ਜਨਮ ਦਿਨ ਬੱਚਿਅਾਂ ਦੇ ਨਾਮ, ਚਾਚਾ ਨਹਿਰੂ ਨੂੰ ਸਲਾਮ

11/15/2018 3:53:40 PM

ਗੁਰਦਾਸਪੁਰ (ਹਰਮਨਪ੍ਰੀਤ) - ਅਾਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੋ ਚਾਚਾ ਨਹਿਰੂ ਦੇ ਨਾਮ ਨਾਲ ਵੀ ਪ੍ਰਸਿੱਧ ਹਨ, ਦੇ ਜਨਮ ਦਿਵਸ ਮੌਕੇ ਬੱਚਿਆਂ ਦੇ ਅਧਿਕਾਰਾਂ, ਸੁਰੱਖਿਆ ਤੇ ਸਿੱਖਿਆ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਅੱਜ ਵੱਖ-ਵੱਖ ਸਿੱਖਿਆ ਸੰਸਥਾਵਾਂ ’ਚ ਪ੍ਰਭਾਵਸ਼ਾਲੀ ਸਮਾਰੋਹ ਕਰਵਾਏ ਗਏ। ਜ਼ਿਕਰਯੋਗ ਹੈ ਕਿ ਹਰੇਕ ਸਾਲ 14 ਨਵੰਬਰ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਵਸ ਨੂੰ ਬਾਲ ਦਿਵਸ ਦੇ ਰੂਪ ’ਚ ਮਨਾਇਆ ਜਾਂਦਾ ਹੈ ਜਿਸ ਤਹਿਤ ਨਾ ਸਿਰਫ ਭਾਰਤ ਅੰਦਰ ਸਗੋਂ ਦੁਨੀਆ ਦੇ ਹੋਰ ਹਿਸਿਆਂ ’ਚ ਵੀ ਬਾਲ ਦਿਵਸ ਮਨਾਇਆ ਜਾਂਦਾ ਹੈ। ਇਸ ਤਹਿਤ ਜਿਥੇ ਬੱਚਿਆਂ ਨੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤੇ ਉਥੇ ਬੱਚਿਆਂ ਅਧਿਆਪਕਾਂ ਤੇ ਸੰਸਥਾਵਾਂ ਦੇ ਪ੍ਰਬੰਧਕਾਂ ਨੇ ਕੇਕ ਕੱਟਣ ਤੋਂ ਇਲਾਵਾ ਇਸ ਦਿਨ ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਇਸ ਤਹਿਤ ਫੋਸਟਰ ਕਿਡਜ਼ ਸਕੂਲ ਗੁਰਦਾਸਪੁਰ ’ਚ ਸਕੂਲ ਦੇ ਐੱਮ.ਡੀ. ਅਜੀਤ ਸਿੰਘ ਗੁਰਾਇਆ ਨੇ ਬੱਚਿਆਂ ਨਾਲ ਕੇਕ ਕੱਟ ਕੇ ਇਸ ਦਿਵਸ ਦੀ ਖੁਸ਼ੀ ਸਾਂਝੀ ਕੀਤੀ। ਇਸ ਦੌਰਾਨ ਬੱਚਿਅਾਂ ਨੇ ਬਾਲ ਦਿਵਸ ਮਨਾ ਕੇ ਚਾਚਾ ਨਹਿਰੂ ਜੀ ਨੂੰ ਸਲਾਮ ਕੀਤਾ। ਇਸ ਮੌਕੇ ਪ੍ਰਿੰਸੀਪਲ ਮੈਡਮ ਰਮਨਦੀਪ ਕੌਰ, ਬਲਵਿੰਦਰ ਕੌਰ, ਹਰਜੀਤ ਕੌਰ, ਰਜਨੀ ਤੇ ਸੁਮਨਪ੍ਰੀਤ ਆਦਿ ਹਾਜ਼ਰ ਸਨ।


Related News