ਵਾਹਨਾਂ ਦੀ ਬੰਪਰ ਵਿਕਰੀ ਜਾਰੀ, ਨਵੰਬਰ ''ਚ ਮਾਰੂਤੀ ਨੇ ਵੇਚੇ ਰਿਕਾਰਡ ਯਾਤਰੀ ਵਾਹਨ
Monday, Dec 01, 2025 - 04:43 PM (IST)
ਨਵੀਂ ਦਿੱਲੀ- ਵਸਤੂ ਅਤੇ ਸੇਵਾ ਟੈਕਸ (ਜੀਐੱਸਟੀ) ਦਰਾਂ 'ਚ ਕਟੌਤੀ ਦੇ ਬਾਅਦ ਨਵੰਬਰ 'ਚ ਲਗਾਤਾਰ ਦੂਜੇ ਮਹੀਨੇ ਵਾਹਨਾਂ ਦੀ ਬੰਪਰ ਵਿਕਰੀ ਹੋਈ ਅਤੇ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਨੇ ਮਹੀਨਾਵਾਰ ਵਿਕਰੀ ਦਾ ਨਵਾਂ ਕੀਰਤੀਮਾਨ ਸਥਾਪਤ ਕੀਤਾ। ਮਾਰੂਤੀ ਸੁਜ਼ੂਕੀ ਇੰਡੀਆ ਨੇ ਸੋਮਵਾਰ ਨੂੰ ਦੱਸਿਆ ਕਿ ਨਵੰਬਰ 'ਚ ਉਸ ਨੇ ਕੁੱਲ 2,29,021 ਯਾਤਰੀ ਵਾਹਨ ਵੇਚੇ ਸਨ ਜੋ ਮਹੀਨਾਵਾਰ ਵਿਕਰੀ ਦਾ ਨਵਾਂ ਰਿਕਾਰਡ ਹੈ। ਇਸ 'ਚ ਘਰੇਲੂ ਬਾਜ਼ਾਰ 'ਚ ਉਸ ਨੇ ਆਪਣੇ 1,74,593 ਵਾਹਨ ਵੇਚੇ, ਜੋ ਨਵੰਬਰ 2024 ਦੇ ਮੁਕਾਬਲੇ 21 ਫੀਸਦੀ ਵੱਧ ਹੈ। ਉਸ ਨੇ ਸਾਂਝੇਦਾਰ ਕੰਪਨੀ ਦੇ 8,371 ਵਾਹਨ ਵੇਚੇ। ਨਾਲ ਹੀ 46,057 ਵਾਹਨਾਂ ਦਾ ਰਿਕਾਰਡ ਨਿਰਯਾਤ ਕੀਤਾ।
ਇਹ ਵੀ ਪੜ੍ਹੋ : ਸਾਰਾ ਸਾਲ ਰੀਚਾਰਜ ਦੀ ਟੈਨਸ਼ਨ ਖ਼ਤਮ ! ਆ ਗਿਆ 365 ਦਿਨ ਵਾਲਾ ਸਸਤਾ ਪਲਾਨ
ਨਿਰਯਾਤ ਸਮੇਤ ਉਸ ਦੀ ਕੁੱਲ ਵਿਕਰੀ 'ਚ 26 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਸਕੋਡਾ ਆਟੋ ਨੇ ਕੁੱਲ 5,491 ਵਾਹਨ ਵੇਚੇ ਹਨ, ਜੋ 90 ਫੀਸਦੀ ਦਾ ਵਾਧਾ ਹੈ। ਕੰਪਨੀ ਨੇ ਇਸੇ ਮਹੀਨੇ ਦੇਸ਼ 'ਚ 25 ਸਾਲ ਦੀ ਆਪਣੀ ਮੌਜੂਦਗੀ 'ਚ 5 ਲੱਖ ਇਕਾਈ ਦਾ ਵਿਕਰੀ ਦਾ ਅੰਕੜਾ ਵੀ ਪਾਰ ਕੀਤਾ। ਟੀਵੀਐੱਸ ਮੋਟਰ ਕੰਪਨੀ ਦੇ ਵਾਹਨਾਂ ਦੀ ਵਿਕਰੀ 'ਚ ਨਵੰਬਰ 'ਚ 30 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਅਤੇ ਇਹ 5,19,508 ਇਕਾਈ 'ਤੇ ਪਹੁੰਚ ਗਈ। ਦੋਪਹੀਆ ਦੀ ਵਿਕਰੀ 27 ਫੀਸਦੀ ਵੱਧ ਕੇ 4,97,841 ਇਕਾਈ 'ਤੇ ਰਹੀ, ਜਿਸ 'ਚ ਘਰੇਲੂ ਵਿਕਰੀ 3,65,608 (20 ਫੀਸਦੀ ਵਾਧਾ) ਰਿਹਾ। ਇਸ 'ਚ ਮੋਟਰਸਾਈਕਲ ਦੀ ਵਿਕਰੀ 34 ਫੀਸਦੀ ਅਤੇ ਸਕੂਟਰਾਂ ਦੀ 27 ਫੀਸਦੀ ਵਧੀ ਹੈ। ਇਲੈਕਟ੍ਰਿਕ ਵਾਹਨਾਂ ਦੀ ਵਿਕਰੀ 46 ਫੀਸਦੀ ਵੱਧ ਕੇ 38,307 ਇਕਾਈ ਹੋ ਗਈ। ਕੰਪਨੀ ਦਾ ਕੁੱਲ ਨਿਰਯਾਤ 58 ਫੀਸਦੀ ਦੇ ਵਾਧੇ ਨਾਲ 1,48,315 ਇਕਾਈ 'ਤੇ ਪਹੁੰਚ ਗਿਆ, ਜਿਸ 'ਚ 1,32,233 (52 ਫੀਸਦੀ ਵਾਧਾ) ਦੋਪਹੀਆ ਵਾਹਨ ਸ਼ਾਮਲ ਹਨ। ਉਸ ਦੇ ਤਿੰਨ ਪਹੀਆ ਦੀ ਵਿਕਰੀ 147 ਫੀਸਦੀ ਵੱਧ ਕੇ 21,667 ਇਕਾਈ ਹੋ ਗਈ।
