WhatsApp ਨੇ 80 ਲੱਖ ਭਾਰਤੀਆਂ ਦੇ ਅਕਾਊਂਟ ਕੀਤੇ ਬੈਨ, ਤੁਹਾਡਾ ਨੰਬਰ ਤਾਂ ਨਹੀਂ ਸ਼ਾਮਲ
Tuesday, Oct 15, 2024 - 07:09 PM (IST)
ਗੈਜੇਟ ਡੈਸਕ- ਵਟਸਐਪ ਭਾਰਤ 'ਚ ਸਭ ਤੋਂ ਲੋਕਪ੍ਰਸਿੱਧ ਇੰਸਟੈਂਟ ਮੈਸੇਜਿੰਗ ਐਪਸ 'ਚੋਂ ਇਕ ਹੈ, ਜਿਸ ਦੇ ਲੱਖਾਂ ਯੂਜ਼ਰਜ਼ ਹਨ। ਲੋਕਪ੍ਰਿਅਤਾ ਕਾਰਨ ਇਹ ਪਲੇਟਫਾਰਮ ਧੋਖਾਧੜੀ ਕਰਨ ਵਾਲਿਆਂ ਅਤੇ ਸਕੈਮਰਾਂ ਲਈ ਵੀ ਇਕ ਹਾਟ-ਸਪਾਟ ਬਣ ਗਿਆ ਹੈ। ਇਨ੍ਹਾਂ ਨਾਲ ਨਜਿੱਠਣ ਲਈ ਵਟਸਐਪ ਹਰ ਮਹੀਨੇ ਸ਼ਿਕਾਇਤਾਂ ਦਾ ਰੀਵਿਊ ਕਰਦਾ ਹੈ ਅਤੇ ਉਸ ਦੇ ਆਧਾਰ 'ਤੇ ਅਕਾਊਂਟ 'ਤੇ ਬੈਨ ਲਗਾਉਂਦਾ ਹੈ। ਇਕ ਵਾਰ ਫਿਰ ਤੋਂ ਵੱਡੀ ਕਾਰਵਾਈ ਕਰਦੇ ਹੋਏ ਵਟਸਐਪ ਨੇ ਇਕ ਮਹੀਨੇ 'ਚ 80 ਲੱਖ ਅਕਾਊਂਟ 'ਤੇ ਬੈਨ ਲਗਾਇਆ ਹੈ।
ਅਗਸਤ 'ਚ ਲੱਖਾਂ ਅਕਾਊਂਟ ਹੋਏ ਬੈਨ
ਵਟਸਐਪ ਦੀ ਨਵੀਂ ਪਾਰਦਰਸ਼ਿਤਾ ਰਿਪੋਰਟ ਅਨੁਸਾਰ ਮੈਟਾ ਦੀ ਮਲਕੀਅਤ ਵਾਲੇ ਇਸ ਇੰਸਟੈਂਟ ਮੈਸੇਜਿੰਗ ਐਪ ਨੇ ਅਗਸਤ 'ਚ ਭਾਰਤ 'ਚ 84,58,000 ਯੂਜ਼ਰਜ਼ ਨੂੰ ਬੈਨ ਕਰ ਦਿੱਤਾ ਹੈ। ਇਹ ਰਿਪੋਰਟ ਆਈ.ਟੀ. ਨਿਯਮ, 2021 ਦੇ ਨਿਯਮ 4(1)(d) ਅਤੇ ਨਿਯਮ 3A(7) ਦਾ ਪਾਲਨ ਕਰਦੇ ਹੋਏ ਪ੍ਰਕਾਸ਼ਿਤ ਕੀਤੀ ਗਈ ਹੈ।
1 ਅਗਸਤ ਤੋਂ 31 ਅਗਸਤ ਵਿਚਕਾਰ ਵਟਸਐਪ ਨੇ ਕੁੱਲ 84,58,000 ਭਾਰਤੀ ਅਕਾਊਂਟ ਨੂੰ ਬਲਾਕ ਕੀਤਾ ਹੈ। ਇਨ੍ਹਾਂ 'ਚੋਂ 16,61,000 ਖਾਤਿਆਂ ਨੂੰ ਸਰਗਰਮ ਰੂਪ ਨਾਲ ਬੈਨ ਕੀਤਾ ਗਿਆ ਹੈ, ਜਿਸ ਦਾ ਅਰਥ ਹੈ ਕਿ ਇਨ੍ਹਾਂ ਖਾਤਿਆਂ ਨੂੰ ਕਿਸੇ ਵੀ ਯੂਜ਼ਰਜ਼ ਦੀ ਸ਼ਿਕਾਇਤ ਮਿਲਣ ਤੋਂ ਪਹਿਲਾਂ ਪਛਾਣ ਕੇ ਕਾਰਵਾਈ ਕੀਤੀ ਗਈ ਹੈ।
ਵਟਸਐਪ ਨੇ ਦੱਸਿਆ ਕਿ ਅਗਸਤ 2024 'ਚ ਉਸ ਨੂੰ ਆਪਣੀ ਸ਼ਿਕਾਇਤ ਸਿਸਟਮ ਦੇ ਮਾਧਿਅਮ ਨਾਲ 10,707 ਯੂਜ਼ਰਜ਼ ਸ਼ਿਕਾਇਤਾਂ ਪ੍ਰਾਪਤ ਹੋਈਆਂ। ਇਨ੍ਹਾਂ 'ਚੋਂ ਵਟਸਐਪ ਨੇ 93 ਸ਼ਿਕਾਇਤਾਂ 'ਤੇ ਕਾਰਵਾਈ ਕੀਤੀ। ਯੂਜ਼ਰਜ਼ ਸ਼ਿਕਾਇਤਾਂ ਈਮੇਲ ਆਦਿ ਦੇ ਮਾਧਿਅਮ ਨਾਲ ਵਟਸਐਪ ਦੇ ਇੰਡੀਆ ਗ੍ਰੇਵਾਂਸ ਅਫਸਰ ਨੂੰ ਭੇਜਦੇ ਹਨ।
WhatsApp ਕਿਉਂ ਲਗਾਉਂਦਾ ਹੈ ਅਕਾਊਂਟ 'ਤੇ ਬੈਨ
ਸੇਵਾ ਸ਼ਰਤਾਂ ਦੀ ਉਲੰਘਣਾਂ- ਇਸ ਵਿਚ ਬਲਕ (ਥੋਕ 'ਚ) ਮੈਸੇਜ ਭੇਜਣਾ, ਸਪੈਮਿੰਗ, ਧੋਖਾਧੜੀ 'ਚ ਸ਼ਾਮਲ ਹੋਣਾ ਜਾਂ ਗਲਤ ਜਾਣਕਾਰੀ ਸਾਂਝੀ ਕਰਨਾ ਸ਼ਾਮਲ ਹਨ।
ਗੈਰ-ਕਾਨੂੰਨੀ ਗਤੀਵਿਧੀਆਂ- ਅਜਿਹੇ ਅਕਾਊਂਟ ਜੋ ਸਥਾਨਕ ਕਾਨੂੰਨਾਂ ਤਹਿਤ ਗੈਰ-ਕਾਨੂੰਨੀ ਮੰਨੀਆਂ ਜਾਣ ਵਾਲੀਆਂ ਗਤੀਵਿਧੀਆਂ 'ਚ ਸ਼ਾਮਲ ਹੁੰਦੇ ਹਨ, ਉਨ੍ਹਾਂ ਨੂੰ ਫਲੈਗ ਕੀਤਾ ਜਾਂਦਾ ਹੈ ਅਤੇ ਬੈਨ ਕੀਤਾ ਜਾਂਦਾ ਹੈ।
ਯੂਜ਼ਰਜ਼ ਦੀਆਂ ਸ਼ਿਕਾਇਤਾਂ- ਵਟਸਐਪ ਉਨ੍ਹਾਂ ਖਾਤਿਆਂ 'ਤੇ ਵੀ ਕਾਰਵਾਈ ਕਰਦਾ ਹੈ, ਜਿਨ੍ਹਾਂ ਖਿਲਾਫ ਯੂਜ਼ਰਜ਼ ਦੁਰਵਿਵਹਾਰ, ਪਰੇਸ਼ਾਨੀ ਜਾਂ ਅਣਉਚਿਤ ਵਿਵਹਾਰ ਦੀ ਸ਼ਿਕਾਇਤ ਕਰਦੇ ਹਨ।