ਮਲੇਰੀਆ ਦੇ ਸ਼ਿਕਾਰ ਮਰੀਜ਼ ਡਾਈਟ ’ਚ ਸ਼ਾਮਲ ਕਰਨ ਇਹ 5 Foods, ਦਿਨਾਂ ’ਚ ਹੋ ਜਾਣਗੇ ਤੰਦਰੁਸਤ
Tuesday, Apr 25, 2023 - 02:12 PM (IST)

ਜਲੰਧਰ (ਬਿਊਰੋ)– ਅੱਜ ਯਾਨੀ 25 ਅਪ੍ਰੈਲ ਨੂੰ ‘ਵਿਸ਼ਵ ਮਲੇਰੀਆ ਦਿਵਸ’ ਪੂਰੀ ਦੁਨੀਆ ’ਚ ਮਨਾਇਆ ਜਾਂਦਾ ਹੈ। ਇਸ ਦਿਨ ਲੋਕਾਂ ਨੂੰ ਮਲੇਰੀਆ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਮਲੇਰੀਆ ਮਾਦਾ ਮੱਛਰ ਐਨੋਫੇਲੀਜ਼ ਦੇ ਕੱਟਣ ਨਾਲ ਹੁੰਦਾ ਹੈ। ਆਮ ਮਲੇਰੀਆ ਹੋਣ ਤੋਂ ਬਾਅਦ ਕੋਈ ਵਿਅਕਤੀ ਜਲਦੀ ਠੀਕ ਹੋ ਜਾਂਦਾ ਹੈ। ਦੂਜੇ ਪਾਸੇ ਗੰਭੀਰ ਮਲੇਰੀਆ ਹੋਣ ਦੀ ਸੂਰਤ ’ਚ ਮਰੀਜ਼ ਨੂੰ ਹਸਪਤਾਲ ’ਚ ਦਾਖ਼ਲ ਕਰਵਾਉਣਾ ਪੈਂਦਾ ਹੈ। ਮਲੇਰੀਆ ’ਚ ਦਵਾਈਆਂ ਦੇ ਨਾਲ-ਨਾਲ ਜੇਕਰ ਭੋਜਨ ਨੂੰ ਸਹੀ ਰੱਖਿਆ ਜਾਵੇ ਤਾਂ ਸਰੀਰ ਨੂੰ ਤਾਕਤ ਮਿਲਦੀ ਹੈ ਤੇ ਮਰੀਜ਼ ਜਲਦੀ ਠੀਕ ਹੋ ਸਕਦਾ ਹੈ।
ਮਲੇਰੀਆ ਹੋਣ ’ਤੇ ਮਰੀਜ਼ ਨੂੰ ਕੀ ਖੁਆਈਏ?
1. ਪੌਸ਼ਟਿਕ ਆਹਾਰ ਖਾਓ
ਤੁਹਾਡੀ ਖੁਰਾਕ ਜਿੰਨੀ ਜ਼ਿਆਦਾ ਪੌਸ਼ਟਿਕ ਤੇ ਸਿਹਤਮੰਦ ਹੋਵੇਗੀ, ਤੁਹਾਡੇ ਮਲੇਰੀਆ ਤੋਂ ਠੀਕ ਹੋਣ ਦੀ ਸੰਭਾਵਨਾ ਓਨੀ ਹੀ ਜ਼ਿਆਦਾ ਹੋਵੇਗੀ। ਮਰੀਜ਼ ਨੂੰ ਭੋਜਨ ’ਚ ਸੰਤੁਲਿਤ ਖੁਰਾਕ ਦਿੱਤੀ ਜਾਣੀ ਚਾਹੀਦੀ ਹੈ। ਸੰਤੁਲਿਤ ਆਹਾਰ ’ਚ ਅਨਾਜ, ਦਾਲਾਂ, ਸਬਜ਼ੀਆਂ, ਫਲ, ਤਰਲ ਪਦਾਰਥ ਦਿਓ। ਇਹ ਸਾਰੇ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ, ਨਾਲ ਹੀ ਸਰੀਰ ’ਚ ਤਰਲ ਸੰਤੁਲਨ ਬਣਾਈ ਰੱਖਦੇ ਹਨ।
2. ਮਰੀਜ਼ ਨੂੰ ਹਾਈਡਰੇਟ ਰੱਖੋ
ਮਲੇਰੀਆ ਦੇ ਮਾਮਲੇ ’ਚ ਮਰੀਜ਼ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੈ। ਇਸ ਦੇ ਲਈ ਮਰੀਜ਼ ਨੂੰ ਜ਼ਿਆਦਾ ਮਾਤਰਾ ’ਚ ਤਰਲ ਪਦਾਰਥ ਜਿਵੇਂ ਨਾਰੀਅਲ ਪਾਣੀ, ਨਿੰਬੂ ਪਾਣੀ, ਮੱਖਣ, ਲੱਸੀ, ਸੂਪ, ਦਾਲ ਦਾ ਸੂਪ, ਸੇਬ ਦਾ ਰਸ, ਐਲੇਕਟੋਰਲ ਪਾਣੀ ਆਦਿ ਦਿਓ।
3. ਖੱਟੇ ਫਲ ਖੁਆਓ
ਮਲੇਰੀਆ ਹੋਣ ’ਤੇ ਮਰੀਜ਼ ਨੂੰ ਖੱਟੇ ਫਲ ਖੁਆਉਣੇ ਚਾਹੀਦੇ ਹਨ। ਫਲ ਖਾਣ ਨਾਲ ਵਿਅਕਤੀ ਦੀ ਰੋਗ ਪ੍ਰਤੀਰੋਧਕ ਸਮਰੱਥਾ ਮਜ਼ਬੂਤ ਹੁੰਦੀ ਹੈ, ਇਸ ਦੇ ਲਈ ਨਿੰਬੂ, ਸੰਤਰਾ, ਅੰਗੂਰ, ਕੀਵੀ ਆਦਿ ਖਾਓ।
4. ਘੱਟ ਫਾਈਬਰ ਵਾਲੇ ਭੋਜਨ ਦਿਓ
ਮਲੇਰੀਆ ਦੇ ਮਾਮਲੇ ’ਚ ਸ਼ੁਰੂਆਤੀ ਪੜਾਅ ’ਚ ਘੱਟ ਫਾਈਬਰ ਵਾਲੀ ਖੁਰਾਕ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਮਰੀਜ਼ ਨੂੰ ਖਿਚੜੀ, ਮੂੰਗੀ ਦੀ ਦਾਲ ਦੇ ਨਾਲ ਉਬਲੇ ਨਰਮ ਚੌਲ, ਦਲੀਆ ਆਦਿ ਖੁਆਓ।
5. ਸਿਹਤਮੰਦ ਪ੍ਰੋਟੀਨ ਸ਼ਾਮਲ ਕਰੋ
ਮਲੇਰੀਆ ਤੋਂ ਪੀੜਤ ਮਰੀਜ਼ ਨੂੰ ਸਿਹਤਮੰਦ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਦੀ ਲੋੜੀਂਦੀ ਮਾਤਰਾ ਦਿਓ। ਹਲਕੀਆਂ ਦਾਲਾਂ, ਚਿਕਨ ਤੇ ਫਿਸ਼ ਸਟਿਊ, ਚਿਕਨ ਸੂਪ, ਸਕਿਮਡ ਮਿਲਕ ਤੇ ਇਸ ਤੋਂ ਬਣੇ ਉਤਪਾਦਾਂ ਨੂੰ ਖੁਆਓ।
ਨੋਟ– ਇਹ ਸਿਰਫ ਆਮ ਜਾਣਕਾਰੀ ਹੈ। ਕੁਝ ਵੀ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।