ਤਣਾਅ ਤੇ ਲੱਕ ਦਰਦ ਤੋਂ ਪਰੇਸ਼ਾਨ ਲੋਕ ਮਖਾਣਿਆਂ ਦਾ ਕਰਨ ਸੇਵਨ, ਹੋਣਗੇ ਹੋਰ ਵੀ ਕਈ ਫ਼ਾਇਦੇ
Monday, Nov 27, 2023 - 06:34 PM (IST)
ਜਲੰਧਰ – ਸੁੱਕੇ ਮੇਵੇ ਵਾਂਗ ਮਖਾਣੇ ਖਾਣ ਨਾਲ ਵੀ ਸਰੀਰ ਨੂੰ ਬਹੁਤ ਫ਼ਾਇਦੇ ਹੁੰਦੇ ਹਨ। ਮਖਾਣਿਆਂ ਨੂੰ ਅਸੀਂ ਕੱਚੇ ਅਤੇ ਭੁੱਨ ਕੇ ਦੋਵਾਂ ਤਰ੍ਹਾਂ ਨਾਲ ਖਾ ਸਕਦੇ ਹਾਂ। ਪੁਰਾਣੇ ਲੋਕ ਮਖਾਣਿਆਂ ਨੂੰ ਪੀਸ ਕੇ ਕਣਕ ਦੇ ਆਟੇ ’ਚ ਮਿਲਾ ਕੇ ਖਾਂਦੇ ਸਨ ਤਾਂ ਜੋ ਆਟੇ ਨੂੰ ਪ੍ਰੋਟੀਨ ਭਰਪੂਰ ਬਣਾਇਆ ਜਾ ਸਕੇ। ਮਖਾਣਿਆਂ ਨੂੰ ਅਸੀਂ ਅਕਸਰ ਸਰਦੀਆਂ 'ਚ ਪੰਜੀਰੀ ਜਾਂ ਪਿੰਨੀਆਂ ਆਦਿ 'ਚ ਮਿਲਾ ਕੇ ਖਾਂਦੇ ਹਾਂ, ਕਿਉੁਂਕਿ ਇਹ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ। ਮਖਾਣੇ ਵਧਦੀ ਉਮਰ ਦੇ ਲੱਛਣਾਂ ਨੂੰ ਘੱਟ ਕਰਨ ਲਈ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ। ਇਹ ਵਧਦੀ ਉਮਰ ਦੇ ਲੱਛਣਾਂ ਨੂੰ ਘੱਟ ਕਰਨ ਦਾ ਕੰਮ ਕਰਦੇ ਹਨ। ਕੈਲਸ਼ੀਅਮ ਨਾਲ ਭਰਪੂਰ ਹੋਣ ਕਾਰਨ ਇਸ ਨਾਲ ਜੋੜਾਂ ਦੇ ਦਰਦ ਤੋ ਰਾਹਤ ਮਿਲਦੀ ਹੈ। ਮਖਾਣੇ ਖਾਣ ਨਾਲ ਹੋਰ ਕਿਹੜੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ.....
1. ਗੁਰਦਿਆਂ ਲਈ ਚੰਗੇ
ਮਖਾਣੇ ਖਾਣ ਨਾਲ ਗੁਰਦੇ ਹਮੇਸ਼ਾ ਠੀਕ ਰਹਿੰਦੇ ਹਨ, ਜਿਸ ਨਾਲ ਸਿਹਤ ਚੰਗੀ ਰਹਿੰਦੀ ਹੈ। ਮਖਾਣਿਆਂ ‘ਚ ਮਿਠਾਸ ਬਹੁਤ ਘੱਟ ਹੋਣ ਕਾਰਨ ਇਹ ਸਪਲੀਨ ਨੂੰ ਡਿਟਾਕਸੀਫਾਈ ਕਰਦਾ ਹੈ। ਕਿਡਨੀ ਨੂੰ ਮਜ਼ਬੂਤ ਬਣਾਉਣ ਤੇ ਖੂਨ ਨੂੰ ਬਿਹਤਰ ਰੱਖਣ ਲਈ ਇਨ੍ਹਾਂ ਦਾ ਰੋਜ਼ਾਨਾ ਸੇਵਨ ਕਰੋ।
2. ਹੱਡੀਆਂ ਨੂੰ ਮਜ਼ਬੂਤ ਕਰਦਾ
ਮਖਾਣੇ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਹਨ, ਜੋ ਹੱਡੀਆਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਹਨ। ਜੇਕਰ ਤੁਹਾਡੀਆਂ ਹੱਡੀਆਂ 'ਚ ਦਰਦ ਹੁੰਦਾ ਹੈ ਤਾਂ ਤੁਹਾਨੂੰ ਸਵੇਰ ਦੇ ਸਮੇਂ ਮਖਾਣਿਆਂ ਦਾ ਸੇਵਨ ਕਰਨਾ ਚਾਹੀਦਾ ਹੈ।
3. ਤਣਾਅ ਅਤੇ ਅਨਿੰਦਰੇ ਦੀ ਸਮੱਸਿਆ ਦੂਰ
ਜੇਕਰ ਤੁਸੀਂ ਤਣਾਅ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹੋ ਅਤੇ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਤੁਸੀਂ ਰੋਜ਼ਾਨਾ ਮਖਾਣਿਆਂ ਦਾ ਸੇਵਨ ਕਰੋ। ਮਖਾਣੇ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਸ ਲਈ ਰਾਤ ਨੂੰ ਸੌਂਣ ਤੋਂ ਪਹਿਲਾਂ ਇੱਕ ਗਲਾਸ ਦੁੱਧ ਦੇ ਨਾਲ ਮਖਾਣਿਆਂ ਦਾ ਸੇਵਨ ਕਰਨ ਨਾਲ ਚੰਗੀ ਨੀਂਦ ਆਉਂਦੀ ਹੈ। ਨਾਲ ਹੀ ਤਣਾਅ ਵੀ ਘੱਟ ਹੁੰਦਾ ਹੈ।
4. ਪਾਚਨ ਵਿੱਚ ਸੁਧਾਰ
ਮਖਾਣੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ, ਜੋ ਹਰ ਤਰ੍ਹਾਂ ਦੀ ਉਮਰ ਦੇ ਲੋਕਾਂ ਲਈ ਫ਼ਾਇਦੇਮੰਦ ਹਨ। ਇਸ ਤੋਂ ਇਲਾਵਾ ਫੂਲ ਮਖਾਣੇ ਵਿਚ ਐਸਟਰ ਪੁੰਜ ਗੁਣ ਵੀ ਹੁੰਦੇ ਹਨ, ਜਿਸ ਕਾਰਨ ਇਹ ਦਸਤ ਤੋਂ ਰਾਹਤ ਦਿਵਾਉਂਦਾ ਹੈ ਅਤੇ ਭੁੱਖ ਵਧਾਉਣ ਵਿਚ ਮਦਦਗਾਰ ਹੁੰਦਾ ਹੈ।
5. ਲੱਕ ਦਰਦ ਦੀ ਸਮੱਸਿਆ
ਬੱਚਾ ਪੈਦਾ ਹੋਣ ਮਗਰੋਂ ਅਕਸਰ ਔਰਤਾਂ ਨੂੰ ਲੱਕ ਦਰਦ ਦੀ ਸਮੱਸਿਆ ਰਹਿੰਦੀ ਹੈ। ਇਸ ਲਈ ਉਨ੍ਹਾਂ ਨੂੰ ਕਿਸੇ ਵੀ ਰੂਪ 'ਚ ਫੁੱਲ ਮਖਾਣਿਆਂ ਦਾ ਸੇਵਨ ਕਰਨਾ ਚਾਹੀਦੈ, ਇਸ ਨਾਲ ਲੱਕ 'ਚ ਹੋਣ ਵਾਲੇ ਦਰਦ ਤੋਂ ਰਾਹਤ ਮਿਲਦੀ ਹੈ ਅਤੇ ਸਰੀਰ ਨੂੰ ਤਾਕਤ ਮਿਲਦੀ ਹੈ।
6. ਗਰਭ ਅਵਸਥਾ 'ਚ ਫ਼ਾਇਦੇਮੰਦ
ਗਰਭ ਅਵਸਥਾ ਵਿੱਚ ਮਖਾਣੇ ਗਰਭਵਤੀ ਔਰਤਾਂ ਅਤੇ ਬੱਚੇ ਦੋਵਾਂ ਲਈ ਫ਼ਾਇਦੇਮੰਦ ਮੰਨੇ ਜਾਂਦੇ ਹਨ। ਮਖਾਨੇ ਖਾਣ ਨਾਲ ਗਰਭਵਤੀ ਔਰਤਾਂ ਨੂੰ ਸਾਰੇ ਜ਼ਰੂਰੀ ਪੋਸ਼ਕ ਤੱਤ ਮਿਲਦੇ ਹਨ। ਇਸ ਦੇ ਸੇਵਨ ਨਾਲ ਸਰੀਰਕ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਥਕਾਵਟ ਦੂਰ ਹੁੰਦੀ ਹੈ।