Oppo ਦੀ ਜ਼ਬਰਦਸਤ ਤਕਨੀਕ, 10 ਮਿੰਟਾਂ ’ਚ ਪੂਰਾ ਚਾਰਜ ਹੋਵੇਗਾ ਫੋਨ
Monday, Jul 13, 2020 - 01:32 PM (IST)
ਗੈਜੇਟ ਡੈਸਕ– ਚੀਨ ਦੀ ਦਿੱਗਜ ਟੈੱਕ ਕੰਪਨੀ ਓਪੋ 125 ਵਾਟ ਦੀ ਸੁਪਰ ਫਲੈਸ਼ ਚਾਰਜ ਤਕਨੀਕ ਲਾਂਚ ਕਰਨ ਵਾਲੀ ਹੈ। ਕੰਪਨੀ ਇਸ ਖ਼ਾਸ ਤਕਨੀਕ ਤੋਂ 15 ਜੁਲਾਈ ਤੋਂ ਪਰਦਾ ਚੁੱਕਣ ਵਾਲੀ ਹੈ। ਕੰਪਨੀ ਨੇ ਪਿਛਲੇ ਸਾਲ ਸਤੰਬਰ ’ਚ 65 ਵਾਟ SuperVOOC 2.0 ਤਕਨੀਕ ਪੇਸ਼ ਕੀਤੀ ਸੀ। ਇਸ ਤਕਨੀਕ ਨੂੰ ਸਨੈਪਡ੍ਰੈਗਨ 855+ ਪ੍ਰੋਸੈਸਰ ’ਤੇ ਚੱਲਣ ਵਾਲੇ ਓਪੋ ਰੇਨੋ ਏਸ ’ਚ ਦਿੱਤਾ ਗਿਆ ਹੈ। 125 ਵਾਟ ਦੀ ਸੁਪਰ ਫਲੈਸ਼ ਚਾਰਜ ਤਕਨੀਕ ਦੀ ਖ਼ਾਸ ਗੱਲ ਹੈ ਕਿ ਇਹ ਫੋਨ ਨੂੰ 10 ਮਿੰਟਾਂ ’ਚ ਪੂਰਾ ਚਾਰਜ ਕਰ ਦੇਵੇਗੀ।
4000mAh ਦੀ ਬੈਟਰੀ ਹੋਵੇਗੀ 10 ਮਿੰਟ ’ਚ ਚਾਰਜ
ਓਪੋ ਦੇ 65 ਵਾਟ ਵਾਲੀ SuperVOOC 2.0 ਤਕਨੀਕ ਦੀ ਗੱਲ ਕਰੀਏ ਤਾਂ ਇਹ 4000mAh ਦੀ ਬੈਟਰੀ ਨੂੰ 30 ਮਿੰਟਾਂ ’ਚ ਪੂਰਾ ਚਾਰਜ ਕਰ ਦਿੰਦੀ ਹੈ। ਹਾਲ ਹੀ ’ਚ ਮਸ਼ਹੂਰ ਲੀਕਸਟਰ ਈਸ਼ਾਨ ਅਗਰਵਾਲ ਨੇ ਦੱਸਿਆ ਕਿ ਰੀਅਲਮੀ ਜਲਦੀ ਹੀ 120 ਵਾਟ ਵਾਲੀ ਅਲਟਰਾ ਡਾਰਟ ਤਕਨੀਕ ਪੇਸ਼ ਕਰ ਸਕਦੀ ਹੈ। ਇਸ ਤਕਨੀਕ ਦੀ ਖ਼ਾਸ ਗੱਲ ਹੈ ਕਿ ਇਹ 4000mAh ਦੀ ਬੈਟਰੀ ਨੂੰ 3 ਮਿੰਟਾਂ ’ਚ ਇਕ ਤਿਹਾਈ ਚਾਰਜ ਕਰ ਸਕਦੀ ਹੈ। ਅਜਿਹੇ ’ਚ ਇਹ ਕਿਹਾ ਜਾ ਸਕਦਾ ਹੈ ਕਿ ਇਸ ਤਕਨੀਕ ਦੀ ਮਦਦ ਨਾਲ 4000mAh ਦੀ ਬੈਟਰੀ 10 ਮਿੰਟਾਂ ’ਚ ਫੁਲ ਚਾਰਜ ਹੋ ਸਕਦੀ ਹੈ। ਹਾਲਾਂਕਿ, ਇਸ ਤਕਨੀਕ ਬਾਰੇ ਰੀਅਲਮੀ ਵਲੋਂ ਅਜੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ।
If you don’t like waiting to charge, the wait is almost over. 👀 #FlashForward pic.twitter.com/Uq54uJEphQ
— OPPO (@oppo) July 13, 2020
ਇਸ ਸਾਲ ਲਾਂਚ ਹੋਣ ਦੀ ਉਮੀਦ
ਇਸੇ ਨਾਲ ਮਿਲਦੀ-ਜੁਲਦੀ ਇਕ ਤਕਨੀਕ ਸਾਨੂੰ ਹੁਣ ਓਪੋ ਦੇ ਸਮਾਰਟਫੋਨ ’ਚ ਵੀ ਵੇਖਣ ਨੂੰ ਮਿਲ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕੰਪਨੀ 125 ਵਾਟ ਦੀ ਸੁਪਰ ਫਲੈਸ਼ ਤਕਨੀਕ ਲਾਂਚ ਕਰਨ ਲਈ ਤਿਆਰ ਹੈ। ਉਮੀਦ ਹੈ ਕਿ ਓਪੋ ਇਸ ਤਕਨੀਕ ਦਾ ਐਲਾਨ 15 ਜੁਲਾਈ ਦੇ ਈਵੈਂਟ ’ਚ ਕਰ ਦੇਵੇ ਅਤੇ ਇਸ ਤੋਂ ਬਾਅਦ ਕਮਰਸ਼ਲ ਵਰਤੋਂ ਲਈ ਇਸ ਦਾ ਮਾਸ ਪ੍ਰੋਡਕਟਸ਼ਨ ਵੀ ਸ਼ੁਰੂ ਹੋ ਜਾਵੇ। ਇਸ ਹਿਸਾਬ ਨਾਲ ਸਾਲ 2020 ਦੀ ਤੀਜੀ ਜਾਂ ਚੌਥੀ ਤਿਮਾਹੀ ਤਕ 125 ਵਾਟ ਰੈਪਿਡ ਚਾਰਜਿੰਗ ਤਕਨੀਕ ਵਾਲੇ ਫੋਨ ਦੀ ਐਂਟਰੀ ਹੋ ਸਕਦੀ ਹੈ।