ਰਿਲਾਇੰਸ ਜਿਓ ਕੋਲ ਹੈ ਬ੍ਰਾਡਬੈਂਡ ਕੁਨੈਕਸ਼ਨ ਦਾ ਕਰੀਬ 40 ਫੀਸਦੀ ਹਿੱਸਾ : ਟਰਾਈ
Tuesday, May 02, 2017 - 02:12 PM (IST)

ਜਲੰਧਰ- ਰਿਲਾਇੰਸ ਜਿਓ ਲਾਂਚ ਦੇ 6 ਮਹੀਨਿਆਂ ਦੇ ਅੰਦਰ ਹੀ ਦੇਸ਼ ਦੀ ਸਭ ਤੋਂ ਵੱਡੀ ਬ੍ਰਾਡਬੈਂਡ ਕੁਨੈਕਸ਼ਨ ਪ੍ਰਦਾਤਾ ਕੰਪਨੀ ਬਣ ਗਈ ਹੈ। ਇਹ ਜਾਣਕਾਰੀ ਟੈਲੀਕਾਮ ਰੈਗੂਲੇਟਰ ਟਰਾਈ ਦੇ ਅੰਕੜੇ ਤੋਂ ਸਾਹਮਣੇ ਆਈ ਹੈ। ਅੰਕੜੇ ਫਰਵਰੀ ਮਹੀਨੇ ਦੇ ਹਨ ਅਤੇ ਇਸ ਵਿਚ ਵਾਇਰਡ ਅਤੇ ਵਾਇਰਲੈੱਸ ਕੁਨੈਕਸ਼ਨ ਨੂੰ ਸ਼ਾਮਲ ਕੀਤਾ ਗਿਆ ਹੈ। ਟਰਾਈ ਮੁਤਾਬਕ, ਬ੍ਰਾਡਬੈਂਡ ਦੀ ਮਾਨਤਾ ਲਈ ਘੱਟੋ-ਘੱਟ ਸਪੀਡ 512 ਕੇ.ਬੀ.ਪੀ.ਐੱਸ. ਹੋਣੀ ਚਾਹੀਦੀ ਹੈ। ਰਿਪੋਰਟ ਤੋਂ ਪਤਾ ਲੱਗਾ ਹੈ ਕਿ ਫਰਵਰੀ ਮਹੀਨੇ ''ਚ ਬ੍ਰਾਡਬੈਂਡ ਕੁਨੈਕਸ਼ਨ ਦੀ ਗਿਣਤੀ 261.31 ਮਿਲੀਅਨ ਤੋਂ 2.98 ਫੀਸਦੀ ਵਧ ਕੇ 253.75 ਮਿਲੀਅਨ ਹੋ ਗਈ। ਇਸ ''ਚੋਂ ਸਿਰਫ 4ਜੀ ਵਾਇਰਲੈਸ ਨੈੱਟਵਰਕ ਦੇਣ ਵਾਲੀ ਰਿਲਾਇੰਸ ਜਿਓ ਕੋਲ ਕਰੀਬ 10 ਕਰੋੜ 28 ਲੱਖ ਯੂਜ਼ਰ ਹਨ।
ਮੋਬਾਇਲ ਦੇ ਨਾਲ ਵਾਇਰਡ ਬ੍ਰਾਡਬੈਂਡ ਇੰਟਰਨੈੱਟ ਦੀ ਸੁਵਿਧਾ ਦੇਣ ਵਾਲੀ ਏਅਰਟੈੱਲ ਇਸ ਸੂਚੀ ''ਚ ਦੂਜੇ ਸਥਾਨ ''ਤੇ ਹੈ। ਕੰਪਨੀ ਕੋਲ ਕਰੀਬ 4 ਕਰੋੜ 67 ਲੱਖ ਯੂਜ਼ਰ (17.87 ਫੀਸਦੀ) ਹਨ। ਰਿਲਾਇੰਸ ਜਿਓ ਅਤੇ ਏਅਰਟੈੱਲ ਤੋਂ ਬਾਅਦ ਵੋਡਾਫੋਨ (32.06 ਮਿਲੀਅਨ, 12.27 ਫੀਸਦੀ), ਆਈਡੀਆ ਸੈਲੂਲਰ (24.31 ਮਿਲੀਅਨ, 9.3 ਫੀਸਦੀ) ਅਤੇ ਬੀ.ਐੱਸ.ਐੱਨ.ਐੱਲ. (20.81 ਮਿਲੀਅਨ, 7.69 ਫੀਸਦੀ) ਆਉਂਦੇ ਹਨ। ਹੋਰ ਵਾਇਰਡ ਅਤੇ ਮੋਬਾਇਲ ਸਰਵਿਸ ਪ੍ਰਦਾਤਾ ਕੰਪਨੀਆਂ ਕੋਲ 3.46 ਕਰੋੜ ਯੂਜ਼ਰ ਹਨ ਜਿਨ੍ਹਾਂ ਦੀ ਹਿੱਸੇਦਾਰੀ 13.24 ਫੀਸਦੀ ਹੈ।
ਮੋਬਾਇਲ ਬ੍ਰਾਡਬੈਂਡ ਕੁਨੈਕਸ਼ਨ ''ਚ ਵੀ ਸਥਿਤੀ ਉਹੀ ਹੈ। ਰਿਲਾਇੰਸ ਜਿਓ (10.28 ਕਰੋੜ), ਏਅਰਟੈੱਲ (4.46 ਕਰੋੜ), ਵੋਡਾਫੋਨ (3.20 ਕਰੋੜ) ਅਤੇ ਆਈਡੀਆ ਸੈਲੂਲਰ (2.43 ਕਰੋੜ) ਪਹਿਲੇ ਚਾਰ ਸਥਾਨ ''ਤੇ ਹਨ। ਹਾਲਾਂਕਿ, ਇਸ ਸੂਚੀ ''ਚ ਰਿਲਾਇੰਸ ਕਮਿਊਨੀਕੇਸ਼ੰਸ ਨੇ 1.40 ਕਰੋੜ ਮੋਬਾਇਲ ਬ੍ਰਾਡਬੈਂਡ ਕੁਨੈਕਸ਼ਨ ਦੇ ਨਾਲ ਬੀ.ਐੱਸ.ਐੱਨ.ਐੱਲ. ਨੂੰ ਪਛਾੜ ਦਿੱਤਾ ਹੈ। ਇੰਟਰਨੈੱਟ ਸਰਵਿਸ ਪ੍ਰੋਵਾਇਡਰ ਦੀ ਸੂਚੀ ''ਚ ਬੀ.ਐੱਸ.ਐੱਨ.ਐੱਲ. 99.5 ਲੱਖ ਗਾਹਕਾਂ ਦੇ ਨਾਲ ਸਭ ਤੋਂ ਅੱਗੇ ਹੈ। ਇਸ ਸੂਚੀ ''ਚ ਏਅਰਟੈੱਲ (20.7 ਲੱਖ), ਏ.ਸੀ.ਟੀ. ਫਾਈਬਰਨੈੱਟ (11.4 ਲੱਖ), ਐੱਮ.ਟੀ.ਐੱਨ.ਐੱਲ. (10.3 ਲੱਖ) ਅਤੇ ਯੂ ਬ੍ਰਾਡਬੈਂਡ (6.2 ਲੱਖ) ਵੀ ਆਉਂਦੇ ਹਨ।
ਉਂਝ ਆਉਣ ਵਾਲੇ ਦਿਨਾਂ ''ਚ ਵਾਇਰਡ ਬ੍ਰਾਡਬੈਂਡ ਕੁਨੈਕਸ਼ਨ ਦੀ ਸੂਚੀ ''ਚ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਦਰਅਸਲ, ਰਿਲਾਇੰਸ ਜਿਓ ਜਲਦੀ ਹੀ ਫਾਈਬਰ ਟੂ ਦਿ ਹੋਮ (ਐੱਫ.ਟੀ.ਟੀ.ਐੱਚ.) ਬ੍ਰਾਡਬੈਂਡ ਸੇਵਾ ਦੀ ਸ਼ੁਰੂਆਤ ਕਰਨ ਵਾਲੀ ਹੈ। ਟੈਲੀਕਾਮ ਸੇਵਾ ਦੀ ਤਰ੍ਹਾਂ ਰਿਲਾਇੰਸ ਜਿਓ ਬ੍ਰਾਡਬੈਂਡ ਸੇਵਾ ਲਈ ਕਿਫਾਇਤੀ ਪਲਾਨ ਪੇਸ਼ ਕਰੇਗੀ।