ਗਰਮੀਆਂ ’ਚ ਬੇਹੱਦ ਫ਼ਾਇਦੇਮੰਦ ਹੈ ਦੁੱਧ ਨਾਲ ਗੂੰਦ ਕਤੀਰੇ ਦਾ ਸੇਵਨ, ਸਰੀਰ ਨੂੰ ਮਿਲਦੇ ਨੇ ਇਹ 7 ਲਾਭ

05/31/2023 12:49:46 PM

ਜਲੰਧਰ (ਬਿਊਰੋ)– ਗੂੰਦ ਕਤੀਰੇ ਦਾ ਸੇਵਨ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ ਕਿਉਂਕਿ ਗੂੰਦ ਕਤੀਰਾ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਹਾਲਾਂਕਿ ਤੁਸੀਂ ਗੂੰਦ ਕਤੀਰੇ ਦਾ ਸੇਵਨ ਕਈ ਤਰੀਕਿਆਂ ਨਾਲ ਕਰ ਸਕਦੇ ਹੋ ਪਰ ਜੇਕਰ ਤੁਸੀਂ ਗੂੰਦ ਕਤੀਰੇ ਦਾ ਸੇਵਨ ਦੁੱਧ ਦੇ ਨਾਲ ਕਰਦੇ ਹੋ ਤਾਂ ਇਹ ਸਿਹਤ ਲਈ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਦੁੱਧ ਦੇ ਨਾਲ ਗੂੰਦ ਕਤੀਰੇ ਦਾ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ, ਨਾਲ ਹੀ ਕਈ ਸਿਹਤ ਸਬੰਧੀ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲਦਾ ਹੈ ਕਿਉਂਕਿ ਗੂੰਦ ਕਤੀਰਾ ਪ੍ਰੋਟੀਨ ਤੇ ਫੋਲਿਕ ਐਸਿਡ ਨਾਲ ਭਰਪੂਰ ਹੁੰਦਾ ਹੈ। ਦੂਜੇ ਪਾਸੇ ਦੁੱਧ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਡੀ, ਵਿਟਾਮਿਨ ਈ, ਮੈਗਨੀਸ਼ੀਅਮ ਵਰਗੇ ਤੱਤਾਂ ਨਾਲ ਭਰਪੂਰ ਹੁੰਦਾ ਹੈ, ਜੋ ਸਰੀਰ ਨੂੰ ਸਿਹਤਮੰਦ ਰੱਖਣ ’ਚ ਮਦਦ ਕਰਦੇ ਹਨ। ਆਓ ਇਸ ਲੇਖ ਦੇ ਜ਼ਰੀਏ ਜਾਣਦੇ ਹਾਂ ਕਿ ਗੂੰਦ ਕਤੀਰੇ ਨੂੰ ਦੁੱਧ ਦੇ ਨਾਲ ਖਾਣ ਦੇ ਕੀ ਫ਼ਾਇਦੇ ਹਨ।

ਗੂੰਦ ਕਤੀਰੇ ਨੂੰ ਦੁੱਧ ਦੇ ਨਾਲ ਖਾਣ ਦੇ 7 ਫ਼ਾਇਦੇ

ਹੱਡੀਆਂ ਨੂੰ ਬਣਾਏ ਮਜ਼ਬੂਤ
ਗੂੰਦ ਕਤੀਰੇ ਦਾ ਦੁੱਧ ਨਾਲ ਸੇਵਨ ਕਰਨਾ ਹੱਡੀਆਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ ਕਿਉਂਕਿ ਇਸ ਮਿਸ਼ਰਣ ’ਚ ਕਾਫੀ ਮਾਤਰਾ ’ਚ ਕੈਲਸ਼ੀਅਮ ਹੁੰਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਤੇ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ’ਚ ਮਦਦ ਕਰਦਾ ਹੈ।

ਬਲੱਡ ਪ੍ਰੈਸ਼ਰ ਕਰੇ ਕੰਟਰੋਲ
ਹਾਈ ਬਲੱਡ ਪ੍ਰੈਸ਼ਰ ਦੇ ਰੋਗੀਆਂ ਲਈ ਗੂੰਦ ਕਤੀਰੇ ਦਾ ਦੁੱਧ ਨਾਲ ਸੇਵਨ ਕਰਨਾ ਫ਼ਾਇਦੇਮੰਦ ਹੁੰਦਾ ਹੈ ਕਿਉਂਕਿ ਇਸ ਮਿਸ਼ਰਣ ’ਚ ਮੌਜੂਦ ਤੱਤ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ’ਚ ਮਦਦ ਕਰਦੇ ਹਨ, ਜਿਸ ਨਾਲ ਦਿਲ ਸਬੰਧੀ ਬੀਮਾਰੀਆਂ ਦਾ ਖ਼ਤਰਾ ਵੀ ਘੱਟ ਹੁੰਦਾ ਹੈ।

ਲੂ ਲੱਗਣ ਤੋਂ ਕਰੇ ਬਚਾਅ
ਗਰਮੀਆਂ ’ਚ ਗੂੰਦ ਕਤੀਰੇ ਨੂੰ ਦੁੱਧ ’ਚ ਮਿਲਾ ਕੇ ਪੀਓ ਤਾਂ ਫ਼ਾਇਦਾ ਹੁੰਦਾ ਹੈ ਕਿਉਂਕਿ ਇਸ ’ਚ ਕੂਲਿੰਗ ਇਫੈਕਟ ਹੁੰਦਾ ਹੈ, ਜੋ ਸਰੀਰ ਨੂੰ ਠੰਡਾ ਰੱਖਣ ਦੇ ਨਾਲ-ਨਾਲ ਲੂਹ ਲੱਗਣ ਤੋਂ ਰੋਕਣ ’ਚ ਮਦਦ ਕਰਦਾ ਹੈ।

ਕਮਜ਼ੋਰੀ ਕਰੇ ਦੂਰ
ਕਮਜ਼ੋਰੀ ਤੇ ਥਕਾਵਟ ਮਹਿਸੂਸ ਹੋਣ ’ਤੇ ਗੂੰਦ ਕਤੀਰੇ ਨੂੰ ਦੁੱਧ ’ਚ ਮਿਲਾ ਕੇ ਸੇਵਨ ਕਰਨ ਨਾਲ ਫ਼ਾਇਦਾ ਹੁੰਦਾ ਹੈ ਕਿਉਂਕਿ ਇਸ ਮਿਸ਼ਰਣ ’ਚ ਮੌਜੂਦ ਪ੍ਰੋਟੀਨ ਸਰੀਰ ਨੂੰ ਦਿਨ ਭਰ ਐਨਰਜੀ ਭਰਪੂਰ ਰੱਖਣ ’ਚ ਮਦਦ ਕਰਦਾ ਹੈ।

ਅਨਿੰਦਰੇ ’ਚ ਫ਼ਾਇਦੇਮੰਦ
ਜੇਕਰ ਤੁਸੀਂ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਤੁਹਾਨੂੰ ਗੂੰਦ ਕਤੀਰੇ ਦਾ ਦੁੱਧ ’ਚ ਮਿਲਾ ਕੇ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਇਸ ਮਿਸ਼ਰਣ ਦੇ ਸੇਵਨ ਨਾਲ ਚੰਗੀ ਤੇ ਡੂੰਘੀ ਨੀਂਦ ਆਉਂਦੀ ਹੈ।

ਇਮਿਊਨਿਟੀ ਵਧਾਏ
ਜੇਕਰ ਤੁਹਾਡੀ ਇਮਿਊਨਿਟੀ ਕਮਜ਼ੋਰ ਹੈ ਤਾਂ ਦੁੱਧ ਦੇ ਨਾਲ ਗੂੰਦ ਕਤੀਰੇ ਦਾ ਸੇਵਨ ਕਰੋ ਕਿਉਂਕਿ ਇਸ ਮਿਸ਼ਰਣ ’ਚ ਮੌਜੂਦ ਵਿਟਾਮਿਨ ਇਮਿਊਨਿਟੀ ਵਧਾਉਣ ’ਚ ਮਦਦ ਕਰਦੇ ਹਨ, ਜਿਸ ਨਾਲ ਵਾਇਰਲ ਇਨਫੈਕਸ਼ਨ ਨੂੰ ਰੋਕਿਆ ਜਾਂਦਾ ਹੈ।

ਖ਼ੂਨ ਦੀ ਘਾਟ ਕਰੇ ਦੂਰ
ਸਰੀਰ ’ਚ ਖ਼ੂਨ ਦੀ ਕਮੀ ਹੋਣ ’ਤੇ ਗੂੰਦ ਕਤੀਰੇ ਦਾ ਦੁੱਧ ਦੇ ਨਾਲ ਸੇਵਨ ਕਰਨ ਨਾਲ ਫ਼ਾਇਦਾ ਹੁੰਦਾ ਹੈ ਕਿਉਂਕਿ ਇਸ ’ਚ ਮੌਜੂਦ ਫੋਲਿਕ ਐਸਿਡ ਹੀਮੋਗਲੋਬਿਨ ਦੇ ਪੱਧਰ ਨੂੰ ਵਧਾਉਣ ’ਚ ਮਦਦ ਕਰਦਾ ਹੈ, ਜੋ ਅਨੀਮੀਆ ਨੂੰ ਠੀਕ ਕਰਦਾ ਹੈ।

ਨੋਟ– ਤੁਸੀਂ ਗੂੰਦ ਕਤੀਰੇ ਦੀ ਵਰਤੋਂ ਕਰਦੇ ਹੋ ਜਾਂ ਨਹੀਂ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News