ਕਸਰਤ ਕਰਦਿਆਂ ਦਿਲ ਦੇ ਦੌਰੇ ਕਾਰਨ ਮੌਤਾਂ ਨੇ ਵਧਾਈ ਚਿੰਤਾ, ਨੌਜਵਾਨ ਜ਼ਰੂਰ ਪੱਲੇ ਬੰਨ੍ਹ ਲੈਣ ਇਹ ਗੱਲ

01/18/2023 1:04:06 PM

ਜਲੰਧਰ (ਬਿਊਰੋ)) : ਦਿਲ ਦਾ ਦੌਰਾ ਜਾਂ ਹਾਰਟ ਅਟੈਕ ਦਾ ਨਾਂ ਸੁਣਦਿਆਂ ਲੋਕ ਘਬਰਾ ਜਾਂਦੇ ਹਨ। ਦਿਲ ਦੇ ਦੌਰੇ ਦੇ ਲੱਛਣ ਮਹਿਸੂਸ ਹੋਣ 'ਤੇ ਮਰੀਜ਼ ਜਾਂ ਆਲੇ-ਦੁਆਲੇ ਦੇ ਲੋਕ ਸਹੀ ਸਮੇਂ 'ਤੇ ਕੁਝ ਜ਼ਰੂਰੀ ਨਿਰਦੇਸ਼ਾਂ ਦੀ ਪਾਲਣਾ ਕਰਦੇ ਹਨ ਤਾਂ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ। ਇਸ ਸਥਿਤੀ 'ਚ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਹੁੰਦੀ ਹੈ। ਕਿਸੇ ਵਿਅਕਤੀ 'ਚ ਇਸ ਦੇ ਲੱਛਣ ਦਿਖਣ 'ਤੇ ਉਸ ਦਾ ਇਲਾਜ ਜਲਦੀ ਸ਼ੁਰੂ ਕਰਨਾ ਚਾਹੀਦਾ ਹੈ। ਹਾਲਾਂਕਿ ਜੇਕਰ ਮਰੀਜ਼ ਨੂੰ ਸਮੇਂ ਸਿਰ ਸਹੀ ਸਹਾਇਤਾ ਮਿਲਦੀ ਹੈ ਤਾਂ ਉਸ ਦੇ ਬਚਣ ਦੀ ਸੰਭਾਵਨਾ ਵੱਧ ਜਾਂਦੀ ਹੈ। ਸਿਹਤ ਮਾਹਿਰਾਂ ਅਨੁਸਾਰ ਇਸ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਲੋਕਾਂ ਨੂੰ ਸਮੇਂ-ਸਮੇਂ ’ਤੇ ਆਪਣੇ ਦਿਲ ਦੀ ਜਾਂਚ ਕਰਵਾਉਣੀ ਚਾਹੀਦੀ ਹੈ।

ਹਾਰਟ ਅਟੈਕ ਕਿਉਂ ਆਉਂਦਾ ਹੈ?
ਤੁਸੀਂ ਜਾਣਦੇ ਹੋ ਕਿ ਸਾਡੇ ਸਾਰੇ ਸਰੀਰ 'ਚ ਖੂਨ ਦਾ ਪ੍ਰਵਾਹ ਹਰ ਸਮੇਂ ਕਾਇਮ ਰਹਿੰਦਾ ਹੈ, ਸਰੀਰ 'ਚ ਇਸ ਖੂਨ ਦੇ ਘੁੰਮਣ ਦਾ ਕੰਮ ਦਿਲ ਦੁਆਰਾ ਕੀਤਾ ਜਾਂਦਾ ਹੈ। ਦਿਲ ਦਾ ਸੱਜਾ ਪਾਸਾ ਤੁਹਾਡੇ ਸਰੀਰ ਤੋਂ ਲਹੂ ਤੁਹਾਡੇ ਫੇਫੜਿਆਂ ਤਕ ਪਹੁੰਚਾਉਂਦਾ ਹੈ। ਇਥੋਂ ਆਕਸੀਜਨ ਖੂਨ 'ਚ ਘੁਲ ਜਾਂਦੀ ਹੈ ਅਤੇ ਫਿਰ ਉਹ ਖੂਨ ਤੁਹਾਡੇ ਦਿਲ ਦੇ ਖੱਬੇ ਪਾਸਿਓ ਪ੍ਰਵੇਸ਼ ਕਰਦਾ ਹੈ। ਤੁਹਾਡੇ ਦਿਲ ਦਾ ਖੱਬਾ ਪਾਸਾ ਇਸ ਆਕਸੀਜਨਿਤ ਖੂਨ ਨੂੰ ਦੁਬਾਰਾ ਪੰਪ ਕਰਦਾ ਹੈ ਅਤੇ ਇਸ ਨੂੰ ਸਰੀਰ ਦੇ ਸਾਰੇ ਹਿੱਸਿਆਂ 'ਚ ਭੇਜਦਾ ਹੈ। ਦਿਲ ਦਾ ਦੌਰਾ ਉਦੋਂ ਹੁੰਦਾ ਹੈ, ਜਦੋਂ ਖ਼ੂਨ ਤੁਹਾਡੇ ਦਿਲ ਤੱਕ ਨਹੀਂ ਪਹੁੰਚਦਾ, ਜਿਸ ਨਾਲ ਦਿਲ ਦੇ ਸੈੱਲ ਮਰ ਜਾਂਦੇ ਹਨ।

ਦਿਲ ਦੇ ਦੌਰੇ ਦੇ ਲੱਛਣ :-

  • ਛਾਤੀ 'ਚ ਦਰਦ- ਦਿਲ 'ਚ ਖਿੱਚ ਮਹਿਸੂਸ ਹੋਣਾ।
  • ਸਰੀਰ ਦੇ ਦੂਜੇ ਹਿੱਸਿਆਂ 'ਚ ਦਰਦ।
  • ਮਨ ਬੇਚੈਨ ਹੋਣਾ ਜਾਂ ਚੱਕਰ ਆਉਣਾ।
  • ਪਸੀਨੇ ਨਾਲ ਭਿੱਜ ਜਾਣਾ।
  • ਸਾਹ ਲੈਣ 'ਚ ਤਕਲੀਫ਼ ਹੋਣੀ।
  • ਬੇਚੈਨੀ ਮਹਿਸੂਸ ਹੋਣਾ।
  • ਵਾਰ-ਵਾਰ ਖੰਘ ਦਾ ਆਉਣਾ, ਸਾਹ ਦਾ ਫੁੱਲਣਾ।


ਕੋਰੋਨਾ ਵਾਇਰਸ ਨਾਲ ਵੀ ਦਿਲ ’ਤੇ ਪੈਂਦਾ ਹੈ ਅਸਰ
ਇਕ ਮੀਡੀਆ ਰਿਪੋਰਟ ’ਚ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਕਾਰਡੀਓਲੋਜਿਸਟ ਡਾ. ਅਜੀਤ ਕੁਮਾਰ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਤੋਂ ਬਾਅਦ ਦਿਲ ਬਹੁਤ ਕਮਜ਼ੋਰ ਹੋਇਆ ਹੈ। ਅਜਿਹੀ ਹੀ ਇੱਕ ਖੋਜ ’ਚ ਸਾਹਮਣੇ ਆਇਆ ਹੈ ਕਿ ਵਾਇਰਸ ਨੇ ਦਿਲ ਦੀ ਕੰਮ ਕਰਨ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕੀਤਾ ਹੈ, ਕਿਉਂਕਿ ਜ਼ਿਆਦਾਤਰ ਲੋਕ ਕੋਰੋਨਾ ਨਾਲ ਪੀੜਤ ਸਨ। ਅਜਿਹੇ ’ਚ ਦਿਲ ਵੀ ਕਮਜ਼ੋਰ ਹੋ ਗਿਆ ਹੈ। ਡਾ. ਕੁਮਾਰ ਦਾ ਕਹਿਣਾ ਹੈ ਕਿ ਜੇਕਰ ਕੋਈ ਵਿਅਕਤੀ ਜਿੰਮ ’ਚ ਆਪਣੀ ਸਮਰੱਥਾ ਤੋਂ ਵੱਧ ਕਸਰਤ ਕਰਦਾ ਹੈ ਤਾਂ ਮਾਸਪੇਸ਼ੀਆਂ ’ਚ ਤਣਾਅ ਆ ਜਾਂਦਾ ਹੈ, ਕਿਉਂਕਿ ਦਿਲ ਪਹਿਲਾਂ ਹੀ ਕਮਜ਼ੋਰ ਹੋ ਗਿਆ ਹੈ। ਅਜਿਹੇ ’ਚ ਅਚਾਨਕ ਜ਼ਿਆਦਾ ਭਾਰ ਚੁੱਕਣ ਨਾਲ ਦਿਲ ਦੇ ਵਾਲਵ ’ਤੇ ਅਸਰ ਪੈਂਦਾ ਹੈ, ਜਿਸ ਕਾਰਨ ਹਾਰਟ ਅਟੈਕ ਹੋਣ ਦਾ ਖ਼ਤਰਾ ਰਹਿੰਦਾ ਹੈ ਪਰ ਅਜਿਹਾ ਜ਼ਿਆਦਾਤਰ ਉਨ੍ਹਾਂ ਮਾਮਲਿਆਂ ’ਚ ਹੁੰਦਾ ਹੈ, ਜਿਨ੍ਹਾਂ ’ਚ ਦਿਲ ’ਚ ਪਹਿਲਾਂ ਤੋਂ ਹੀ ਬਲਾਕੇਜ ਜਾਂ ਬਲੱਡ ਕਲਾਟ ਹੁੰਦਾ ਹੈ।ਕਈ ਵਾਰ ਇਸ ਸਮੱਸਿਆ ਦੇ ਕੋਈ ਲੱਛਣ ਦਿਖਾਈ ਨਹੀਂ ਦਿੰਦੇ। ਅਜਿਹੇ ’ਚ ਮਰੀਜ਼ ਦਿਲ ਦੀ ਜਾਂਚ ਨਹੀਂ ਕਰਵਾਉਂਦੇ ਤੇ ਵਰਕਆਊਟ ਦੌਰਾਨ ਅਚਾਨਕ ਕਿਸੇ ਦਿਨ ਦਿਲ ਦਾ ਦੌਰਾ ਪੈ ਜਾਂਦਾ ਹੈ।

ਸਮੇਂ ’ਤੇ ਕਰਵਾਓ ਦਿਲ ਦੀ ਜਾਂਚ
ਡਾ. ਚਿਨਮਯ ਗੁਪਤਾ ਦੱਸਦੇ ਹਨ ਕਿ ਸਾਰੇ ਨੌਜਵਾਨਾਂ ਨੂੰ ਹਰ 6 ਮਹੀਨੇ ਬਾਅਦ ਦਿਲ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਕਿਉਂਕਿ ਬਾਹਰੋਂ ਫਿੱਟ ਦਿਸਣ ਦਾ ਮਤਲਬ ਇਹ ਨਹੀਂ ਕਿ ਦਿਲ ਦੀ ਕੋਈ ਬਿਮਾਰੀ ਨਹੀਂ ਹੋਵੇਗੀ। ਇਸ ਲਈ ਟੈਸਟ ਕਰਵਾਉਣਾ ਜ਼ਰੂਰੀ ਹੈ। ਇਸ ਦੇ ਨਾਲ ਤੁਸੀਂ ਆਸਾਨੀ ਨਾਲ ਵਧੇ ਹੋਏ ਕੋਲੈਸਟ੍ਰੋਲ ਜਾਂ ਦਿਲ ਦੀਆਂ ਧਮਣੀਆਂ ’ਚ ਕਿਸੇ ਵੀ ਰੁਕਾਵਟ ਬਾਰੇ ਜਾਣ ਜਾਵੋਗੇ, ਜੇਕਰ ਦਿਲ ਦੀ ਕੋਈ ਬੀਮਾਰੀ ਹੈ ਤਾਂ ਤੁਸੀਂ ਕਸਰਤ ਕਰਦੇ ਸਮੇਂ ਸਾਵਧਾਨ ਰਹੋਗੇ ਤੇ ਅਟੈਕ ਹੋਣ ਦੀ ਸੰਭਾਵਨਾ ਘੱਟ ਹੋਵੇਗੀ। ਡਾ. ਗੁਪਤਾ ਦਾ ਕਹਿਣਾ ਹੈ ਕਿ ਜਿੰਮ ’ਚ ਕਸਰਤ ਕਰਦੇ ਸਮੇਂ ਸਾਵਧਾਨ ਰਹਿਣਾ ਚਾਹੀਦਾ ਹੈ। ਧਿਆਨ ਰੱਖੋ ਕਿ ਕਦੇ ਵੀ ਭਾਰੀ ਵਰਕਆਉਟ ਅਚਾਨਕ ਸ਼ੁਰੂ ਨਾ ਕਰੋ।ਇਹ ਵੀ ਧਿਆਨ ’ਚ ਰੱਖੋ ਕਿ ਤੁਸੀਂ ਲੰਮੇ ਸਮੇਂ ਜਾਂ ਘੰਟਿਆਂ ਲਈ ਕੋਈ ਕਸਰਤ ਨਹੀਂ ਕਰ ਰਹੇ ਹੋ। ਕੋਸ਼ਿਸ਼ ਕਰੋ ਕਿ ਟ੍ਰੈਡਮਿਲ ’ਤੇ 20 ਮਿੰਟਾਂ ਤੋਂ ਵੱਧ ਨਾ ਦੌੜੋ ਤੇ ਕਸਰਤ ਡਾਕਟਰ ਦੀ ਸਲਾਹ ਅਨੁਸਾਰ ਹੀ ਕਰੋ।


ਹਾਰਟ ਅਟੈਕ ਤੋਂ ਬਚਣ ਦੇ ਨੁਸਖ਼ੇ :-

1. ਲੌਕੀ ਦਾ ਜੂਸ
ਲੌਕੀ ਦੀ ਸਬਜ਼ੀ ਜਾਂ ਜੂਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਕਾਫ਼ੀ ਹੱਦ ਤੱਕ ਘੱਟ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਸ ਨੂੰ ਕੱਚਾ ਖਾਣਾ ਦਿਲ ਲਈ ਬੇਹੱਦ ਫ਼ਾਇਦੇਮੰਦ ਹੁੰਦਾ ਹੈ।

2. ਪਿੱਪਲ ਦੇ ਪੱਤੇ
ਪਿੱਪਲ ਦੇ 10-12 ਪੱਤਿਆਂ ਨੂੰ ਸਾਫ਼ ਕਰਕੇ ਪਾਣੀ 'ਚ ਉਬਾਲ ਲਓ। ਘੱਟ ਤੋਂ ਘੱਟ 15 ਦਿਨਾਂ ਤਕ ਇਸ ਪਾਣੀ ਨੂੰ ਪੀਣ ਨਾਲ ਹਾਰਟ ਬਲਾਕੇਜ ਦੀ ਸਮੱਸਿਆ ਖ਼ਤਮ ਹੋ ਜਾਂਦੀ ਹੈ ਅਤੇ ਦਿਲ ਦੇ ਦੌਰੇ ਦਾ ਖ਼ਤਰਾ ਵੀ ਘੱਟ ਹੋ ਜਾਂਦਾ ਹੈ।

3. ਅੰਕੁਰਿਤ ਕਣਕ
ਕਣਕ ਨੂੰ 10 ਮਿੰਟ ਤਕ ਪਾਣੀ 'ਚ ਉਬਾਲ ਕੇ ਅੰਕੁਰਿਤ ਕਰਨ ਲਈ ਕਿਸੇ ਕੱਪੜੇ 'ਚ ਬੰਨ ਕੇ 1 ਇੰਚ ਲੰਬਾ ਹੋਣ ਦਿਓ। ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਦਿਲ ਦੇ ਦੌਰੇ ਦੀਆਂ ਸਮੱਸਿਆ ਦਾ ਖ਼ਤਰਾ ਘੱਟ ਹੋ ਜਾਂਦਾ ਹੈ।

4. ਗਾਜਰ ਦਾ ਜੂਸ
ਕੱਚੀ ਗਾਜਰ ਜਾਂ ਇਸ ਦੇ ਜੂਸ ਦੀ ਵਰਤੋਂ ਦਿਲ ਲਈ ਬਹੁਤ ਹੀ ਫ਼ਾਇਦੇਮੰਦ ਹੁੰਦੀ ਹੈ। ਰੋਜ਼ਾਨਾ ਗਾਜਰ ਦਾ ਰਸ ਪੀਣ ਅਤੇ ਡਾਈਟ 'ਚ ਹਰੀਆਂ ਸਬਜ਼ੀਆਂ ਸ਼ਾਮਲ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਦਿਲ ਦੇ ਦੌਰੇ ਦੀ ਬੀਮਾਰੀ ਤੋਂ ਬਚ ਸਕਦੇ ਹੋ।

5. ਅਦਰਕ ਦਾ ਰਸ
1 ਕੱਪ ਅਦਰਕ ਦਾ ਰਸ, ਨਿੰਬੂ ਦਾ ਰਸ, ਲਸਣ ਅਤੇ ਐੱਪਲ ਸਾਈਡਰ ਸਿਰਕੇ ਨੂੰ ਗਰਮ ਕਰੋ। ਠੰਡਾ ਹੋਣ 'ਤੇ ਇਸ 'ਚ ਸ਼ਹਿਦ ਮਿਕਸ ਕਰ ਲਓ। ਰੋਜ਼ਾਨਾ ਖਾਲੀ ਢਿੱਡ ਇਸ ਦੇ 3 ਚਮਚ ਪੀਣ ਨਾਲ ਹਾਰਟ ਬਲਾਕੇਜ ਦੀ ਸਮੱਸਿਆ ਖ਼ਤਮ ਹੁੰਦੀ ਹੈ।


ਨੋਟ : ਕਸਰਤ ਦੌਰਾਨ ਦਿਲ ਦਾ ਦੌਰਾ ਪੈਣ ਦਾ ਵੱਡਾ ਕਾਰਨ ਕੀ ਹੈ? ਕੁਮੈਂਟ ਕਰਕੇ ਦਿਓ ਆਪਣੀ ਰਾਏ
 


sunita

Content Editor

Related News