ਖਤਮ ਹੋਇਆ ਇੰਤਜ਼ਾਰ, ਐਂਡ੍ਰਾਇਡ ਯੂਜ਼ਰਜ਼ ਲਈ ਉਪਲਬਧ ਹੋਈ Prisma App
Tuesday, Jul 26, 2016 - 12:18 PM (IST)
ਜਲੰਧਰ : ਫਿਲਮੀ ਸਿਤਾਰਿਆਂ ਤੋਂ ਲੈ ਕੇ ਆਮ ਲੋਕਾਂ ਤਕ ਧੂਮ ਮਚਾਉਣ ਵਾਲੀ ਫੋਟੋ ਐਡੀਟਿੰਗ ਐਪ ਹੁਣ ਗੂਗਲ ਪਲੇਅ ਸਟੋਰ ''ਤੇ ਮੁਹੱਈਆ ਹੋ ਗਈ ਹੈ। ਜੀ ਹਾਂ ਤੁਸੀਂ ਠੀਕ ਸੋਚ ਰਹੇ ਹੋ, ਇਸ ਐਪ ਦਾ ਨਾਂ ਹੈ ''ਪ੍ਰਿਜ਼ਮਾ''। ਇਹ ਐਪ ਪਲੇਅ ਸਟੋਰ ''ਤੇ ਪਹਿਲਾਂ ਬੀਟਾ ਵਰਜ਼ਨ ਦੇ ਤੌਰ ''ਤੇ ਪੇਸ਼ ਕੀਤੀ ਗਈ ਸੀ ਪਰ ਹੁਣ ਇਸ ਦਾ ਫਾਈਨਲ ਵਰਜ਼ਨ ਸਾਰੇ ਐਂਡ੍ਰਾਇਡ ਯੂਜ਼ਰਜ਼ ਲਈ ਮੁਹੱਈਆ ਹੈ। ਇਸ ਗੱਲ ਦੀ ਜਾਣਕਾਰੀ ਕੰਪਨੀ ਨੇ ਟਵਿਟਰ ਦੇ ਜ਼ਰੀਏ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪ੍ਰਿਜ਼ਮਾ ਐਪ ਨੂੰ 5 ਹਫ਼ਤੇ ਪਹਿਲਾਂ ਆਈ. ਓ. ਐੱਸ. ਡਿਵਾਈਸਿਜ਼ ਲਈ ਪੇਸ਼ ਕੀਤਾ ਗਿਆ ਸੀ, ਜਿਸ ਨੂੰ 10.6 ਮਿਲੀਅਨ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ।
ਇਸ ਤਰ੍ਹਾਂ ਕਰਦੀ ਹੈ ਕੰਮ
ਪ੍ਰਿਜ਼ਮਾ ਐਪ ਤਸਵੀਰਾਂ ਨੂੰ ਪੇਂਟਿੰਗ ਵਿਚ ਬਦਲਣ ਦਾ ਕੰਮ ਕਰਦੀ ਹੈ। ਐਪ ਵਿਚ ਕਿਸੇ ਤਸਵੀਰ ਨੂੰ ਮੰਕ, ਪਿਕਾਸੋ ਸਮੇਤ ਦੁਨੀਆ ਦੇ ਕਈ ਦੂਸਰੇ ਮਸ਼ਹੂਰ ਕਲਾਕਾਰਾਂ ਦੀ ਪੇਂਟਿੰਗ ਵਿਚ ਬਦਲਿਆ ਜਾ ਸਕਦਾ ਹੈ। ਫੋਟੋਜ਼ ਨੂੰ ਪੇਂਟਿੰਗ ਦਾ ਰੂਪ ਦੇਣ ਲਈ ਪ੍ਰਿਜ਼ਮਾ ਐਪ ਨਿਊਰਲ ਨੈੱਟਵਰਕਸ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ ਕਰਦੀ ਹੈ।
ਐਪ ਨੂੰ ਓਪਨ ਕਰਨ ਦੇ ਬਾਅਦ ਯੂਜ਼ਰ ਨੂੰ ਆਪਣੀ ਡਿਵਾਈਸ ਦੇ ਰਿਅਰ ਕੈਮਰੇ ਨਾਲ ਫੋਟੋ ਖਿੱਚਣੀ ਜਾਂ ਫੋਨ ਵਿਚ ਪਈਆਂ ਫੋਟੋਜ਼ ''ਚੋਂ ਚੂਜ਼ ਕਰਨਾ ਹੁੰਦਾ ਹੈ, ਜਿਸ ਦੇ ਬਾਅਦ ਯੂਜ਼ਰ ਮਨਪਸੰਦ ਇਫੈਕਟਸ ਦੀ ਵਰਤੋਂ ਕਰ ਸਕਦਾ ਹੈ । ਯੂਜ਼ਰ ਨੂੰ 36 ਫਿਲਟਰ ਵਰਤਣ ਲਈ ਮਿਲਦੇ ਹਨ। ਹਾਲਾਂਕਿ ਪਹਿਲੀ ਵਾਰ ਫੋਟੋ ''ਤੇ ਫਿਲਟਰ ਦਾ ਇਸਤੇਮਾਲ ਕਰਦੇ ਸਮੇਂ ਥੋੜ੍ਹਾ ਇੰਤਜ਼ਾਰ ਜ਼ਰੂਰ ਕਰਨਾ ਪਵੇਗਾ ।
ਸਟੋਰੇਜ ਅਤੇ ਕੰਪੈਟੀਬਿਲਟੀ
ਗੂਗਲ ਪਲੇਅ ਸਟੋਰ ''ਤੇ ਫ੍ਰੀ ਵਿਚ ਉਪਲਬਧ ਇਸ ਐਪ ਦਾ ਸਾਈਜ਼ 7 ਐੱਮ. ਬੀ. ਦਾ ਹੈ। ਐਂਡ੍ਰਾਇਡ 4.1 ਕਿੱਟਕੈਟ ਆਪ੍ਰੇਟਿੰਗ ਸਿਸਟਮ ਜਾਂ ਉਸ ਤੋਂ ਉੱਪਰ ਦੇ ਵਰਜ਼ਨ ਵਾਲਾ ਫੋਨ ਇਸਤੇਮਾਲ ਕਰਨ ਵਾਲੇ ਇਸ ਐਪ ਦਾ ਪ੍ਰਯੋਗ ਕਰ ਸਕਦੇ ਹਨ।
ਇਨ੍ਹਾਂ ਐਪਸ ਨੂੰ ਦੇ ਰਹੀ ਏ ਟੱਕਰ
ਇਹ ਐਪ ਮਾਰਕੀਟ ਵਿਚ ਉਪਲਬਧ ਇੰਸਟਾਗ੍ਰਾਮ, ਐਡੋਬ ਫੋਟੋਸ਼ਾਪ ਲਾਈਟਰੂਮ, ਫੋਟੋ ਐਡੀਟਰ ਪ੍ਰੋ, ਏਅਰਬ੍ਰਸ਼ ਅਤੇ ਹੋਰ ਐਪਸ ਨੂੰ ਟੱਕਰ ਦੇ ਰਹੀ ਹੈ। ਇਥੋਂ ਤਕ ਕਿ ਐਡੋਬ ਨੇ ਫੋਟੋ ਐਡੀਟਿੰਗ ਐਪ ਲਾਈਟਰੂਮ ਵਿਚ ਨਵੇਂ ਅਪਡੇਟ ਦੀ ਘੋਸ਼ਣਾ ਵੀ ਕੀਤੀ ਹੈ, ਜੋ ਐਂਡ੍ਰਾਇਡ ਅਤੇ ਆਈ. ਓ. ਐੱਸ. ਦੋਵਾਂ ਪਲੇਟਫਾਰਮਜ਼ ''ਤੇ ਚੱਲਦਾ ਹੈ। ਆਈ. ਓ. ਐੱਸ. ਵਿਚ ਲਾਈਟਰੂਮ ਵੀ 2.4 ਵਰਜ਼ਨ ਵਿਚ ਰਾਅ ਫਾਰਮੈਟ ਵਾਲੀਆਂ ਫੋਟੋਜ਼ ਨੂੰ ਇੰਪੋਰਟ ਅਤੇ ਐਡਿਟ ਕਰਨ ਦੀ ਸਹੂਲਤ ਮਿਲੇਗੀ, ਜਦਕਿ ਐਂਡ੍ਰਾਇਡ ਵਰਜ਼ਨ ਦੇ ਪ੍ਰੋ-ਮੋਡ ਵਿਚ ਡੀ. ਐੱਨ. ਜੀ. ਰਾਅ ਦੀ ਸਪੋਰਟ ਮਿਲੇਗੀ।
ਫੇਕ ਐਪਸ ਤੋਂ ਬਚੋ
ਪ੍ਰਿਜ਼ਮਾ ਐਪ ਲੋਕਾਂ ਨੂੰ ਇੰਨੀ ਜ਼ਿਆਦਾ ਪਸੰਦ ਆ ਰਹੀ ਹੈ ਕਿ ਗੂਗਲ ਪਲੇਅ ਸਟੋਰ ''ਤੇ ਪ੍ਰਿਜ਼ਮਾ ਐਪ ਸਰਚ ਕਰਨ ''ਤੇ ਬਹੁਤ ਸਾਰੇ ਐਪਸ ਮਿਲ ਜਾਣਗੇ ਪਰ ਜੇਕਰ ਤੁਸੀਂ ਓਰੀਜਨਲ ਪ੍ਰਿਜ਼ਮਾ ਐਪ ਦਾ ਲੁਤਫ ਚੁੱਕਣਾ ਹੈ ਤਾਂ ਪ੍ਰਿਜ਼ਮਾ ਲੈਬਸ ਦੁਆਰਾ ਬਣਾਏ ਗਏ ਐਪ ਦਾ ਹੀ ਪ੍ਰਯੋਗ ਕਰੋ ।
