ਵੱਡੀ ਤਿਆਰੀ ਨਾਲ ਭਾਰਤ ਆ ਰਹੀ ਟੈਸਲਾ, ਸਾਲ ਦੇ ਅਖੀਰ ਤਕ ਦੇਸ਼ ’ਚ ਉਤਾਰੇਗੀ 7 ਇਲੈਕਟ੍ਰਿਕ ਕਾਰਾਂ
Monday, Mar 29, 2021 - 02:02 PM (IST)
ਆਟੋ ਡੈਸਕ– ਏਲਨ ਮਸਕ ਦੀ ਕੰਪਨੀ ਟੈਸਲਾ ਵੱਡੀ ਤਿਆਰੀ ਨਾਲ ਭਾਰਤ ਆ ਰਹੀ ਹੈ। ਕੰਪਨੀ ਦਾ ਇਰਾਦਾ ਨਿੱਜੀ ਅਤੇ ਜਨਤਕ ਟ੍ਰਾਂਸਪੋਰਟ ਖੇਤਰ ’ਚ ਕ੍ਰਾਂਤੀਕਾਰੀ ਬਦਲਾਅ ਦਾ ਹੈ। ਇਸ ਸਾਲ ਦੇ ਅਖੀਰ ਤਕ ਕੰਪਨੀ ਭਾਰਤ ’ਚ 7 ਇਲੈਕਟਰਿਕ ਕਾਰਾਂ ਉਤਾਰੇਗੀ, ਜਿਨ੍ਹਾਂ ਦੇ ਐਂਟਰੀ ਲੈਵਰ ਮਾਡਲ ਦੀ ਕੀਮਤ 60 ਲੱਖ ਰੁਪਏ ਹੋਵੇਗੀ।
ਇਸ ਦੇ ਨਾਲ ਹੀ ਟੈਸਲਾ ਦੀ ਨਜ਼ਰ ਭਾਰਤ ’ਚ ਸਸਤੀਆਂ ਇਲੈਕਟ੍ਰਿਕ ਕਾਰਾਂ, ਬਾਈਕ ਅਤੇ ਆਟੋ ਮਾਰਕੀਟ ’ਤੇ ਹੈ। ਕੰਪਨੀ ਪਬਲਿਕ ਟ੍ਰਾਂਸਪੋਰਟ ਸੈਗਮੈਂਟ ’ਤੇ ਸ਼ਹਿਰਾਂ ’ਚ ਹਾਈਪਰ ਲੂਪ ਨੈੱਟਵਰਕ ’ਤੇ ਕੰਮ ਕਰ ਰਹੀ ਹੈ। ਟੈਸਲਾ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਅਸੀਂ ਭਾਰਤ ’ਚ ਇਕ ਤੋਂ ਜ਼ਿਆਦਾ ਮੈਨਿਊਫੈਕਚਰਿੰਗ ਹਬ ਬਣਾਉਣ ਜਾ ਰਹੇ ਹਾਂ। ਇਨ੍ਹਾਂ ’ਚ ਇਕ ਕਰਨਾਟਕ ’ਚ ਹੋਵੇਗਾ, ਜੋ ਇਸ ਸਾਲ ਦੇ ਅੰਤ ਤਕ ਸ਼ੁਰੂ ਹੋ ਸਕਦਾ ਹੈ। ਇਸ ਫੈਕਟਰੀ ਦੀ ਸਮਰੱਥਾ ਸਾਲਾਨਾ ਢਾਈ ਲੱਖ ਕਾਰਾਂ ਬਣਾਉਣ ਦੀ ਹੋਵੇਗੀ ਅਤੇ ਕਰੀਬ 10 ਹਜ਼ਾਰ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਉਨ੍ਹਾਂ ਦੱਸਿਆ ਕਿ ਕੰਪਨੀ ਬਾਜ਼ਾਰ ’ਚ ਆਪਣੀ ਥਾਂ ਬਣਾਉਣ ਲਈ ਐਗਰੈਸਿਵ ਰਣਨੀਤੀ ਨਾਲ ਉਤਰੇਗੀ।
ਇਸ ਸਾਲ ਦੇ ਅੰਤ ਤਕ ਟੈਸਲਾ ਭਾਰਤ ’ਚ 7 ਪ੍ਰੀਮੀਅਮ ਇਲੈਕਟ੍ਰਿਕ ਕਾਰਾਂ ਲਾਂਚ ਕਰੇਗੀ। ਇਸ ਵਿਚ ਚਾਰ ਐਕਸ ਲਾਂਗ ਰੇਂਜ ਅਤੇ ਤਿੰਨ ਮਾਡਲ 3 ਸਟੈਂਡਰਡ ਰੇਂਜ ਦੇ ਹੋਣਗੇ। ਟੈਸਲਾ ਮਾਡਲ 3 ਦੀ ਅਨੁਮਾਨਿਕ ਕੀਮਤ 60 ਲੱਖ ਰੁਪਏ, ਮਾਡਲ ਐੱਸ ਦੀ ਕੀਮਤ 1.50 ਕਰੋੜ ਰੁਪਏ ਅਤੇ ਮਾਡਲ ਐਕਸ ਦੀ ਕੀਮਤ 2 ਕਰੋੜ ਰੁਪਏ ਹੋਵੇਗੀ।