ਅਜਿਹੀ ਮਸ਼ੀਨ ਜੋ ਇਨਸਾਨੀ ਮੂਤਰ ਨੂੰ ਬਦਲ ਦਿੰਦੀ ਹੈ ਪੀਣ ਯੋਗ ਪਾਣੀ ''ਚ
Thursday, Jul 28, 2016 - 10:27 AM (IST)

ਜਲੰਧਰ- ਸਾਡੀ ਧਰਤੀ ''ਤੇ ਪੀਣ ਵਾਲੇ ਪਾਣੀ ਦੇ ਸਰੋਤਾਂ ਦੇ ਖਤਮ ਹੋਣ ਦੀ ਸਮੱਸਿਆ ਲਗਾਤਾਰ ਵਧ ਰਹੀ ਹੈ ਤੇ ਵਿਗਿਆਨੀ ਅਜਿਹੀਆਂ ਖੋਜਾਂ ਕਰਨ ''ਚ ਲੱਗੇ ਹਨ, ਜਿਸ ਨਾਲ ਪਾਣੀ ਨੂੰ ਬਚਾਇਆ ਜਾ ਸਕੇ। ਪਾਣੀ ਇਕ ਅਜਿਹਾ ਤੱਤ ਹੈ, ਜਿਸ ਦਾ ਕੋਈ ਬਦਲ ਨਹੀਂ ਹੈ, ਇਨਸਾਨ ਨੂੰ ਜਿਊਂਦੇ ਰਹਿਣ ਲਈ ਪਾਣੀ ਦੀ ਲੋੜ ਹੈ ਤੇ ਅਜਿਹੀ ਕੋਈ ਚੀਜ਼ ਨਹੀਂ ਜੋ ਇਸ ਨੂੰ ਰਿਪਲੇਸ ਕਰ ਸਕੇ। ਪਾਣੀ ਦੀ ਅਹਿਮੀਅਤ ਨੂੰ ਦੇਖਦੇ ਹੀ ਵਿਗਿਆਨੀਆਂ ਨੇ ਅਜਿਹੀ ਸੋਲਰ ਮਸ਼ੀਨ ਤਿਆਰ ਕੀਤੀ ਹੈ,ਜੋ ਇਨਸਾਨੀ ਮੂਤਰ ਨੂੰ ਪੀਣ ਯੋਗ ਪਾਣੀ ''ਚ ਬਦਲ ਦਿੰਦੀ ਹੈ। ਆਓ ਜਾਣਦੇ ਹਾਂ ਇਸ ਨਵੀਂ ਮਸ਼ੀਨ ਬਾਰੇ :
ਬੈਲਜੀਅਨ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਸੋਲਰ ਪਾਵਰ ਨਾਲ ਚੱਲਣ ਵਾਲੀ ਅਜਿਹੀ ਮਸ਼ੀਨ ਤਿਆਰ ਕੀਤੀ ਹੈ, ਜੋ ਯੂਰਿਨ (ਇਨਸਾਨੀ ਮੂਤਰ) ਨੂੰ ਪੀਣ ਯੋਗ ਪਾਣੀ ''ਚ ਬਦਲ ਦਿੰਦੀ ਹੈ। ਇਹ ਇਕ ਅਜਿਹਾ ਫਿਲਟਰ ਹੈ, ਜੋ ਯੂਰਿਨ ''ਚੋਂ 95 ਫੀਸਦੀ ਤੱਕ ਅਮੋਨੀਆ ਨੂੰ ਸਾਫ ਕਰ ਦਿੰਦਾ ਹੈ। ਇਸ ਫਿਲਟਰਿੰਗ ਮੈਥਡ ਨੂੰ ਅਜੇ ਗੁਪਤ ਰੱਖਿਆ ਗਿਆ ਹੈ ਪਰ ਇੰਨਾ ਸਾਹਮਣੇ ਆਇਆ ਹੈ ਕਿ ਸੋਲਰ ਪਾਵਰਡ ਬੋਇਲਰ ''ਚ ਯੂਰਿਨ ਇਕੱਠਾ ਹੋਣ ਤੋਂ ਬਾਅਦ ਮੈਂਬਰੇਨ ਟੈਕਨਾਲੋਜੀ ਦੀ ਮਦਦ ਨਾਲ ਪਾਣੀ, ਨਾਈਟ੍ਰੋਜਨ ਤੇ ਪੋਟਾਸ਼ੀਅਮ ਵੱਖ ਕੀਤਾ ਜਾਂਦਾ ਹੈ।
ਸਫਲ ਰਿਹਾ ਪਹਿਲਾ ਪ੍ਰੀਖਣ
ਵਿਗਿਆਨੀਆਂ ਨੇ ਪਹਿਲੀ ਵਾਰ ਇਸ ਮਸ਼ੀਨ ਦਾ ਪ੍ਰੀਖਣ ਇਕ ਮਿਊਜ਼ਿਕ ਫੈਸਟੀਵਲ ''ਚ ਕੀਤਾ ਤੇ ਇਕ ਵੱਡੇ ਟੈਂਕਰ ''ਚ ਲੋਕਾਂ ਦਾ ਮੂਤਰ ਇਕੱਠਾ ਕਰਕੇ 1000 ਲੀਟਰ ਪਾਣੀ ਤਿਆਰ ਕੀਤਾ। ਹਾਲਾਂਕਿ ਇਸ ਪਾਣੀ ਨੂੰ ਬਾਅਦ ''ਚ ਬੀਅਰ ਬਣਾਉਣ ਲਈ ਵਰਤਿਆ ਜਾਣਾ ਹੈ।
ਇੰਝ ਕਰ ਸਕਦੈ ਸਾਡੀ ਮਦਦ
ਇਸ ਨੂੰ ਤਿਆਰ ਕਰਨ ਦਾ ਮਕਸਦ ਹੈ ਅਜਿਹੇ ਵਿਕਾਸਸ਼ੀਲ ਦੇਸ਼ਾਂ ''ਚ ਪਾਣੀ ਦੀ ਘਾਟ ਨੂੰ ਪੂਰਾ ਕਰਨਾ, ਜਿਥੇ ਪੀਣ ਵਾਲੇ ਪਾਣੀ ਦੀ ਕਮੀ ਹੈ। ਇਸ ਮਸ਼ੀਨ ਨੂੰ ਤਿਆਰ ਕਰਨ ਵਾਲੀ ਟੀਮ ਇਸ ਨੂੰ ਏਅਰ ਪੋਰਟਸ ਤੇ ਗੇਮ ਸਟੇਡੀਅਮਜ਼ ''ਚ ਲਗਾਉਣਾ ਚਾਹੁੰਦੀ ਹੈ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਯੂਰਿਨ ਇਕੱਠਾ ਕਰਕੇ ਇਸ ਨੂੰ ਪਾਣੀ ''ਚ ਬਦਲਿਆ ਜਾ ਸਕੇ।