ਫਰਜ਼ੀ ਖ਼ਬਰਾਂ ’ਤੇ ਰੋਕ ਲਗਾਉਣ ਲਈ ਟਵਿਟਰ ਲਿਆ ਰਿਹਾ ਨਵਾਂ ਫੀਚਰ
Wednesday, Oct 07, 2020 - 10:50 AM (IST)
ਗੈਜੇਟ ਡੈਸਕ– ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਲੰਬੇ ਸਮੇਂ ਤੋਂ ਫਰਜ਼ੀ ਖ਼ਬਰਾਂ ਅਤੇ ਗਲਤ ਸੂਚਨਾਵਾਂ ਨੂੰ ਆਪਣੇ ਪਲੇਟਫਾਰਮ ’ਤੇ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸੇ ਕੜੀ ’ਚ ਟਵਿਟਰ ਗਲਤ ਸੂਚਨਾਵਾਂ ’ਤੇ ਰੋਕ ਲਗਾਉਣ ਲਈ ਇਕ ਨਵਾਂ ਟੂਲ ਤਿਆਰ ਕਰ ਰਿਹਾ ਹੈ ਜਿਸ ਨੂੰ Birdwatch ਨਾਂ ਦਿੱਤਾ ਗਿਆ ਹੈ। ਇਸ ਫੀਚਰ ਦੀ ਮਦਦ ਨਾਲ ਟਵਿਟਰ ਯੂਜ਼ਰਸ ਕਿਸੇ ਟਵੀਟ ਨੂੰ ਫਲੈਗ ਕਰ ਸਕਣਗੇ ਅਤੇ ਜੇਕਰ ਉਸ ਬਾਰੇ ਕੋਈ ਸਹੀ ਜਾਣਕਾਰੀ ਹੈ ਤਾਂ ਉਸ ਸਬੰਧ ’ਚ ਟਵਿਟਰ ਨੂੰ ਇਕ ਨੋਟ ਵੀ ਭੇਜ ਸਕਣਗੇ। ਕਈ ਸੋਸ਼ਲ ਮੀਡੀਆ ਮੈਨੇਜਰਾਂ ਨੇ ਟਵਿਟਰ ਦੇ ਇਸ ਫੀਚਰ ਦਾ ਸਕਰੀਨਸ਼ਾਟ ਸਾਂਝਾ ਕੀਤਾ ਹੈ ਜਿਸ ਮੁਤਾਬਕ, ਜੇਕਰ ਤੁਹਾਨੂੰ ਕਿਸੇ ਟਵੀਟ ਨੂੰ ਲੈ ਕੇ ਸ਼ੱਕ ਹੋ ਰਿਹਾ ਹੈ ਤਾਂ ਤੁਸੀਂ ਉਸ ਨੂੰ Add to Birdwatch ਕਰ ਸਕਦੇ ਹੋ। ਇਸ ਤੋਂ ਬਾਅਦ ਤੁਹਾਡੇ ਕੋਲੋਂ ਕੁਝ ਸਵਾਲ ਪੁੱਛੇ ਜਾਣਗੇ।
ਕਿਸੇ ਟਵੀਟ ਨੂੰ ਨੋਟ ਦੇ ਨਾਲ ਵਰਡਵਾਚ ’ਚ ਐਡ ਕਰਨ ਤੋਂ ਬਾਅਦ ਦੂਜੇ ਯੂਜ਼ਰਸ ਵੀ ਉਸ ਨੂੰ ਵੇਖ ਸਕਣਗੇ ਅਤੇ ਉਸ ’ਤੇ ਆਪਣੀ ਪ੍ਰਤੀਕਿਰਿਆ ਦੇ ਸਕਣਗੇ। ਉਂਝ ਤਾਂ ਟਵਿਟਰ ਦਾ ਇਹ ਫੀਚਰ ਅਜੇ ਲਾਈਵ ਨਹੀਂ ਹੋਇਆ ਪਰ ਬਹੁਤ ਸਾਰੇ ਸਵਾਲ ਜ਼ਰੂਰ ਖੜ੍ਹੇ ਹੋ ਗਏ ਹਨ।
ਜਿਵੇਂ ਕਿ ਕੀ ਇਹ ਫੀਚਰ ਸਾਰਿਆਂ ਲਈ ਉਪਲੱਬਧ ਹੋਵੇਗਾ ਜਾਂ ਸਿਰਫ ਨਿਊਜ਼ ਪਬਲਿਸ਼ਰਾਂ ਲਈ? ਇਸ ਤੋਂ ਇਲਾਵਾ ਇਹ ਵੀ ਅਜੇ ਸਾਫ ਨਹੀਂ ਹੈ ਕਿ ਜਿਨ੍ਹਾਂ ਟਵੀਟ ਨੂੰ ਫਲੈਗ ਕੀਤਾ ਜਾਵੇਗਾ ਉਨ੍ਹਾਂ ਦੀ ਜਾਂਚ ਟਵਿਟਰ ਕਰੇਗਾ ਜਾਂ ਨਹੀਂ ਅਤੇ ਕਰੇਗਾ ਤਾਂ ਕਦੋਂ ਤਕ? ਟਵਿਟਰ ਦਾ ਇਹ ਫੀਚਰ ਕਦੋਂ ਤਕ ਲਾਈਵ ਹੋਵੇਗਾ, ਇਸ ਸਬੰਧ ’ਚ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।