ਵਟਸਐਪ ਅਤੇ ਫੇਸਬੁੱਕ ਮੈਸੇਂਜਰ ''ਤੇ ਹੋਇਆ WolfRat ਮਾਲਵੇਅਰ ਅਟੈਕ
Thursday, May 21, 2020 - 01:02 AM (IST)
 
            
            ਗੈਜੇਟ ਡੈਸਕ—ਇੰਸਟੈਂਟ ਮੈਸੇਜਿੰਗ ਐਪ ਵਟਸਐਪ ਅਤੇ ਫੇਸਬੁੱਕ ਮੈਸੇਂਜਰ 'ਚ ਸਾਈਬਰ ਅਟੈਕ ਹੋਇਆ ਹੈ। ਮੈਸੇਜਿੰਗ ਐਪ ਵਟਸਐਪ ਅਤੇ ਮੈਸੇਂਜਰ ਐਪ ਨੂੰ WolfRat ਐਂਡ੍ਰਾਇਡ ਮਾਲਵੇਅਰ ਰਾਹੀਂ ਨਿਸ਼ਾਨਾ ਬਣਾਇਆ ਗਿਆ ਹੈ। ਇਸ ਮਾਲਵੇਅਰ ਦੀ ਮਦਦ ਨਾਲ ਵਟਸਐਪ ਅਤੇ ਫੇਸਬੁੱਕ ਮੈਸੇਂਜਰ ਯੂਜ਼ਰਸ ਦੇ ਫੋਨ 'ਚ ਮੌਜੂਦ ਫੋਟੋ, ਮੈਸੇਜ ਅਤੇ ਆਡੀਓ ਰਿਕਾਡਿੰਗ ਨੂੰ ਐਕਸੈਸ ਕੀਤਾ ਜਾ ਰਿਹਾ ਹੈ।
Cisco Talos ਦੇ ਰਿਸਰਚਰਸ ਨੇ WolfRat ਮਾਲਵੇਅਰ ਦੇ ਬਾਰੇ 'ਚ ਜਾਣਕਾਰੀ ਦਿੱਤੀ ਹੈ। ਰਿਸਰਚਰਸ ਦਾ ਦਾਅਵਾ ਹੈ ਕਿ ਗੂਗਲ ਪਲੇਅ-ਸਟੋਰ 'ਤੇ ਫਲੈਸ਼ ਅਪਡੇਟ ਰਾਹੀਂ ਇਹ ਮਾਲਵੇਅਰ ਫੋਨ 'ਚ ਪਹੁੰਚ ਰਿਹਾ ਹੈ। ਇਸ ਮਾਲਵੇਅਰ ਰਾਹੀਂ ਯੂਜ਼ਰਸ ਦੇ ਫੋਨ ਨੂੰ ਰਿਮੋਟ ਕੰਟਰੋਲ 'ਤੇ ਵੀ ਲਿਆ ਜਾ ਸਕਦਾ ਹੈ, ਹਾਲਾਂਕਿ ਅਜੇ ਤਕ ਇਹ ਸਾਹਮਣੇ ਨਹੀਂ ਆਇਆ ਹੈ ਕਿ ਇਸ ਮਾਲਵੇਅਰ ਰਾਹੀਂ ਕਿੰਨੇ ਯੂਜ਼ਰਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਰਿਸਰਚਰਸ ਦਾ ਕਹਿਣਾ ਹੈ ਕਿ WolfRat ਇਕ ਰਿਮੋਟ ਐਕਸੈਸ ਟ੍ਰੋਜਨ (RAT) ਹੈ ਜੋ ਕਿ DenDroid ਦਾ ਅਪਗ੍ਰੇਡੇਡ ਵਰਜ਼ਨ ਹੈ। ਡੇਨਡ੍ਰਾਇਡ ਇਕ ਪੁਰਾਣਾ ਮਾਲਵੇਅਰ ਹੈ। ਇਸ ਮਾਲਵੇਅਰ ਦਾ ਸੋਰਸ ਕੋਡ ਸਾਲ 2015 'ਚ ਲੀਕ ਹੋਇਆ ਸੀ।
ਰਿਪੋਰਟ 'ਚ ਕਿਹਾ ਗਿਆ ਹੈ ਕਿ WolfRat ਮਾਲਵੇਅਰ ਨੂੰ ਵਟਸਐਪ ਮੈਸੇਜਿੰਗ ਦੌਰਾਨ ਸਕਰੀਨ ਰਿਕਾਰਡਿੰਗ ਕਰਦੇ ਹੋਏ ਦੇਖਿਆ ਗਿਆ ਹੈ। ਇਸ ਮਾਲਵੇਅਰ ਨੇ ਫਿਲਹਾਲ ਥਾਈਲੈਂਡ ਦੇ ਯੂਜ਼ਰਸ ਨੂੰ ਨਿਸ਼ਾਨਾ ਬਣਾਇਆ ਹੈ। ਰਿਪੋਰਟ 'ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਸ ਮਾਲਵੇਅਰ ਨੂੰ Wolf ਰਿਸਰਚ ਨਾਂ ਦੀ ਕੰਪਨੀ ਨੇ ਤਿਆਰ ਕੀਤਾ ਹੈ ਜੋ ਕਿ ਜਾਸੂਸ ਵਾਲੇ ਮਾਲਵੇਅਰ ਬਣਾਉਣ ਲਈ ਜਾਣੀ ਜਾਂਦੀ ਹੈ। ਇਹ ਮਾਲਵੇਅਰ ਫੋਨ ਦੇ ਨੈੱਟਵਰਕ ਨਾਲ ਵੀ ਡਾਟਾ ਚੋਰੀ ਕਰਨ 'ਚ ਸਮਰਥ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            