ਸਰਚ ਇੰਜਣ ਤੋਂ ਬਾਅਦ ਇਕ ਹੋਰ ਵੱਡਾ ਧਮਾਕਾ ਕਰਨ ਦੀ ਤਿਆਰੀ ''ਚ OpenAI, ਜਾਣੋ ਕੀ ਹੈ ਪਲਾਨਿੰਗ
Friday, Nov 22, 2024 - 05:12 PM (IST)
ਗੈਜੇਟ ਡੈਸਕ- ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਪ੍ਰਮੁੱਖ ਕੰਪਨੀ ਓਪਨਏਆਈ ਆਪਣਾ ਇਨ-ਹਾਊਸ ਬ੍ਰਾਊਜ਼ਰ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਦਿ ਇਨਫਰਮੇਸ਼ਨ ਦੀ ਰਿਪੋਰਟ ਮੁਤਾਬਕ ਇਹ ਬ੍ਰਾਊਜ਼ਰ ਓਪਨਏਆਈ ਦੇ ਚੈਟਬੋਟ ਨਾਲ ਇੰਟੀਗ੍ਰੇਟ ਹੋਵੇਗਾ ਅਤੇ ਯੂਜ਼ਰਸ ਨੂੰ ਹੋਰ ਵੀ ਬਿਹਤਰ ਅਤੇ ਸਹੀ ਜਵਾਬ ਦੇਵੇਗਾ। ਜੇਕਰ ਇਸ ਨੂੰ ਲਾਂਚ ਕੀਤਾ ਜਾਂਦਾ ਹੈ ਤਾਂ ਓਪਨਏਆਈ ਦਾ ਸਿੱਧਾ ਮੁਕਾਬਲਾ ਗੂਗਲ ਕਰੋਮ ਨਾਲ ਹੋਵੇਗਾ ਜਿਸ ਦੀ ਮਾਰਕੀਟ 'ਚ ਹਿੱਸੇਦਾਰੀ ਕਰੀਬ 70 ਫੀਸਦੀ ਤੋਂ ਜ਼ਿਆਦਾ ਹੈ।
OpenAI ਦੇ ਪਲੇਟਫਾਰਮ 'ਤੇ ਸਰਚ ਦੇ ਨਾਲ ਬ੍ਰਾਊਜ਼ਿੰਗ
OpenAI ਨੇ ਹਾਲ ਹੀ ਵਿੱਚ ਆਪਣਾ ਸਰਚ ਇੰਜਣ SearchGPT ਲਾਂਚ ਕੀਤਾ ਹੈ, ਜੋ ਪ੍ਰੀਮੀਅਮ ਯੂਜ਼ਰਸ ਲਈ ਉਪਲੱਬਧ ਹੈ। ਇਹ ਕਦਮ ਕੰਪਨੀ ਦੀ ਗੂਗਲ ਵਰਗੀਆਂ ਤਕਨੀਕੀ ਦਿੱਗਜਾਂ ਨਾਲ ਮੁਕਾਬਲਾ ਕਰਨ ਦੀ ਦਿਸ਼ਾ ਵਿੱਚ ਇੱਕ ਵੱਡੀ ਕੋਸ਼ਿਸ਼ ਹੈ। ਹੁਣ ਬ੍ਰਾਊਜ਼ਰ ਨੂੰ ਲਾਂਚ ਕਰਨ ਨਾਲ ਓਪਨਏਆਈ ਨੂੰ ਹੋਰ ਮਜ਼ਬੂਤੀ ਮਿਲੇਗੀ, ਕਿਉਂਕਿ ਇਹ ਯੂਜ਼ਰਸ ਨੂੰ ਚੈਟਬੋਟ ਅਤੇ ਏਆਈ-ਅਧਾਰਿਤ ਸਰਚ ਦੋਵਾਂ ਦਾ ਇੰਟੀਗ੍ਰੇਟਿਡ ਅਨੁਭਵ ਦੇਣ ਦਾ ਵਾਅਦਾ ਕਰਦਾ ਹੈ।
ਓਪਨਏਆਈ ਨੇ ਆਪਣੀ ਯੋਜਨਾ ਦੇ ਹਿੱਸੇ ਵਜੋਂ ਆਪਣੇ ਬ੍ਰਾਊਜ਼ਰ ਪ੍ਰੋਟੋਟਾਈਪ ਨੂੰ ਵੱਖ-ਵੱਖ ਐਪ ਡਿਵੈਲਪਰਾਂ ਅਤੇ ਵੈੱਬਸਾਈਟਾਂ (ਜਿਵੇਂ Conde Nast, Redfin, Eventbrite ਅਤੇ Priceline) ਨਾਲ ਸਾਂਝਾ ਕੀਤਾ ਹੈ। ਇਸ ਨਵੇਂ ਬ੍ਰਾਊਜ਼ਰ ਦਾ ਮੁੱਖ ਫੋਕਸ ਗੂਗਲ ਕਰੋਮ ਤੋਂ ਵੱਖਰਾ ਅਤੇ ਨਵਾਂ ਅਨੁਭਵ ਪ੍ਰਦਾਨ ਕਰਨਾ ਹੈ।
ਗੂਗਲ ਲਈ ਚੁਣੌਤੀਪੂਰਨ ਸਮਾਂ
ਗੂਗਲ ਦੇ ਖਿਲਾਫ ਚੱਲ ਰਹੇ ਅਮਰੀਕੀ ਨਿਆਂ ਵਿਭਾਗ (DoJ) ਦੇ ਮੁਕੱਦਮੇ ਨੇ ਓਪਨਏਆਈ ਨੂੰ ਇੱਕ ਵਧੀਆ ਮੌਕਾ ਦਿੱਤਾ ਹੈ। DoJ ਨੇ ਹਾਲ ਹੀ ਵਿੱਚ ਗੂਗਲ 'ਤੇ ਸਰਚ ਮਾਰਕੀਟ ਵਿੱਚ ਏਕਾਧਿਕਾਰ ਬਣਾਈ ਰੱਖਣ ਦਾ ਦੋਸ਼ ਲਗਾਇਆ ਹੈ ਅਤੇ ਕੰਪਨੀ ਨੂੰ ਗੂਗਲ ਕਰੋਮ ਬ੍ਰਾਊਜ਼ਰ ਨੂੰ ਵੇਚਣ ਦਾ ਸੁਝਾਅ ਦਿੱਤਾ ਹੈ। ਗੂਗਲ ਕਰੋਮ, ਜੋ ਕਿ ਯੂਐਸ ਬ੍ਰਾਊਜ਼ਰ ਮਾਰਕੀਟ ਦਾ 50 ਫੀਸਦੀ ਹਿੱਸਾ ਲੈਂਦਾ ਹੈ, ਗੂਗਲ ਸਰਚ ਲਈ ਵੰਡ ਦਾ ਮੁੱਖ ਸਾਧਨ ਹੈ। ਇਹ ਮੁਕੱਦਮਾ ਗੂਗਲ ਦੀ ਮਾਰਕੀਟ ਪਕੜ ਨੂੰ ਕਮਜ਼ੋਰ ਕਰ ਸਕਦਾ ਹੈ, ਜਿਸ ਨਾਲ ਓਪਨਏਆਈ ਲਈ ਵੱਡੀਆਂ ਸੰਭਾਵਨਾਵਾਂ ਪੈਦਾ ਕਰੇਗਾ।