ਯੂਟਿਊਬ ਨੇ ਡਿਲੀਟ ਕੀਤੀਆਂ ਕੋਵਿਡ-19 ਵੈਕਸੀਨ ਨਾਲ ਜੁੜੀਆਂ 2 ਲੱਖ ਵੀਡੀਓਜ਼, ਜਾਣੋ ਕਾਰਨ

10/15/2020 1:40:20 PM

ਗੈਜੇਟ ਡੈਸਕ– ਯੂਟਿਊਬ ਨੇ ਵੱਡੀ ਕਾਰਵਾਈ ਕਰਦੇ ਹੋਏ ਆਪਣੇ ਪਲੇਟਫਾਰਮ ਤੋਂ ਉਨ੍ਹਾਂ ਵੀਡੀਓਜ਼ ਨੂੰ ਹਟਾ ਦਿੱਤਾ ਹੈ, ਜਿਨ੍ਹਾਂ ’ਚ ਕੋਵਿਡ-19 ਵੈਕਸੀਨ ਦੀ ਗਲਤ ਜਾਣਕਾਰੀ ਦਿੱਤੀ ਜਾ ਰਹੀ ਸੀ। ਨਾਲ ਹੀ ਇਨ੍ਹਾਂ ਵੀਡੀਓਜ਼ ’ਚ ਮਹਾਮਾਰੀ ਨਾਲ ਜੁੜੇ ਗਲਤ ਅੰਕੜੇ ਵੀ ਦਿੱਤੇ ਜਾ ਰਹੇ ਸਨ। ਉਥੇ ਹੀ ਕੰਪਨੀ ਦਾ ਕਹਿਣਾ ਹੈ ਕਿ ਅਸੀਂਅੱਗੇ ਵੀ ਕੋਰੋਨਾ ਮਹਾਮਾਰੀ ਦੇ ਟੀਕਿਆਂ ਬਾਰੇ ਗਲਤ ਜਾਣਕਾਰੀ ਦੇਣ ਵਾਲੀ ਵੀਡੀਓ ’ਤੇ ਪਾਬੰਦੀ ਲਗਾਉਂਦੇ ਰਹਾਂਗੇ। ਦੱਸ ਦੇਈਏ ਕਿ ਹੁਣ ਤਕ ਪੂਰੀ ਦੁਨੀਆ ’ਚ 3 ਕਰੋੜ ਤੋਂ ਜ਼ਿਆਦਾ ਲੋਕ ਇਸ ਖ਼ਤਰਨਾਕ ਵਾਇਰਸ ਦੀ ਚਪੇਟ ’ਚ ਹਨ, ਜਦਕਿ 10 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। 

ਯੂਟਿਊਬ ਦੇ ਅਧਿਕਾਰਤ ਬਲਾਗ ਪੋਸਟ ਮੁਤਾਬਕ, ਬੈਨ ਕੀਤੀਆਂ ਗਈਆਂ ਵੀਡੀਓਜ਼ ’ਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਕੋਵਿਡ ਵੈਕਸੀਨ ਨਾਲ ਲੋਕਾਂ ਦੀ ਮੌਤ ਹੋ ਰਹੀ ਹੈ। ਨਾਲ ਹੀ ਇਹ ਵੈਕਸੀਨ ਜਨਾਨੀਆਂ ਨੂੰ ਬਾਂਝ ਬਣਾ ਰਹੀ ਹੈ। ਇੰਨਾ ਹੀ ਨਹੀਂ ਲੋਕਾਂ ਦੇ ਸਰੀਰ ’ਚ ਮਾਈਕ੍ਰੋਚਿਪ ਇੰਪਲਾਂਟ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਪਹਿਲਾਂ ਵੈਕਸੀਨ ਮਿਲ ਚੁੱਕੀ ਹੈ। ਉਥੇ ਹੀ ਯੂਟਿਊਬ ਦੇ ਬੁਲਾਰੇ ਦਾ ਕਹਿਣਾ ਹੈ ਕਿ ਵੈਕਸੀਨ ਨਾਲ ਜੁੜੀਆਂ ਉਨ੍ਹਾਂ ਵੀਡੀਓਜ਼ ਨੂੰ ਪਲੇਟਫਾਰਮ ’ਤੇ ਰੱਖਿਆ ਜਾਵੇਗਾ, ਜਿਸ ਵਿਚ ਸਹੀ ਜਾਣਕਾਰੀ ਦਿੱਤੀ ਜਾਵੇਗੀ। 

2,00,000 ਵੀਡੀਓਜ਼ ਹੋਈਆਂ ਡਿਲੀਟ
ਯੂਟਿਊਬ ਨੇ ਕਿਹਾ ਹੈ ਕਿ 2 ਲੱਖ ਵੀਡੀਓਜ਼ ਨੂੰ ਪਲੇਟਫਾਰਮ ਤੋਂ ਹਟਾਇਆ ਜਾ ਚੁੱਕਾ ਹੈ। ਇਨ੍ਹਾਂ ਸਾਰੀਆਂ ਵੀਡੀਓਜ਼ ਰਾਹੀਂ ਕੋਰੋਨਾ ਵਾਇਰਸ ਨਾਲ ਜੁੜੀ ਗਲਤ ਜਾਣਕਾਰੀ ਫੈਲਾਈ ਜਾ ਰਹੀ ਸੀ। ਨਾਲ ਹੀ ਇਨ੍ਹਾਂ ਵੀਡੀਓਜ਼ ਰਾਹੀਂ ਲੋਕਾਂ ਨੂੰ ਡਾਕਟਰ ਦੀ ਮਦਦ ਲੈਣ ਤੋਂ ਰੋਕਣ ਤੋਂ ਲੈਕੇ ਡਾਕਟਰੀ ਇਲਾਜ ਦੇ ਗਲਤ ਤਰੀਕਿਆਂ ਤਕ ਦੱਸੇ ਜਾ ਰਹੇ ਸਨ। 

ਕੋਰੋਨਾ ਵਾਇਰਸ ਦੀ ਤਾਜ਼ਾ ਜਾਣਕਾਰੀ
ਦੇਸ਼ ’ਚ ਬੀਤੇ 24 ਘੰਟਿਆਂ ’ਚ ਕੋਰੋਨਾ ਦੇ 67,708 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਦੇਸ਼ ’ਚ 680 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ। ਭਾਰਤ ’ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗੱਲ ਕਰੀਏ ਤਾਂ ਹੁਣ ਤਕ 73 ਲੱਖ 7 ਹਜ਼ਾਰ 98 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚੋਂ 63 ਲੱਖ 83 ਹਜ਼ਾਰ 442 ਲੋਕ ਠੀਕ ਹੋ ਚੁੱਕੇ ਹਨ। ਦੇਸ਼ ’ਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 8 ਲੱਖ 12 ਹਜ਼ਾਰ 390 ਹੈ। ਕੋਰੋਨਾ ਨਾਲ ਮੌਤਾਂ ਦਾ ਅੰਕੜਾ ਵਧ ਕੇ 1 ਲੱਖ 11 ਹਜ਼ਾਰ 266 ਤਕ ਪਹੁੰਚ ਗਿਆ ਹੈ। ਦੇਸ਼ ’ਚ ਹੁਣ ਤਕ 64 ਲੱਖ ਲੋਕ ਕੋਰੋਨਾ ਨਾਲ ਠੀਕ ਹੋ ਚੁੱਕੇ ਹਨ। 

ਬੀਤੇ 24 ਘੰਟਿਆਂ ’ਚ 81,514 ਲੋਕ ਕੋਰੋਨਾ ਨਾਲ ਠੀਕ ਹੋਏ ਹਨ। ਦੇਸ਼ ਦੀ ਕੋਰੋਨਾ ਰਿਕਵਰੀ ਦਰ ਫਿਲਹਾਲ 87,36 ਫੀਸਦੀ ਹੈ। ਇਸ ਦੇ ਨਾਲ ਹੀ ਦੇਸ਼ ’ਚ ਸਰਗਰਮ ਮਾਮਲਿਆਂ ਦੀ ਗਿਣਤੀ ਵੀ ਤੇਜ਼ੀ ਨਾਲ ਘੱਟ ਰਹੀ ਹੈ। ਬੀਤੇ 24 ਘੰਟਿਆਂ ’ਚ ਦੇਸ਼ ’ਚ 14,486 ਸਰਗਰਮ ਮਾਮਲੇ ਘੱਟ ਹੋਏ ਹਨ। ਕੋਰੋਨਾ ਸਰਗਰਮ ਮਾਮਲਿਆਂ ਦੀ ਦਰ 11.12 ਫੀਸਦੀ ਹੈ। ਦੇਸ਼ ਦੀ ਕੋਰੋਨਾ ਮੌਤ ਦਰ 1.52 ਫੀਸਦੀ ਹੈ। 


Rakesh

Content Editor

Related News