ਜਜ਼ਬੇ ਨੂੰ ਸਲਾਮ, 6 ਸਾਲ ਦੇ ਯੁਵਾਨ ਨੇ ਮਾਊਂਟ ਐਵਰੈਸਟ ਦੇ ਬੇਸ ਕੈਂਪ ''ਤੇ ਲਹਿਰਾਇਆ ਤਿਰੰਗਾ
Saturday, Apr 27, 2024 - 05:17 PM (IST)
ਬਿਲਾਸਪੁਰ- ਕਹਿੰਦੇ ਹਨ ਕਿ ਇਕ ਬੱਚੇ ਨੂੰ ਜੇਕਰ ਮਾਪਿਆਂ ਦਾ ਸਹੀ ਮਾਰਗਦਰਸ਼ਨ ਮਿਲੇ ਤਾਂ ਉਹ ਵੱਡੇ ਤੋਂ ਵੱਡਾ ਮੁਕਾਮ ਵੀ ਹਾਸਲ ਕਰ ਸਕਦਾ ਹੈ। ਅਜਿਹਾ ਹੀ ਕੁਝ ਕਰ ਵਿਖਾਇਆ ਹੈ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ ਦੇ ਜੁਖਾਲਾ ਖੇਤਰ ਨਾਲ ਸਬੰਧ ਰੱਖਣ ਵਾਲੇ 6 ਸਾਲਾ ਯੁਵਾਨ ਨੇ। ਇਸ ਛੋਟੇ ਜਿਹੇ ਬੱਚੇ ਨੇ ਉਹ ਕਰ ਵਿਖਾਇਆ, ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ। 6 ਸਾਲਾ ਯੁਵਾਨ ਨੇ 6 ਮਹੀਨੇ ਦੀ ਸਖ਼ਤ ਟ੍ਰੇਨਿੰਗ ਮਗਰੋਂ ਮਾਊਂਟ ਐਵਰੈਸਟ ਦੇ ਬੇਸ ਕੈਂਪ ਨੂੰ ਫਤਿਹ ਕਰ ਕੇ ਦੇਸ਼ ਅਤੇ ਪ੍ਰਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।
ਇਹ ਬੇਸ ਕੈਂਪ ਦੁਨੀਆ ਦਾ ਸਭ ਤੋਂ ਉੱਚਾ ਬੇਸ ਕੈਂਪ ਹੈ, ਜਿਸ ਦੀ ਉੱਚਾਈ 17,598 ਫੁੱਟ ਹੈ ਅਤੇ ਇੱਥੇ ਤਾਪਮਾਨ ਮਾਈਨਸ 15 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ, ਜਿਸ ਕਾਰਨ ਇੱਥੇ ਆਕਸੀਜਨ ਦੀ ਕਮੀ ਹੁੰਦੀ ਹੈ ਜੋ ਕਿ ਇਸ ਟ੍ਰੈਕਿੰਗ ਨੂੰ ਹੋਰ ਵੀ ਮੁਸ਼ਕਲ ਬਣਾ ਦਿੰਦਾ ਹੈ। 6 ਸਾਲਾ ਯੁਵਾਨ ਨੇ ਆਪਣੇ ਮਾਤਾ-ਪਿਤਾ ਨਾਲ ਇਸ ਟ੍ਰੈਕਿੰਗ ਨੂੰ ਪੂਰਾ ਕਰਨ ਵਿਚ ਸਫਲਤਾ ਹਾਸਲ ਕੀਤੀ ਅਤੇ ਮਾਊਂਟ ਐਵਰੈਸਟ ਦੇ ਬੇਸ ਕੈਂਪ 'ਤੇ ਤਿਰੰਗਾ ਲਹਿਰਾਇਆ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਯੁਵਾਨ ਦੇ ਪਿਤਾ ਸੁਭਾਸ਼ ਚੰਦਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਕਾਠਮੰਡੂ ਤੋਂ ਮਾਊਂਟੇਨ ਫਲਾਈਟ ਲਈ ਅਤੇ ਲੁਕਲਾ ਏਅਰਪੋਰਟ ਤੋਂ ਇਹ ਟ੍ਰੈਕਿੰਗ ਸ਼ੁਰੂ ਕੀਤੀ ਸੀ। ਇਹ ਟ੍ਰੈਕਿੰਗ 8 ਅਪ੍ਰੈਲ ਨੂੰ ਸ਼ੁਰੂ ਹੋਈ ਅਤੇ 11 ਦਿਨ ਬਾਅਦ 135 ਕਿਲੋਮੀਟਰ ਦੀ ਯਾਤਰਾ ਕਰਨ ਮਗਰੋਂ ਖ਼ਤਮ ਹੋਈ। ਸੁਭਾਸ਼ ਨੇ ਦੱਸਿਆ ਕਿ ਇਸ ਟ੍ਰੈਕਿੰਗ ਲਈ ਆਪਣੇ ਪੁੱਤਰ ਨੂੰ 6 ਮਹੀਨੇ ਬਿਨਾਂ ਆਰਾਮ ਦਿੱਤੇ ਹਾਈ ਟ੍ਰੇਨਿੰਗ ਕਰਵਾਈ, ਜਿਸ ਤੋਂ ਬਾਅਦ ਇਹ ਟ੍ਰੈਕਿੰਗ ਸ਼ੁਰੂ ਕੀਤੀ ਗਈ, ਜਿਸ ਨੂੰ ਯੁਵਾਨ ਨੇ ਬਿਨਾਂ ਕਿਸੇ ਤਕਲੀਫ਼ ਦੇ ਪੂਰਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਯੁਵਾਨ ਨੂੰ 6 ਮਹੀਨੇ ਵਿਚ ਤੈਰਾਕੀ, ਮਾਰਸ਼ਲ ਆਰਟ ਅਤੇ ਦੌੜ ਦੀ ਵੀ ਟ੍ਰੇਨਿੰਗ ਕਰਵਾਈ ਗਈ ਸੀ।