਕਰੋ, ਜਿਸ ਨੂੰ ਖਾਣ ਨਾਲ ਚੰਗੀ ਨੀਂਦ ਆਏ ਤਾਂ ਕਿ ਸਰੀਰ ਦੀ ਥਕਾਵਟ ਦੂਰ ਹੋ ਸਕੇ।
ਉਬਲੇ ਹੋਏ ਅੰਡੇ ਦਾ ਸੇਵਨ
ਨੀਂਦ ਪੂਰੀ ਨਾ ਹੋਣ ਕਾਰਨ ਥਕਾਵਟ ਅਤੇ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਤਾਂ ਰੋਜ਼ਾਨਾ ਉਬਲੇ ਹੋਏ ਅੰਡੇ ਦਾ ਸੇਵਨ ਕਰੋ। ਇਸ 'ਚ ਪ੍ਰੋਟੀਨ ਹੁੰਦਾ ਹੈ, ਜਿਸ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ। ਇਸ 'ਚ ਪਾਇਆ ਜਾਣ ਵਾਲਾ ਵਿਟਾਮਿਨ ਬੀ12 ਸਰੀਰ ਦੀ ਊਰਜਾ ਵਧਾਉਣ ਅਤੇ ਥਕਾਵਟ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ।
ਮੇਵੇ ਅਤੇ ਬੀਜ
ਨੀਂਦ ਪੂਰੀ ਨਾ ਹੋਣ ਕਾਰਨ ਸਰੀਰ ਵਿੱਚ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਅਖਰੋਟ ਅਤੇ ਬੀਜਾਂ ਦਾ ਸੇਵਨ ਕਰੋ। ਇਨ੍ਹਾਂ 'ਚ ਸਿਹਤਮੰਦ ਫੈਟ, ਪ੍ਰੋਟੀਨ ਅਤੇ ਫਾਈਬਰ ਪਾਏ ਜਾਂਦੇ ਹਨ। ਤੁਸੀਂ ਚਿਆ ਸੀਡਸ ਅਤੇ ਅਲਸੀ ਦੇ ਬੀਜਾਂ ਦਾ ਵੀ ਸੇਵਨ ਕਰ ਸਕਦੇ ਹੋ। ਇਸ 'ਚ ਮੌਜੂਦ ਓਮੇਗਾ-3 ਫੈਟੀ ਐਸਿਡ ਸਰੀਰਕ ਕਮਜ਼ੋਰੀ ਦੂਰ ਅਤੇ ਊਰਜਾ ਵਧਾਉਣ 'ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਤੁਸੀਂ ਮੈਗਨੀਸ਼ੀਅਮ ਲਈ ਪੇਠੇ ਦੇ ਬੀਜਾਂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ। ਕੱਦੂ ਦੇ 28 ਗ੍ਰਾਮ ਬੀਜਾਂ ਵਿੱਚ 150 ਮਿਲੀਗ੍ਰਾਮ ਮੈਗਨੀਸ਼ੀਅਮ ਹੁੰਦਾ ਹੈ।
ਫਾਈਬਰ ਨਾਲ ਭਰਪੂਰ ਚੀਜ਼ਾਂ ਦਾ ਸੇਵਨ
ਨੀਂਦ ਪੂਰੀ ਨਾ ਹੋਣ ਕਾਰਨ ਮਹਿਸੂਸ ਹੋਣ ਵਾਲੀ ਕਮਜ਼ੋਰੀ ਨੂੰ ਦੂਰ ਕਰਨ ਲਈ ਤੁਸੀਂ ਆਪਣੀ ਡਾਈਟ 'ਚ ਫਾਈਬਰ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ। ਤੁਸੀਂ ਫਲ, ਸਬਜ਼ੀਆਂ ਅਤੇ ਸਾਬਤ ਅਨਾਜ ਨੂੰ ਖੁਰਾਕ 'ਚ ਸ਼ਾਮਲ ਕਰੋ। ਨੀਂਦ ਦੀ ਘਾਟ ਕਾਰਨ ਸਰੀਰ ਦਾ ਪਾਚਨ ਤੰਤਰ ਖ਼ਰਾਬ ਹੋ ਜਾਂਦਾ ਹੈ, ਜਿਸ ਲਈ ਨਾਸ਼ਤੇ 'ਚ ਤਾਜ਼ੇ ਫਲ ਅਤੇ ਸਬਜ਼ੀਆਂ ਦਾ ਸੇਵਨ ਕਰੋ। ਇਸ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ।
ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ
ਆਪਣੇ ਆਪ ਨੂੰ ਤਰੋਤਾਜ਼ਾ ਅਤੇ ਊਰਜਾਵਾਨ ਰੱਖਣ ਲਈ ਸਵੇਰੇ ਜ਼ਿਆਦਾ ਪਾਣੀ ਪੀਓ। ਪਾਣੀ ਪੀਣ ਨਾਲ ਸਿਰ ਦਰਦ ਠੀਕ ਹੁੰਦਾ ਹੈ ਅਤੇ ਥਕਾਵਟ ਅਤੇ ਕਮਜ਼ੋਰੀ ਦੂਰ ਹੁੰਦੀ ਹੈ। ਇਸ ਤੋਂ ਇਲਾਵਾ ਇਹ ਮਾਨਸਿਕ ਤਣਾਅ ਨੂੰ ਘੱਟ ਕਰਨ 'ਚ ਵੀ ਮਦਦ ਕਰਦਾ ਹੈ। ਸਰੀਰਕ ਅਤੇ ਮਾਨਸਿਕ ਸਿਹਤ ਲਈ ਭਰਪੂਰ ਪਾਣੀ ਪੀਣਾ ਜ਼ਰੂਰੀ ਹੈ। ਪਾਣੀ ਤੋਂ ਇਲਾਵਾ ਤੁਸੀਂ ਆਪਣੀ ਡਾਈਟ 'ਚ ਨਾਰੀਅਲ ਪਾਣੀ, ਨਿੰਬੂ ਪਾਣੀ, ਸਬਜ਼ੀਆਂ ਦਾ ਜੂਸ ਸ਼ਾਮਲ ਕਰ ਸਕਦੇ ਹੋ। ਤੁਸੀਂ ਗ੍ਰੀਨ-ਟੀ ਦਾ ਸੇਵਨ ਕਰੋ।
ਕੈਲਸ਼ੀਅਮ ਨਾਲ ਭਰਪੂਰ ਭੋਜਨ
ਚੰਗੀ ਨੀਂਦ ਲੈਣ ਲਈ ਤੁਸੀਂ ਆਪਣੀ ਖੁਰਾਕ ਵਿੱਚ ਕੈਲਸ਼ੀਅਮ ਨਾਲ ਭਰਪੂਰ ਭੋਜਨ ਸ਼ਾਮਲ ਕਰੋ। ਡੇਅਰੀ ਫੂਡ ਵਿੱਚ ਟ੍ਰਿਪਟੋਫੈਨ ਨਾਮਕ ਤੱਤ ਪਾਇਆ ਜਾਂਦਾ ਹੈ, ਜੋ ਐਸਿਡ ਦਾ ਇੱਕ ਹਿੱਸਾ ਹੈ। ਇਸ ਨੂੰ ਖੁਰਾਕ ਵਿੱਚ ਸ਼ਾਮਲ ਕਰਨ 'ਤੇ ਕੰਮ ਦੌਰਾਨ ਨੀਂਦ ਅਤੇ ਆਲਸੀ ਮਹਿਸੂਸ ਨਹੀਂ ਹੋਵੇਗੀ। ਇਸ ਤੋਂ ਇਲਾਵਾ ਤੁਸੀਂ ਆਪਣੀ ਡਾਈਟ 'ਚ ਹਰੀਆਂ ਸਬਜ਼ੀਆਂ, ਦਾਲਾਂ, ਫਲੀਆਂ, ਸੰਤਰਾ ਅਤੇ ਬੇਰੀਆਂ ਨੂੰ ਵੀ ਸ਼ਾਮਲ ਕਰ ਸਕਦੇ ਹੋ।