ਭਾਰਤ ''ਚ ਜਲਦੀ ਸ਼ੁਰੂ ਹੋਵੇਗੀ Tesla ਕਾਰਾਂ ਦੀ ਵਿਕਰੀ, ਫਾਈਨਲ ਹੋ ਗਿਆ ਪਹਿਲਾਂ ਸ਼ੋਅਰੂਮ!
Saturday, Mar 01, 2025 - 07:08 PM (IST)

ਆਟੋ ਡੈਸਕ- ਦੁਨੀਆ ਦੇ ਸਭ ਤੋਂ ਅਮੀਰ ਆਦਮੀ ਅਤੇ ਦਿੱਗਜ ਕਾਰੋਬਾਰੀ ਐਲੋਨ ਮਸਕ ਦੀ ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਦੀ ਭਾਰਤੀ ਬਾਜ਼ਾਰ ਵਿੱਚ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਹੈ। ਪਰ ਪਿਛਲੇ ਕੁਝ ਹਫ਼ਤਿਆਂ ਵਿੱਚ ਕੁਝ ਅਜਿਹੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਜੋ ਸਪੱਸ਼ਟ ਕਰਦੀਆਂ ਹਨ ਕਿ ਇਹ ਇੰਤਜ਼ਾਰ ਬਹੁਤ ਜਲਦੀ ਖਤਮ ਹੋਣ ਵਾਲਾ ਹੈ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਅਮਰੀਕੀ ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਨੇ ਭਾਰਤ ਵਿੱਚ ਆਪਣੇ ਸ਼ੋਅਰੂਮ ਲਈ ਲੋਕੇਸ਼ਨ ਅਤੇ ਏਰੀਆ ਫਾਈਨਲ ਕਰ ਲਿਆ ਹੈ। ਕੰਪਨੀ ਨੇ ਭਾਰਤ ਵਿੱਚ ਆਪਣੇ ਪਹਿਲੇ ਸ਼ੋਅਰੂਮ ਲਈ ਲਗਭਗ 4,000 ਵਰਗ ਫੁੱਟ ਜਗ੍ਹਾ ਕਿਰਾਏ 'ਤੇ ਵੀ ਲੈ ਲਈ ਹੈ।
ਇਕ ਮੀਡੀਆ ਰਿਪੋਰਟ 'ਚ ਪ੍ਰੋਪਰਟੀ ਮਾਰਕੀਟ ਸੋਰਸ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਟੈਸਲਾ ਨੇ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ (BKC) 'ਚ ਆਪਣਾ ਪਹਿਲਾ ਸ਼ੋਅਰੂਮ ਸ਼ੁਰੂ ਕਰਨ ਲਈ ਇਕ ਡੀਲ ਫਾਈਲਨ ਕੀਤੀ ਹੈ। ਜਿਸ ਤਹਿਤ ਕੰਪਨੀ ਨੇ ਬੀ.ਕੇ.ਸੀ. 'ਚ ਇਕ ਕਮਰਸ਼ੀਅਲ ਟਾਵਰ ਦੇ ਗ੍ਰਾਊਂਡ ਫਲੋਰ 'ਤੇ 4,000 ਵਰਗ ਫੁੱਟ ਦੀ ਜਗ੍ਹਾ ਕਿਰਾਏ 'ਤੇ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸਦਾ ਮਹੀਨਾਵਾਰ ਕਿਰਾਇਆ 900 ਰੁਪਏ ਪ੍ਰਤੀ ਵਰਗ ਫੁੱਟ ਹੈ। ਜੋ ਕਿ ਲਗਭਗ 35 ਲੱਖ ਰੁਪਏ ਪ੍ਰਤੀ ਮਹੀਨਾ ਹੋਵੇਗਾ।
ਰਿਪੋਰਟ ਦੇ ਅਨੁਸਾਰ, ਟੈਸਲਾ ਨੇ ਇਹ ਜਗ੍ਹਾ 5 ਸਾਲਾਂ ਲਈ ਕਿਰਾਏ 'ਤੇ ਲਈ ਹੈ, ਜਿੱਥੇ ਕੰਪਨੀ ਆਪਣੀਆਂ ਕਾਰਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਪ੍ਰਦਰਸ਼ਿਤ ਕਰੇਗੀ। ਜੇਕਰ ਸਭ ਕੁਝ ਠੀਕ ਰਿਹਾ ਤਾਂ ਕੰਪਨੀ ਅਪ੍ਰੈਲ ਤੋਂ ਕਾਰਾਂ ਵੇਚਣਾ ਸ਼ੁਰੂ ਕਰ ਸਕਦੀ ਹੈ। ਮੁੰਬਈ ਤੋਂ ਇਲਾਵਾ ਟੈਸਲਾ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵੀ ਇੱਕ ਸ਼ੋਅਰੂਮ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ। ਇਸ ਲਈ ਕੰਪਨੀ ਐਰੋਸਿਟੀ ਦਿੱਲੀ ਵਿੱਚ ਇੱਕ ਸ਼ੋਅਰੂਮ ਲਈ ਜਗ੍ਹਾ ਲੱਭ ਰਹੀ ਹੈ। ਹਾਲਾਂਕਿ, ਕੰਪਨੀ ਵੱਲੋਂ ਇਸ ਬਾਰੇ ਅਜੇ ਤੱਕ ਅਧਿਕਾਰਤ ਤੌਰ 'ਤੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।