WhatsApp ’ਚ ਜੁੜਨਗੇ ਇਹ ਨਵੇਂ ਫੀਚਰਜ਼, ਚੈਟ ਹੋਵੇਗੀ ਹੋਰ ਵੀ ਮਜ਼ੇਦਾਰ

02/19/2019 10:27:54 AM

ਗੈਜੇਟ ਡੈਸਕ– ਇੰਸਟੈਂਟ ਮੈਸੇਜਿੰਗ ਐਪ ਵਟਸਐਪ ਦੇ ਯੂਜ਼ਰਜ਼ ਦੀ ਭਾਰਤ ਵਿਚ ਕੋਈ ਕਮੀ ਨਹੀਂ। ਯੂਜ਼ਰਜ਼ ਦੇ ਤਜਰਬੇ ਨੂੰ ਬਿਹਤਰ ਬਣਾਉਣ ਲਈ ਵਟਸਐਪ ਵਿਚ ਕੁਝ ਚੋਣਵੇਂ ਅਜਿਹੇ ਫੀਚਰਜ਼ ਜੁੜਨ ਵਾਲੇ ਹਨ, ਜੋ ਰੋਜ਼ਾਨਾ ਜ਼ਿੰਦਗੀ ਵਿਚ ਵਟਸਐਪ ਯੂਜ਼ਰਜ਼ ਦੇ ਕਾਫੀ ਕੰਮ ਆਉਣਗੇ। ਫਿਲਹਾਲ ਇਨ੍ਹਾਂ ਫੀਚਰਜ਼ ਦੀ ਟੈਸਟਿੰਗ ਐਂਡਰਾਇਡ ਤੇ iOS ਪਲੇਟਫਾਰਮਜ਼ ’ਤੇ ਹੋ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ ਵਿਚ ਇਹ ਫੀਚਰਜ਼ ਯੂਜ਼ਰਜ਼ ਲਈ ਵੀ ਮੁਹੱਈਆ ਕਰਵਾ ਦਿੱਤੇ ਜਾਣਗੇ।

ਵਟਸਐਪ ਗਰੁੱਪ ਇਨਵੀਟੇਸ਼ਨ
ਇਸ ਫੀਚਰ ਦੇ ਆਉਣ ਪਿੱਛੋਂ ਵਟਸਐਪ ਗਰੁੱਪ ਐਡਮਿਨ ਨੂੰ ਪਹਿਲਾਂ ਯੂਜ਼ਰ ਦੀ ਅਾਗਿਆ ਲੈਣੀ ਪਵੇਗੀ, ਤਾਂ ਹੀ ਐਡਮਿਨ ਯੂਜ਼ਰ ਨੂੰ ਵਟਸਐਪ ਗਰੁੱਪ ਵਿਚ ਸ਼ਾਮਲ ਕਰ ਸਕੇਗਾ। ਮੰਨਿਆ ਜਾ ਰਿਹਾ ਹੈ ਕਿ ਗਰੁੱਪ ਐਡਮਿਨ ਨਾ ਚਾਹੁੰਦੇ ਹੋਏ ਵੀ ਲੋਕਾਂ ਨੂੰ ਕੁਝ ਗਰੁੱਪਾਂ ਵਿਚ ਸ਼ਾਮਲ ਕਰ ਦਿੰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਸਮੱਸਿਆ ਆਉਂਦੀ ਹੈ। ਇਸੇ ਕਾਰਨ ਹੁਣ ਇਹ ਜ਼ਰੂਰੀ ਫੀਚਰ ਸਭ ਤੋਂ ਪਹਿਲਾਂ iOS ਯੂਜ਼ਰਜ਼ ਲਈ ਲਿਆਂਦਾ ਜਾਵੇਗਾ।

ਵਟਸਐਪ ਡਾਰਕ ਮੋਡ
ਰਾਤ ਵੇਲੇ ਵਟਸਐਪ ਚਲਾਉਣ ਲਈ ਡਾਰਕ ਮੋਡ ਫੀਚਰ ਯੂਜ਼ਰ ਦੇ ਕਾਫੀ ਕੰਮ ਆਏਗਾ। ਇਸ ਫੀਚਰ ਦੇ ਆਉਣ ਤੋਂ ਬਾਅਦ ਰਾਤ ਵੇਲੇ ਐਪ ਚਲਾਉਣ ’ਤੇ ਯੂਜ਼ਰ ਦੀਆਂ ਅੱਖਾਂ ’ਤੇ ਸਮਾਰਟਫੋਨ ਦੀ ਤੇਜ਼ ਰੌਸ਼ਨੀ ਦਾ ਜ਼ੋਰ ਨਹੀਂ ਪਵੇਗਾ। ਇਸ ਫੀਚਰ ਨੂੰ ਐਕਟੀਵੇਟ ਕਰਨ ਤੋਂ ਬਾਅਦ ਵਟਸਐਪ ਦੀ ਬੈਕਗਰਾਊਂਡ ਚਿੱਟੇ ਤੋਂ ਕਾਲੇ ਰੰਗ ਦੀ ਹੋ ਜਾਵੇਗੀ, ਜਿਸ ਨਾਲ ਸਮਾਰਟਫੋਨ ਦੀ ਬੈਟਰੀ ਵੀ ਬਚੇਗੀ।

ਚੈਟ ਲਈ ਫਿੰਗਰਪ੍ਰਿੰਟ ਲਾਕ ਦੀ ਸਹੂਲਤ
ਵਟਸਐਪ ਵਿਚ ਨਵੀਂ ਫਿੰਗਰਪ੍ਰਿੰਟ ਲਾਕ ਦੀ ਸਹੂਲਤ ਸ਼ਾਮਲ ਕੀਤੀ ਜਾਵੇਗੀ, ਜਿਸ ਦੀ ਮਦਦ ਨਾਲ ਤੁਹਾਡੀ ਅਾਗਿਆ ਤੋਂ ਬਿਨਾਂ ਕੋਈ ਵੀ ਇਸ ਐਪ ਨੂੰ ਖੋਲ੍ਹ ਨਹੀਂ ਸਕੇਗਾ। ਇਸ ਫੀਚਰ ਨੂੰ ਐਕਟੀਵੇਟ ਕਰਨ ਤੋਂ ਬਾਅਦ ਫੇਸ ਆਈ. ਡੀ. ਤੇ ਫਿੰਗਰਪ੍ਰਿੰਟ ਸੈਂਸਰ ਦੀ ਮਦਦ ਨਾਲ ਹੀ ਇਸ ਐਪ ਨੂੰ ਓਪਨ ਕੀਤਾ ਜਾ ਸਕੇਗਾ। ਇਹ ਫੀਚਰ iOS ਤੇ ਐਂਡਰਾਇਡ ਦੋਵਾਂ ਪਲੇਟਫਾਰਮਜ਼ ’ਤੇ ਮੁਹੱਈਆ ਹੋਵੇਗਾ।

ਆਡੀਓ ਮੈਸੇਜ ਰੀਡਿਜ਼ਾਈਨ
ਇਸ ਦੀ ਮਦਦ ਨਾਲ ਯੂਜ਼ਰ ਕੋਈ ਵੀ ਆਡੀਓ ਫਾਈਲ ਭੇਜਣ ਤੋਂ ਪਹਿਲਾਂ ਉਸ ਨੂੰ ਸੁਣ ਸਕੇਗਾ। ਇਸ ਫੀਚਰ ਦੀ ਮਦਦ ਨਾਲ ਇਕੱਠੀਆਂ 30 ਆਡੀਓ ਫਾਈਲਾਂ ਵੀ ਭੇਜੀਆਂ ਜਾ ਸਕਣਗੀਆਂ।

ਵਟਸਐਪ ਸਟੇਟਸ ਦਿਖਾਉਣ ਦਾ ਨਵਾਂ ਤਰੀਕਾ
ਮਾਰਸ਼ੇਬਲ ਦੀ ਰਿਪੋਰਟ ਅਨੁਸਾਰ ਵਟਸਐਪ ਫਿਲਹਾਲ ਇਕ ਵੱਖਰੀ ਤਰ੍ਹਾਂ ਦੇ ਫੀਚਰ ਦੀ ਟੈਸਟਿੰਗ ਕਰ ਰਹੀ ਹੈ, ਜਿਸ ਨਾਲ ਯੂਜ਼ਰ ਦੇ ਸਟੇਟਸ ਮੈਸੇਜ ਨੂੰ ਹੋਰ ਵੀ ਬਿਹਤਰ ਤਰੀਕੇ ਨਾਲ ਦਿਖਾਇਆ ਜਾ ਸਕੇਗਾ। ਇਸ ਫੀਚਰ ਦੇ ਆਉਣ ਤੋਂ ਬਾਅਦ ਜਿਹੜੇ ਲੋਕ ਤੁਹਾਡੇ ਨਾਲ ਸਭ ਤੋਂ ਜ਼ਿਆਦਾ ਗੱਲ ਕਰਦੇ ਹਨ, ਉਨ੍ਹਾਂ ਨੂੰ ਤੁਹਾਡਾ ਵਟਸਐਪ ਸਟੇਟਸ ਸਭ ਤੋਂ ਉੱਪਰ ਨਜ਼ਰ ਆਏਗਾ। ਫਿਲਹਾਲ ਸਭ ਤੋਂ ਪਹਿਲਾਂ ਅਪਲੋਡ ਹੋਇਆ ਵਟਸਐਪ ਸਟੇਟਸ ਮੈਸੇਜ ਹੀ ਸਭ ਤੋਂ ਉੱਪਰ ਨਜ਼ਰ ਆਉਂਦਾ ਹੈ।


Related News