2023 ’ਚ ਸਥਿਰ ਰਹੇਗੀ ਸਮਾਰਟਫੋਨ ਦੀ ਵਿਕਰੀ
Tuesday, Jan 31, 2023 - 12:31 PM (IST)

ਗੈਜੇਟ ਡੈਸਕ– ਇਸ ਸਾਲ ਦੇਸ਼ ’ਚ ਸਮਾਰਟਫੋਨ ਦੀ ਵਿਕਰੀ ’ਚ ਕੋਈ ਤੇਜ਼ੀ ਨਹੀਂ ਆਵੇਗੀ ਅਤੇ ਇਹ ਸਥਿਰ ਹੀ ਰਹੇਗੀ। ਇਸ ਤੋਂ ਪਹਿਲਾਂ ਆਈ ਇਸ ਤਰ੍ਹਾਂ ਦੀ ਰਿਪੋਰਟ ’ਚ ਕਿਹਾ ਗਿਆ ਸੀ ਕਿ 2022 ’ਚ ਸਮਾਰਟਫੋਨ ਦੀ ਸ਼ਿਪਮੈਂਟ ’ਚ ਗਿਰਾਵਟ ਆਵੇਗੀ ਅਤੇ ਇਸ ਸਾਲ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਜਾਂ ਤਾਂ ਸਮਾਰਟਫੋਨ ਦੀ ਵਿਕਰੀ ਦੀ ਗ੍ਰੋਥ ਸਥਿਰ ਰਹੇਗੀ ਜਾਂ ਇਹ 10 ਫੀਸਦੀ ਤੋਂ ਘਟ ਰਹੇਗੀ।
ਕਾਊਂਟਰ ਪੁਆਇੰਟ ਰਿਸਰਚ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ 2022 ’ਚ ਭਾਰਤ ’ਚ ਸਮਾਰਟਫੋਨ ਦੀ ਸ਼ਿਪਮੈਂਟ 9 ਫੀਸਦੀ ਘਟ ਹੋਈ ਹੈ, ਜਦੋਂਕਿ ਇਸ ’ਚ 2021 ’ਚ 11 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ। 2021 ’ਚ ਭਾਰਤ ਨੇ 169 ਮਿਲੀਅਨ ਸਮਾਰਟਫੋਨ ਦਰਾਮਦ ਕੀਤੇ ਸਨ, ਜਦੋਂਕਿ 2022 ’ਚ ਇਹ ਅੰਕੜਾ 152 ਮਿਲੀਅਨ ਰਹਿ ਗਿਆ ਸੀ। 2021 ’ਚ ਇਹ ਗ੍ਰੋਥ ਕੋਰੋਨਾ ਕਾਰਨ ਵਰਕ ਫਰਾਮ ਹੋਮ ਅਤੇ ਸਟੂਡੈਂਟਸ ਦੇ ਆਨਲਾਈਨ ਕਲਾਸਿਜ਼ ਲਾਉਣ ਕਾਰਨ ਆਈ ਸੀ ਪਰ ਇਸ ਸਾਲ ਮਹਿੰਗਾਈ ਕਾਰਨ ਸਮਾਰਟਫੋਨ ਦੇ ਬਾਜ਼ਾਰ ’ਚ ਸਥਿਰਤਾ ਰਹਿ ਸਕਦੀ ਹੈ।
2020 ਤੋਂ ਪਹਿਲਾਂ ਭਾਰਤ ’ਚ ਆਮ ਸਮਾਰਟਫੋਨ ਧਾਰਕ 6 ਮਹੀਨਿਆਂ ਤੋਂ ਬਾਅਦ ਫੋਨ ਬਦਲ ਰਹੇ ਸਨ ਪਰ ਹੁਣ ਸਮਾਰਟਫੋਨ ਯੂਜ਼ਰਜ਼ 2 ਸਾਲ ਤਕ ਫੋਨ ਨਹੀਂ ਬਦਲ ਰਹੇ, ਇਸ ਨਾਲ ਵੀ ਵਿਕਰੀ ’ਚ ਸਥਿਰਤਾ ਦੀ ਉਮੀਦ ਹੈ।