ਦੁਨੀਆ ਦਾ ਪਹਿਲਾ ਗ੍ਰਾਫੀਨ ਬੈਟਰੀ ਵਾਲਾ ਪਾਵਰ ਬੈਂਕ ਤਿਆਰ
Thursday, Dec 28, 2017 - 11:10 AM (IST)

30 ਮਿੰਟ 'ਚ 50 ਫੀਸਦੀ ਤਕ ਚਾਰਜ ਕਰੇਗਾ ਆਈਫੋਨ X
ਜਲੰਧਰ- ਫੋਨ ਦੀ ਬੈਟਰੀ ਲੋਅ ਹੋਣ 'ਤੇ ਜ਼ਿਆਦਾਤਰ ਲੋਕ ਪਾਵਰ ਬੈਂਕਸ ਦੀ ਵਰਤੋਂ ਕਰਦੇ ਹਨ ਪਰ ਇਨ੍ਹਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਕੁਝ ਘੰਟਿਆਂ ਲਈ ਇਨ੍ਹਾਂ ਨੂੰ ਚਾਰਜ ਵੀ ਕਰਨਾ ਪੈਂਦਾ ਹੈ ਜਿਸ ਨਾਲ ਕਾਫੀ ਪ੍ਰੇਸ਼ਾਨੀ ਹੁੰਦੀ ਹੈ। ਪਾਵਰ ਬੈਂਕਸ ਨੂੰ ਘੱਟ ਸਮੇਂ 'ਚ ਚਾਰਜ ਕਰਨ ਦੇ ਟੀਚੇ ਨੂੰ ਲੈ ਕੇ ਦੁਨੀਆ ਦਾ ਪਹਿਲਾ ਗ੍ਰਾਫੀਨ ਬੈਟਰੀ ਨਾਲ ਲੈਸ ਪਾਵਰ ਬੈਂਕ ਬਣਾਇਆ ਗਿਆ ਹੈ ਜੋ ਸੁਪਰ ਫਾਸਟ ਤਕਨੀਕ ਨਾਲ ਸਿਰਫ 20 ਮਿੰਟਾਂ 'ਚ ਫੁਲ ਚਾਰਜ ਹੋ ਕੇ ਤੁਹਾਨੂੰ ਕਿਤੇ ਵੀ ਸਮਾਰਟਫੋਨ ਨੂੰ ਚਾਰਜ ਕਰਨ 'ਚ ਮਦਦ ਕਰੇਗਾ। ਟੈਕਸਾਸ ਦੇ ਇਕ ਸ਼ਹਿਰ ਪਲਾਨੋ ਦੀ ਗੈਜੇਟ ਨਿਰਮਾਤਾ ਕੰਪਨੀ ਇਲੈਕਜੈੱਟ ਵਲੋਂ ਇਸ ਨੂੰ ਵਿਕਸਿਤ ਕੀਤਾ ਗਿਆ ਹੈ। ਕੰਪਨੀ ਨੇ ਦੱਸਿਆ ਹੈ ਕਿ ਅਪੋਲੋ ਨਾਂ ਦੇ ਇਸ ਪਾਵਰ ਬੈਂਕ 'ਚ 6000mAh ਦੀ ਗ੍ਰਾਫੀਨ ਬੈਟਰੀ ਲੱਗੀ ਹੈ ਜੋ ਸਮਾਰਟਫੋਨ ਨੂੰ ਚਾਰਜ ਕਰਨ ਦੇ ਨਾਲ-ਨਾਲ ਲੋੜ ਪੈਣ 'ਤੇ ਮੈਕਬੁਕ ਨੂੰ ਵੀ ਚਾਰਜ ਕਰ ਸਕਦੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ 89 ਡਾਲਰ (ਲਗਭਗ 5699 ਰੁਪਏੇ) 'ਚ ਵਿਕਰੀ ਲਈ ਮੁਹੱਈਆ ਕੀਤਾ ਜਾਵੇਗਾ।
ਜਲਦੀ ਖਰਾਬ ਨਹੀਂ ਹੋਵੇਗੀ ਬੈਟਰੀ
ਇਸ ਪਾਵਰ ਬੈਂਕ 'ਚ ਲਾਈ ਗਈ ਗ੍ਰਾਫੀਨ ਬੈਟਰੀ ਛੇਤੀ ਖਰਾਬ ਨਹੀਂ ਹੋਵੇਗੀ। ਇਸ ਦੇ ਨਿਰਮਾਤਾਵਾਂ ਨੇ ਦੱਸਿਆ ਹੈ ਕਿ 10 ਹਜ਼ਾਰ ਵਾਰ ਚਾਰਜ ਅਤੇ ਡਿਸਚਾਰਜ ਕਰਨ 'ਤੇ ਵੀ ਇਸ ਦੀ ਪ੍ਰਫਾਰਮੈਂਟ 'ਤੇ ਕੋਈ ਫਰਕ ਨਹੀਂ ਪਵੇਗਾ।
ਫਾਸਟ ਚਾਰਜਿੰਗ ਦੀ ਸਪੋਰਟ
ਇਸ ਵਿਚ ਫਾਸਟ ਚਾਰਜਿੰਗ ਦੀ ਸਪੋਰਟ ਵੀ ਦਿੱਤੀ ਗਈ ਹੈ ਮਤਲਬ ਇਸ ਨਾਲ ਐੱਪਲ ਆਈਫੋਨ X ਤੇ ਆਈਫੋਨ 8 ਨੂੰ ਸਿਰਫ 30 ਮਿੰਟ 'ਚ 50 ਫੀਸਦੀ ਤਕ ਚਾਰਜ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਵਿਚ USB ਟਾਈਪ 3 ਦੀ ਸਪੋਰਟ ਵੀ ਦਿੱਤੀ ਗਈ ਹੈ।
13 ਸਾਲਾਂ ਦੀ ਮਿਹਨਤ ਨਾਲ ਬਣਾਇਆ ਗਿਆ ਇਹ ਬੈਟਰੀ ਪੈਕ
ਗ੍ਰਾਫੀਨ ਨਾਲ ਬਣਾਏ ਗਏ ਇਸ 6000mAh ਦੀ ਗ੍ਰਾਫੀਨ ਬੈਟਰੀ ਪਾਵਰ ਬੈਂਕ ਨੂੰ ਚੀਨ ਦੀ ਬੈਟਰੀ ਨਿਰਮਾਤਾ CellsX ਵਲੋਂ 13 ਸਾਲਾਂ ਦੀ ਮਿਹਤਨਤ ਦੇ ਬਾਅਦ ਬਣਾਇਆ ਗਿਆ ਹੈ। ਹੁਣ ਤੋਂ 4 ਸਾਲ ਪਹਿਲਾਂ ਪਾਵਰ ਬੈਂਕ ਲਈ 2500mAh ਦੀ ਬੈਟਰੀ ਬਣਾਈ ਗਈ ਸੀ ਜੋ 20A ਵੋਲਟੇਜ 'ਤੇ ਚਾਰਜ ਹੁੰਦੀ ਸੀ। ਇਸ ਦੇ ਦੋ ਸਾਲ ਬਾਅਦ 3500mAg ਦੀ ਬੈਟਰੀ ਬਣਾਈ ਗਈ ਸੀ ਅਤੇ ਹੁਣ ਇਸ ਨੂੰ ਬਿਹਤਰ ਬਣਾਉਂਦੇ ਹੋਏ 6000mAh ਸਮਰੱਥਾ ਵਾਲੀ ਬੈਟਰੀ ਨਾਲ ਇਸ ਪਾਵਰ ਬੈਂਕ ਨੂੰ ਬਣਾਇਆ ਗਿਆ ਹੈ। ਜਾਣਕਾਰੀ ਦੇ ਮੁਤਾਬਕ ਸੈੱਲ ਐਕਸ ਨੇ ਦਾਅਵਾ ਕੀਤਾ ਹੈ ਕਿ ਪਿਛਲੇ 3 ਤੋਂ 6 ਮਹੀਨਿਆਂ 'ਚ ਇਸ ਦੀ ਸਮਰੱਥਾ ਨੂੰ 10 ਤੋਂ 15 ਫੀਸਦੀ ਵਧਾਇਆ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਛੇਤੀ ਹੀ ਇਸ ਨੂੰ ਹੋਰ ਬਿਹਤਰ ਬਣਾ ਕੇ 7000mAh ਸਮਰੱਥਾ ਵਾਲੇ ਪਾਵਰ ਬੈਂਕ ਨੂੰ ਵੀ ਬਣਾਇਆ ਜਾਵੇਗਾ।