AIIMS ਦੀ ਵੱਡੀ ਖੁਸ਼ਖਬਰੀ! ਮਾਂ ਦੇ ਦੁੱਧ ਵਾਲੇ ''ਲੈਕਟੋਫੇਰਿਨ'' ਨਾਲ ਹੁਣ ਅੱਖਾਂ ਦਾ ਸੂਖਾਪਨ ਹੋਵੇਗਾ ਜੜ੍ਹ ਤੋਂ ਖ਼ਤਮ

Tuesday, Apr 07, 2026 - 12:57 PM (IST)

AIIMS ਦੀ ਵੱਡੀ ਖੁਸ਼ਖਬਰੀ! ਮਾਂ ਦੇ ਦੁੱਧ ਵਾਲੇ ''ਲੈਕਟੋਫੇਰਿਨ'' ਨਾਲ ਹੁਣ ਅੱਖਾਂ ਦਾ ਸੂਖਾਪਨ ਹੋਵੇਗਾ ਜੜ੍ਹ ਤੋਂ ਖ਼ਤਮ

ਹੈਲਥ ਡੈਸਕ  - ਦਿੱਲੀ ਸਥਿਤ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਜ਼) ਦੇ ਮਾਹਿਰਾਂ ਨੇ ਇਕ ਅਹਿਮ ਖੋਜ ਵਿੱਚ ਖੁਲਾਸਾ ਕੀਤਾ ਹੈ ਕਿ ਮਾਂ ਦੇ ਦੁੱਧ ਵਿੱਚ ਪਾਇਆ ਜਾਣ ਵਾਲਾ 'ਲੈਕਟੋਫੇਰਿਨ' ਪ੍ਰੋਟੀਨ ਅੱਖਾਂ ਦੇ ਸੂਖਾਪਨ (Dry Eyes) ਦੀ ਸਮੱਸਿਆ ਨੂੰ ਦੂਰ ਕਰਨ 'ਚ ਕਾਰਗਰ ਸਾਬਤ ਹੋ ਸਕਦਾ ਹੈ। ਮਾਹਿਰਾਂ ਅਨੁਸਾਰ ਅੱਖਾਂ ਦੀ ਸਰਜਰੀ ਅਤੇ ਮੋਬਾਈਲ ਦੀ ਬਹੁਤ ਜ਼ਿਆਦਾ ਵਰਤੋਂ ਕਾਰਨ ਅੱਖਾਂ ਦੇ ਸੁੱਕਣ ਦੀ ਸਮੱਸਿਆ ਤੇਜ਼ੀ ਨਾਲ ਵਧ ਰਹੀ ਹੈ।

ਸਰਜਰੀ ਤੋਂ ਬਾਅਦ 60 ਫੀਸਦੀ ਮਰੀਜ਼ਾਂ 'ਚ ਹੁੰਦੀ ਹੈ ਸਮੱਸਿਆ
ਏਮਜ਼ ਦੇ ਮਾਹਿਰਾਂ ਨੇ ਦੱਸਿਆ ਕਿ ਚਸ਼ਮਾ ਹਟਾਉਣ ਵਾਲੀ ਸਰਜਰੀ (ਪੋਸਟ ਰਿਫ੍ਰੈਕਟਿਵ ਸਰਜਰੀ) ਤੋਂ ਬਾਅਦ ਲਗਭਗ 60 ਫੀਸਦੀ ਮਰੀਜ਼ਾਂ ਨੂੰ ਅੱਖਾਂ 'ਚ ਸੂਖਾਪਨ ਦੀ ਸ਼ਿਕਾਇਤ ਹੁੰਦੀ ਹੈ। ਜੇਕਰ ਇਸ ਦਾ ਲੰਬੇ ਸਮੇਂ ਤੱਕ ਇਲਾਜ ਨਾ ਕੀਤਾ ਜਾਵੇ, ਤਾਂ ਅੱਖਾਂ 'ਚ ਇਨਫੈਕਸ਼ਨ, ਕੋਰਨੀਆ 'ਤੇ ਬੁਰਾ ਅਸਰ ਜਾਂ ਅੱਖਾਂ ਦੀ ਰੋਸ਼ਨੀ ਜਾਣ ਦਾ ਖਤਰਾ ਵੀ ਬਣ ਸਕਦਾ ਹੈ।

ਕੀ ਹੈ ਲੈਕਟੋਫੇਰਿਨ?
ਬਾਇਓਫਿਜ਼ਿਕਸ ਵਿਭਾਗ ਦੇ ਡਾਕਟਰਾਂ ਅਨੁਸਾਰ ਲੈਕਟੋਫੇਰਿਨ ਇਕ ਗਲਾਈਕੋਪ੍ਰੋਟੀਨ ਹੈ। ਇਹ ਮਾਂ ਦੇ ਗਾੜ੍ਹੇ ਪੀਲੇ ਦੁੱਧ ਤੋਂ ਇਲਾਵਾ ਖੂਨ ਅਤੇ ਸਰੀਰ ਦੇ ਹੋਰ ਤਰਲ ਪਦਾਰਥਾਂ 'ਚ ਵੀ ਪਾਇਆ ਜਾਂਦਾ ਹੈ। ਖੋਜ ਦੌਰਾਨ ਇਸ ਪ੍ਰੋਟੀਨ ਦੀ ਵਰਤੋਂ ਅੱਖਾਂ 'ਚ ਗੋਲੀ ਜਾਂ ਆਈ ਡ੍ਰੌਪਸ ਦੇ ਰੂਪ 'ਚ ਕੀਤੀ ਗਈ ਹੈ। ਮੌਜੂਦਾ ਸਮੇਂ 'ਚ ਇਸ ਦੇ ਇਲਾਜ ਲਈ ਵਰਤੇ ਜਾਣ ਵਾਲੇ ਸਟੀਰੌਇਡਜ਼ ਦੇ ਮੁਕਾਬਲੇ ਲੈਕਟੋਫੇਰਿਨ ਇਕ ਸੁਰੱਖਿਅਤ ਅਤੇ ਬਿਹਤਰ ਵਿਕਲਪ ਹੈ।

50 ਮਰੀਜ਼ਾਂ 'ਤੇ ਸਫਲ ਪ੍ਰਯੋਗ, ਹੁਣ 200 'ਤੇ ਟਰਾਇਲ
ਏਮਜ਼ 'ਚ ਸਰਜਰੀ ਕਰਵਾ ਚੁੱਕੇ 50 ਮਰੀਜ਼ਾਂ 'ਤੇ ਕੀਤੀ ਗਈ ਖੋਜ 'ਚ ਪਾਇਆ ਗਿਆ ਕਿ ਜਿਨ੍ਹਾਂ ਮਰੀਜ਼ਾਂ ਨੂੰ ਲੈਕਟੋਫੇਰਿਨ ਦਿੱਤਾ ਗਿਆ, ਉਨ੍ਹਾਂ ਦੀਆਂ ਅੱਖਾਂ 'ਚ ਕੁਦਰਤੀ ਤੌਰ 'ਤੇ ਹੰਝੂ ਬਣਨ ਦੀ ਪ੍ਰਕਿਰਿਆ ਆਮ ਵਾਂਗ ਹੋ ਗਈ। ਇਸ ਖੋਜ ਦੀ ਸਫਲਤਾ ਨੂੰ ਦੇਖਦੇ ਹੋਏ ਹੁਣ 200 ਮਰੀਜ਼ਾਂ 'ਤੇ ਵੱਡੇ ਪੱਧਰ 'ਤੇ ਟਰਾਇਲ ਸ਼ੁਰੂ ਕੀਤਾ ਗਿਆ ਹੈ, ਜਿਸ 'ਚ ਅੱਖਾਂ ਦੀ ਸਤਹ ਅਤੇ ਹੰਝੂਆਂ ਦੀ ਗੁਣਵੱਤਾ ਦੀ ਜਾਂਚ ਕੀਤੀ ਜਾਵੇਗੀ।


author

Sunaina

Content Editor

Related News