64MP ਕੈਮਰਾ ਅਤੇ 6000mAh ਬੈਟਰੀ ਨਾਲ ਸੈਮਸੰਗ ਲਾਂਚ ਕਰੇਗਾ ਨਵਾਂ ਸਮਾਰਟਫੋਨ

6/13/2020 2:07:36 AM

ਗੈਜੇਟ ਡੈਸਕ—ਦੱਖਣੀ ਕੋਰੀਆ ਦੀ ਕੰਪਨੀ ਸੈਮਸੰਗ ਇਕ ਨਵਾਂ ਸਮਾਰਟਫੋਨ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਹ ਕੰਪਨੀ ਦੇ ਗਲੈਕਸੀ ਐੱਮ31 ਦਾ ਅਪਗ੍ਰੇਡ ਵੇਰੀਐਂਟ ਹੋਵੇਗਾ ਜਿਸ ਦਾ ਨਾਂ ਗਲੈਕਸੀ ਐੱਮ31ਐੱਸ ਹੋ ਸਕਦਾ ਹੈ। ਹਾਲ ਹੀ 'ਚ ਇਹ ਸਮਾਰਟਫੋਨ ਗੀਕਬੈਂਚ ਦੀ ਵੈੱਬਸਾਈਟ 'ਤੇ ਨਜ਼ਰ ਆਇਆ ਹੈ, ਜਿਥੋ ਇਸ ਫੋਨ ਦੇ ਸਪੈਸੀਫਿਕੇਸ਼ਨਸ ਸਾਹਮਣੇ ਆ ਗਏ ਹਨ। ਦੱਸ ਦੇਈਏ ਕਿ ਕੰਪਨੀ ਨੇ ਕੁਝ ਦਿਨ ਪਹਿਲਾਂ ਹੀ ਗਲੈਕਸੀ ਏ31 ਸਮਾਰਟਫੋਨ ਲਾਂਚ ਕੀਤਾ ਸੀ, ਜਿਸ ਦੀ ਕੀਮਤ 21,999 ਰੁਪਏ ਹੈ।

ਰਿਪੋਰਟ ਦੀ ਮੰਨੀਏ ਤਾਂ ਸਮਾਰਟਫੋਨ 'ਚ ਸੈਮਸੰਗ Exynos 9611 ਪ੍ਰੋਸੈਸਰ ਅਤੇ 6ਜੀ.ਬੀ. ਦੀ ਰੈਮ ਮਿਲੇਗੀ। ਇਸ ਦੇ ਨਾਲ ਹੀ ਸਮਾਰਟਫੋਨ 'ਚ 128ਜੀ.ਬੀ. ਇੰਟਰਨਲ ਸਟੋਰੇਜ਼ ਮਿਲ ਸਕਦੀ ਹੈ। ਗੀਕਬੈਂਚ ਤੋਂ ਇਹ ਪਤਾ ਚੱਲਿਆ ਕਿ ਫੋਨ ਐਂਡ੍ਰਾਇਡ 10 'ਤੇ ਕੰਮ ਕਰੇਗਾ ਅਤੇ ਇਸ 'ਚ ਸੈਮਸੰਗ ਦਾ One UI ਯੂਜ਼ਰ ਇੰਟਰਫੇਸ ਮਿਲੇਗਾ। ਗੀਕਬੈਂਚ ਸਕੋਰ ਦੀ ਗੱਲ ਕਰੀਏ ਤਾਂ ਫੋਨ ਨੂੰ ਸਿੰਗਲ-ਕੋਰ ਟੈਸਟ 'ਚ 347 ਅਤੇ ਮਲਟੀ-ਕੋਰ ਟੈਸਟ 'ਚ 1,256 ਪੁਆਇੰਟਸ ਮਿਲੇ ਹਨ।

ਗਲੈਕਸੀ ਐੱਮ31 ਦੀ ਤਰ੍ਹਾਂ ਇਸ ਸਮਾਰਟਫੋਨ 'ਚ ਵੀ ਏਮੋਲੇਡ ਡਿਸਪਲੇਅ ਅਤੇ ਕਵਾਡ ਰੀਅਰ ਕੈਮਰਾ ਸੈਟਅਪ ਮਿਲ ਸਕਦਾ ਹੈ। ਰਿਪੋਰਟ ਦੀ ਮੰਨੀਏ ਤਾਂ ਇਸ 'ਚ 64 ਮੈਗਾਪਿਕਸਲ ਦੇ ਪ੍ਰਾਈਮਰੀ ਸੈਂਸਰ ਵਾਲਾ ਰੀਅਰ ਕੈਮਰਾ ਅਤੇ 6,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਜਾ ਸਕਦੀ ਹੈ।


Karan Kumar

Content Editor Karan Kumar