ਸ਼ਹਿਰ ''ਚ ਡ੍ਰਾਈਵ ਕਰਨ ਲਈ ਵਧੀਆ ਕਾਰ ਹੈ ਪ੍ਰੋਜੈਕਟ ਐੱਮ
Monday, Apr 25, 2016 - 10:29 AM (IST)
2.64 ਲਿਟਰ ਨਾਲ 100 ਕਿਲੋਮੀਟਰ ਤਕ ਦੀ ਦੂਰੀ ਤਹਿ ਕਰ ਸਕੇਗੀ ਇਹ ਕਾਰ
ਜਲੰਧਰ-ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਆਉਣ ਵਾਲੇ ਸਮੇਂ ਵਿਚ ਇਲੈਕਟ੍ਰਿਕ ਕਾਰਾਂ ਸੜਕਾਂ ਉੱਤੇ ਭੱਜਦੀਆਂ ਦਿਖਾਈ ਦੇਣਗੀਆਂ, ਇਸ ਲਈ ਕਾਰ ਨਿਰਮਾਤਾ ਕੰਪਨੀਆਂ ਜ਼ਿਆਦਾ ਮਾਈਲੇਜ ਵਾਲੀਆਂ ਕਾਰਾਂ ਬਣਾਉਣ ਦੇ ਨਾਲ-ਨਾਲ ਇਲੈਕਟ੍ਰਿਕ ਕਾਰਾਂ ਵੱਲ ਆਪਣਾ ਧਿਆਨ ਲਾ ਰਹੀਆਂ ਹਨ ਪਰ ਡਿਜ਼ਾਈਨਰ Gordon Murray ਨੇ ਇਕ ਨਵੀਂ ਕਾਰ ਦਾ ਕਾਂਸੈਪਟ ਪੇਸ਼ ਕੀਤਾ ਹੈ, ਜਿਸ ਦੀ ਮਾਈਲੇਜ ਕਿਸੇ ਨੂੰ ਵੀ ਹੈਰਾਨ ਕਰ ਸਕਦੀ ਹੈ, ਜੋ ਇਸ ਕਾਰ ਦੀ ਸਭ ਤੋਂ ਵੱਡੀ ਖਾਸੀਅਤ ਹੈ । ਸ਼ੈੱਲ ਵਲੋਂ ਪੇਸ਼ ਕੀਤੀ ਗਈ ਇਸ ਕਾਰ ਨੂੰ ਪ੍ਰੋਜੈਕਟ ਐੱਮ ਦਾ ਨਾਂ ਦਿੱਤਾ ਗਿਆ ਹੈ, ਜੋ ਮੁੱਰੇ ਟੀ 2.5 ਸਿਟੀ ਕਾਰ ਦਾ ਰੀਡਿਜ਼ਾਈਨ ਵਰਜ਼ਨ ਹੈ ।
ਪਿਛਲੇ ਸਾਲ ਕੀਤਾ ਗਿਆ ਸੀ ਐਲਾਨ-
ਸ਼ੈੱਲ ਨੇ ਪਿਛਲੇ ਸਾਲ ਪ੍ਰੋਜੈਕਟ ਐੱਮ ਦਾ ਐਲਾਨ ਕੀਤਾ ਸੀ ਅਤੇ ਇਸ ਨੂੰ ਬਣਾਉਣ ਲਈ ਆਟੋ ਡਿਜ਼ਾਈਨਰ Murray ਨਾਲ ਸਾਂਝੇਦਾਰੀ ਕੀਤੀ ਗਈ, ਜੋ ਫਾਰਮੂਲਾ ਵਨ ਕਾਰਾਂ ਤੇ ਮੈਕਲਾਰੇਨ ਐੱਫ1 ਲਈ ਵੀ ਕੰਮ ਕਰਦਾ ਹੈ ।
ਡਿਜ਼ਾਈਨ
ਇਸ ਕਾਰ ਦਾ ਡਿਜ਼ਾਈਨ ਇੰਨਾ ਆਕਰਸ਼ਕ ਨਹੀਂ ਹੈ ਕਿ ਕਿਸੇ ਦਾ ਵੀ ਧਿਆਨ ਆਪਣੇ ਵੱਲ ਖਿੱਚ ਲਵੇ ਪਰ ਜਦੋਂ ਇਸ ਦੇ ਦਰਵਾਜ਼ੇ ਖੁੱਲ੍ਹਦੇ ਹਨ ਤਾਂ ਸ਼ਾਇਦ ਹੀ ਕੋਈ ਇਸ ਉਤੋਂ ਆਪਣਾ ਧਿਆਨ ਹਟਾ ਸਕੇ । ਪ੍ਰੋਜੈਕਟ ਐੱਮ 8.2 ਫੁੱਟ ਲੰਬੀ, 1.35 ਫੁੱਟ ਚੌੜੀ ਅਤੇ 5.2 ਫੁੱਟ ਉੱਚੀ ਕਾਰ ਹੋਵੇਗੀ, ਜਿਸ ਵਿਚ ਡਰਾਈਵਰ ਨੂੰ ਮਿਲਾ ਕੇ 3 ਲੋਕਾਂ ਦੇ ਬੈਠਣ ਦੀ ਜਗ੍ਹਾ ਹੋਵੇਗੀ । ਇਸ ਕਾਰ ਦੀ ਸਿਟਿੰਗ ਪੁਜ਼ੀਸ਼ਨ ਇਸ ਤਰ੍ਹਾਂ ਰੱਖੀ ਗਈ ਹੈ ਕਿ ਕਾਰ ਚਲਾਉਣ ਵਾਲਾ ਅੱਗੇ ਦੀ ਸੀਟ ਉੱਤੇ ਇਕੱਲਾ ਬੈਠਦਾ ਹੈ ਅਤੇ ਪਿੱਛੇ 2 ਲੋਕਾਂ ਦੇ ਬੈਠਣ ਦੀ ਜਗ੍ਹਾ ਹੈ।
ਹੈਰਾਨ ਕਰਨ ਵਾਲੀ ਮਾਈਲੇਜ
ਕੰਪਨੀ ਮੁਤਾਬਕ ਇਸ ਕਾਰ ਦੀ ਮਾਈਲੇਜ 89.1 ਐੱਮ. ਪੀ. ਜੀ. ਹੋਵੇਗੀ ਯਾਨੀ ਕਿ ਇਹ ਕਾਰ 2.64 ਲਿਟਰ ਵਿਚ 100 ਕਿਲੋਮੀਟਰ ਤਕ ਦੀ ਦੂਰੀ ਤਹਿ ਕਰ ਸਕੇਗੀ, ਹਾਲਾਂਕਿ ਇਸ ਲਈ ਕਾਰ ਦੀ ਰਫਤਾਰ 70 ਕਿਲੋਮੀਟਰ ਪ੍ਰਤੀ ਘੰਟਾ ਹੋਣੀ ਚਾਹੀਦੀ ਹੈ ।
ਹਲਕੀ
ਇਸ ਦੀ ਬਾਡੀ ਅਤੇ ਟਿਊਬਲਰ ਫ੍ਰੇਮ ਨੂੰ ਬਣਾਉਣ ਲਈ ਰੀਸਾਈਕਲ ਹੋਣ ਵਾਲੇ ਕਾਰਬਨ-ਫਾਈਬਰ ਦੀ ਵਰਤੋਂ ਕੀਤੀ ਗਈ ਹੈ, ਜਿਸ ਦੇ ਨਾਲ ਸ਼ੈੱਲ ਦੀ ਇਸ ਕਾਂਸੈਪਟ ਕਾਰ ਦਾ ਭਾਰ 550 ਕਿਲੋਗ੍ਰਾਮ ਹੀ ਹੁੰਦਾ ਹੈ, ਜੋ ਟੀ25 ਤੋਂ 80 ਕਿਲੋ ਘੱਟ ਹੈ ।
ਇੰਜਣ ਪਾਵਰ
ਇਸ ਦੀ ਇੰਜਣ ਪਾਵਰ ਘੱਟ ਹੈ ਅਤੇ ਅਜਿਹਾ ਇਸ ਲਈ ਹੈ ਕਿਉਂਕਿ ਕੰਪਨੀ ਨੇ ਮਾਈਲੇਜ ''ਤੇ ਜ਼ਿਆਦਾ ਧਿਆਨ ਦਿੱਤਾ ਹੈ । ਇਸ ਕਾਂਸੈਪਟ ''ਚ 3 ਸਿਲੰਡਰ 660 ਸੀ. ਸੀ. ਪੈਟਰੋਲ ਇੰਜਣ ਦੀ ਵਰਤੋਂ ਕੀਤੀ ਗਈ ਹੈ, ਜੋ 43 ਬੀ. ਐੱਚ. ਪੀ. ਦੀ ਪਾਵਰ ਅਤੇ 64 ਐੱਨ. ਐੱਮ. ਦਾ ਟਾਰਕ ਪੈਦਾ ਕਰਦਾ ਹੈ ।
