ਯੂਟਿਊਬ ਨੇ ਨਫਰਤ ਫੈਲਾਉਣ ਵਾਲੀਆਂ 90 ਲੱਖ ਵੀਡੀਓ ਹਟਾਈਆਂ

06/18/2019 5:06:04 PM

ਗੈਜੇਟ ਡੈਸਕ– ਗੂਗਲ ਦੀ ਮਲਕੀਅਤ ਵਾਲੀ ਆਨਲਾਈਨ ਵੀਡੀਓ ਸਟਰੀਮਿੰਗ ਸਾਈਟ ਯੂਟਿਊਬ ਨੇ ਨਫਰਤ ਫੈਲਾਉਣ ਵਾਲੇ ਕੰਟੈਂਟ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਯੂਟਿਊਬ ਆਪਣੇ ਪਲੇਟਫਾਰਮ ਤੋਂ ਨਫਰਤ ਫਲੈਆਉਣ ਵਾਲੀਆਂ ਵੀਡੀਓ ਡਿਲੀਟ ਕਰ ਰਹੀ ਹੈ। ਇਸ ਦੀ ਜਾਣਕਾਰੀ ਖੁਦ ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਦਿੱਤੀ ਹੈ। ਉਨ੍ਹਾਂ ਆਪਣੇ ਇਕ ਬਿਆਨ ’ਚ ਕਿਹਾ ਹੈ ਕਿ ਕੰਪਨੀ ਨੇ ਪਿਛਲੀ ਤਿਮਾਹੀ ’ਚ 90 ਲੱਖ ਤੋਂ ਜ਼ਿਆਦਾ ਵੀਡੀਓ ਆਪਣੇ ਪਲੇਟਫਾਰਮ ਤੋਂ ਡਿਲੀਟ ਕੀਤੀਆਂ ਹਨ, ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਯੂਟਿਊਬ ਇੰਨਾ ਵੱਡਾ ਪਲੇਟਫਾਰਮ ਹੈ। ਅਜਿਹੇ ’ਚ ਇਸ ਸਮੱਸਿਆ ਦਾ ਹੱਲ ਵੀ ਇੰਨਾ ਜਲਦੀ ਸੰਭਵ ਨਹੀਂ ਹੈ। 

ਸੁੰਦਰ ਪਿਚਾਈ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਆਪਣੇ ਪਲੇਟਫਾਰਮ ’ਤੇ ਬਿਹਤਰ ਕੰਟੈਂਟ ਦੇਣ ਲਈ ਵਚਨਬੱਧ ਹਾਂ ਅਤੇ ਇਸ ਲਈ ਅਸੀਂ ਕਾਫੀ ਮਿਹਨਤ ਕਰ ਰਹੇ ਹਾਂ। ਸਾਨੂੰ ਉਮੀਦ ਹੈ ਕਿ ਅਗਲੇ ਕੁਝ ਸਾਲਾਂ ’ਚ ਸਾਨੂੰ ਇਸ ਵਿਚ ਕਾਫੀ ਬਦਲਾਅ ਦੇਖਣ ਨੂੰ ਮਿਲਣਗੇ। ਆਪਣੇ ਪਲੇਟਫਾਰਮ ਨੂੰ ਅਸੀਂ ਲਗਾਤਾਰ ਮਾਨਿਟਰ ਕਰ ਰਹੇ ਹਾਂ। ਉਨ੍ਹਾਂ ਅੱਗੇ ਦੱਸਿਆ ਕਿ ਪਿਛਲੇ ਹਫਤੇ ਹੀ ਕੰਪਨੀ ਨੇ ਨਫਰਤ ਫੈਲਾਉਣ ਵਾਲੇ ਕੰਟੈਂਟ ਨੂੰ ਰੋਕਣ ਵਾਲੀ ਪਾਲਿਸੀ ’ਚ ਕਾਫੀ ਬਦਲਾਅ ਕੀਤੇ ਹਨ। 

ਦੱਸ ਦੇਈਏ ਕਿ ਯੂਟਿਊਬ ਪਿਛਲੇ ਕਈ ਸਾਲਾਂ ਤੋਂ ਆਪਣੇ ਪਲੇਟਫਾਰਮ ’ਤੇ ਨਫਰਤ ਫੈਲਾਉਣ ਵਾਲੀਆਂ ਵੀਡੀਓ ਨੂੰ ਲੈ ਕੇ ਨਿੰਦਾ ਦਾ ਸ਼ਿਕਾਰ ਹੋ ਰਿਹਾ ਹੈ ਅਤੇ ਵਿਵਾਦਾਂ ’ਚ ਬਣਿਆ ਹੈ, ਹਾਲਾਂਕਿ, ਕੰਪਨੀ ਅਜਿਹੇ ਕੰਟੈਂਟ ਨੂੰ ਆਪਣੇ ਪਲੇਟਫਾਰਮ ਤੋਂ ਹਟਾਉਣ ਲਈ ਲਗਾਤਾਰ ਕੰਮ ਵੀ ਕਰ ਰਹੀ ਹੈ ਅਤੇ ਫਿਲਟਰਸ ਦਾ ਇਸਤੇਮਾਲ ਕਰ ਰਹੀ ਹੈ। 


Related News