ਠੰਡ 'ਚ ਗਰਮ ਪਾਣੀ ਨਾਲ ਨਹਾਉਣ ਵਾਲੇ ਹੋ ਜਾਣ ਸਾਵਧਾਨ, ਕਿਤੇ ਤੁਸੀਂ ਵੀ ਤਾਂ ਨਹੀਂ ਕਰਦੇ ਇਹ ਗ਼ਲਤੀਆਂ
Monday, Jan 16, 2023 - 01:10 PM (IST)
ਜਲੰਧਰ (ਬਿਊਰੋ) : ਸਰਦੀਆਂ 'ਚ ਠੰਢ ਕਾਰਨ ਸਿਰਫ਼ ਬੱਚੇ ਹੀ ਨਹੀਂ, ਸਗੋਂ ਵੱਡੇ ਵੀ ਰੋਜ਼ਾਨਾ ਨਹੀਂ ਨਹਾਉਣ ਤੋਂ ਕਤਰਾਉਂਦੇ ਹਨ ਅਤੇ ਕਈ-ਕਈ ਦਿਨ ਬਿਨਾਂ ਨਹਾਏ ਹੀ ਰਹਿੰਦੇ ਹਨ। ਜਦੋਂਕਿ ਜ਼ਿਆਦਾਤਰ ਲੋਕ ਠੰਡ 'ਚ ਗਰਮ ਪਾਣੀ ਨਾਲ ਨਹਾਉਂਦੇ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ, 'ਆਯੁਰਵੇਦ ਅਨੁਸਾਰ ਭਾਵੇਂ ਸਰਦੀ ਹੋਵੇ ਜਾਂ ਗਰਮੀ, ਰੋਜ਼ਾਨਾ ਨਹਾਉਣਾ ਬਹੁਤ ਜ਼ਰੂਰੀ ਹੈ। ਸਿਹਤਮੰਦ ਰਹਿਣ ਤੇ ਸਿਹਤ ਨੂੰ ਬਿਹਤਰ ਬਣਾਉਣ ਲਈ ਆਯੁਰਵੇਦ ਦਾ ਇਹ ਨਿਯਮ ਬਹੁਤ ਜ਼ਰੂਰੀ ਹੈ ਪਰ ਸਰਦੀਆਂ 'ਚ ਨਹਾਉਂਦੇ ਸਮੇਂ ਲੋਕ ਕੁਝ ਅਜਿਹੀਆਂ ਗ਼ਲਤੀਆਂ ਕਰ ਜਾਂਦੇ ਹਨ, ਜਿਨ੍ਹਾਂ ਦਾ ਉਨ੍ਹਾਂ ਨੂੰ ਪਤਾ ਵੀ ਨਹੀਂ ਹੁੰਦਾ ਅਤੇ ਬਾਅਦ 'ਚ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਜ਼ਿਆਦਾ ਗਰਮ ਪਾਣੀ
AIIA ਮਾਹਿਰਾਂ ਦਾ ਕਹਿਣਾ ਹੈ ਕਿ ਸਰਦੀਆਂ 'ਚ ਨਹਾਉਣ ਲਈ ਬਹੁਤ ਗਰਮ ਪਾਣੀ ਨਹੀਂ ਲੈਣਾ ਚਾਹੀਦਾ। ਖ਼ਾਸ ਕਰਕੇ ਔਰਤਾਂ ਗਰਮ ਪਾਣੀ ਦੀ ਵਰਤੋਂ ਕਰਦੀਆਂ ਹਨ। ਕਈ ਵਾਰ ਇਹ ਪਾਣੀ ਇੰਨਾ ਗਰਮ ਹੁੰਦਾ ਹੈ ਕਿ ਚਮੜੀ ਜਲਣ ਲੱਗ ਜਾਂਦੀ ਹੈ ਤੇ ਨਹਾਉਣ ਤੋਂ ਬਾਅਦ ਪੂਰੇ ਬਾਥਰੂਮ 'ਚ ਭਾਫ਼ ਇਕੱਠੀ ਹੋ ਜਾਂਦੀ ਹੈ। ਲੋਕ ਕੁਝ ਦੇਰ ਗਰਮ ਰਹਿਣ ਲਈ ਅਜਿਹਾ ਕਰਦੇ ਹਨ ਪਰ ਇਹ ਸਿਹਤ ਲਈ ਹਾਨੀਕਾਰਕ ਹੈ। ਇਸ ਨਾਲ ਚਮੜੀ 'ਤੇ ਇਨਫੈਕਸ਼ਨ, ਜਲਣ, ਝੁਰੜੀਆਂ ਪੈ ਸਕਦੀਆਂ ਹਨ।
ਸਿਰ 'ਤੇ ਗਰਮ ਪਾਣੀ ਪਾਉਣਾ
ਸਰਦੀਆਂ 'ਚ ਲੋਕ ਅਕਸਰ ਗਰਮ ਪਾਣੀ ਨੂੰ ਸਿੱਧਾ ਸਿਰ 'ਤੇ ਪਾਉਣ ਦੀ ਗ਼ਲਤੀ ਕਰਦੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਜਿੰਨੀ ਮਰਜ਼ੀ ਠੰਢ ਕਿਉਂ ਨਾ ਹੋਵੇ, ਗਰਮ ਪਾਣੀ ਨਾਲ ਸਿਰ ਨਾ ਧੋਵੋ। ਆਪਣੇ ਸਿਰ ਨੂੰ ਸਾਦੇ ਠੰਢੇ ਜਾਂ ਕੋਸੇ ਪਾਣੀ ਨਾਲ ਧੋਣ ਦੀ ਕੋਸ਼ਿਸ਼ ਕਰੋ। ਅਜਿਹਾ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਦਾ BP ਅਚਾਨਕ ਵਧ ਸਕਦਾ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਜਾਣਾ ਪੈ ਸਕਦਾ ਹੈ। ਵਾਲਾਂ ਨੂੰ ਸੁੱਕਾ ਤੇ ਬੇਜਾਨ ਬਣਾ ਸਕਦਾ ਹੈ, ਵਾਲ ਝੜ ਸਕਦੇ ਹਨ। ਇਸ ਤੋਂ ਇਲਾਵਾ ਅੱਖਾਂ ਦੀ ਰੋਸ਼ਨੀ ਵੀ ਪ੍ਰਭਾਵਿਤ ਹੁੰਦੀ ਹੈ।
ਇੱਕਦਮ ਠੰਢੇ ਪਾਣੀ ਨਾਲ ਨਹਾਉਣਾ
ਸਰਦੀਆਂ 'ਚ ਕੁਝ ਲੋਕ ਆਪਣੇ ਸਿਰ ਨੂੰ ਬਹੁਤ ਠੰਢੇ ਟੈਂਕੀ ਦੇ ਪਾਣੀ ਨਾਲ ਜਾਂ ਟੂਟੀ ਦੇ ਹੇਠਾਂ ਬੈਠ ਕੇ ਨਹਾਉਂਦੇ ਹਨ। ਇਹ ਇੱਕ ਹਾਨੀਕਾਰਕ ਪ੍ਰਕਿਰਿਆ ਹੈ। ਸਿਰ 'ਤੇ ਠੰਢੇ ਪਾਣੀ ਦਾ ਅਚਾਨਕ ਪਾਉਣ ਨਾਲ ਖੂਨ ਦੀਆਂ ਨਾੜੀਆਂ ਵੀ ਸੁੰਗੜ ਸਕਦੀਆਂ ਹਨ ਤੇ ਸਰੀਰ ਵਿਚ ਖੂਨ ਸੰਚਾਰ ਨੂੰ ਪ੍ਰਭਾਵਤ ਕਰ ਸਕਦਾ ਹੈ। ਇਸ ਨਾਲ ਬ੍ਰੇਨ ਸਟ੍ਰੋਕ, ਅਧਰੰਗ ਜਾਂ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਪੈਦਾ ਹੁੰਦਾ ਹੈ। ਅਜਿਹੇ 'ਚ ਕੋਸ਼ਿਸ਼ ਕਰੋ ਕਿ ਪਾਣੀ ਜ਼ਿਆਦਾ ਠੰਢਾ ਨਾ ਹੋਵੇ, ਜੇਕਰ ਤੁਸੀਂ ਠੰਢੇ ਪਾਣੀ ਨਾਲ ਇਸ਼ਨਾਨ ਕਰ ਰਹੇ ਹੋ ਤਾਂ ਪਹਿਲਾਂ ਆਪਣੇ ਹੱਥਾਂ-ਪੈਰਾਂ 'ਤੇ ਠੰਢਾ ਪਾਣੀ ਪਾਓ, ਫਿਰ ਸਿਰ 'ਤੇ ਪਾਓ।
ਜਲਦਬਾਜ਼ੀ 'ਚ ਨਹੀਂ ਚਾਹੀਦਾ ਨਹਾਉਣਾ
ਕੜਾਕੇ ਦੀ ਠੰਢ 'ਚ ਨਹਾਉਣ ਸਮੇਂ ਲੋਕ ਜਲਦਬਾਜ਼ੀ ਕਰਦੇ ਹਨ ਅਤੇ ਕੁਝ ਹੀ ਮਿੰਟਾਂ 'ਚ ਪਾਣੀ ਪਾ ਕੇ ਨਹਾਉਣ ਦੀ ਪ੍ਰਕਿਰਿਆ ਪੂਰੀ ਕਰ ਲੈਂਦੇ ਹਨ। ਜਦੋਂ ਕਿ ਆਯੁਰਵੇਦ ਅਨੁਸਾਰ ਭਾਵੇਂ ਸਰਦੀ ਹੋਵੇ ਜਾਂ ਗਰਮੀ, ਸਰੀਰ ਨੂੰ ਰਗੜਨਾ ਅਤੇ ਨਹਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਜੋ ਸਰੀਰ ਨੂੰ ਪੂਰੀ ਤਰ੍ਹਾਂ ਸਾਫ਼ ਕੀਤਾ ਜਾ ਸਕੇ।
ਸਰਦੀਆਂ 'ਚ ਨਹਾਉਣ ਦਾ ਸਹੀ ਤਰੀਕਾ
AIIA ਮਾਹਰਾਂ ਦਾ ਕਹਿਣਾ ਹੈ ਕਿ ਸਰਦੀਆਂ 'ਚ ਨਹਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਸਿਰ ਨੂੰ ਸਾਦੇ ਠੰਢੇ ਪਾਣੀ ਨਾਲ ਧੋਣਾ ਤੇ ਸਰੀਰ ਨੂੰ ਕੋਸੇ ਜਾਂ ਸਹਿਣਯੋਗ ਗਰਮ ਪਾਣੀ ਨਾਲ ਨਹਾਉਣਾ। ਹਮੇਸ਼ਾ ਅਭਿਸ਼ੇਕ ਕਰਨ ਵਾਂਗ ਇਸ਼ਨਾਨ ਕਰੋ, ਜਿਸ 'ਚ ਪਾਣੀ ਸਿਰ ਤੋਂ ਪੈਰਾਂ ਤੱਕ ਜਾਂਦਾ ਹੈ। ਇਸ ਤੋਂ ਇਲਾਵਾ ਸਰਦੀਆਂ 'ਚ ਨਦੀਆਂ, ਤਾਲਾਬਾਂ, ਪਾਣੀ ਦੀਆਂ ਟੈਂਕੀਆਂ ਆਦਿ 'ਚ ਨਹਾਉਣਾ ਸਰੀਰ ਨੂੰ ਤਰੋਤਾਜ਼ਾ ਕਰਨ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।