ਚੀਨੀ ਕੰਪਨੀ ਦੀ ਵੱਡੀ ਲਾਪਰਵਾਹੀ, ਇਕ ਹੀ IMEI ਨੰਬਰ ਨਾਲ ਵੇਚ ਦਿੱਤੇ 13 ਹਜ਼ਾਰ ਫੋਨ
Friday, Jun 05, 2020 - 12:55 PM (IST)

ਗੈਜੇਟ ਡੈਸਕ– ਆਮਤੌਰ ’ਤੇ ਹਰ ਮੋਬਾਇਲ ਦਾ ਆਪਣਾ ਵੱਖਰਾ IMEI ਨੰਬਰ ਹੁੰਦਾ ਹੈ ਪਰ ਮੇਰਠ ਤੋਂ ਇਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਬਾਰੇ ਜਾਣ ਕੇ ਤੁਸੀਂ ਹੌਰਾਨ ਰਹਿ ਜਾਓਗੇ। ਦਰਅਸਲ, ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਦੇ ਇਕ ਹੀ iMEI ਨੰਬਰ ’ਤੇ 13,500 ਤੋਂ ਜ਼ਿਆਦਾ ਮੋਬਾਇਲ ਫੋਨ ਐਕਟਿਵ ਪਾਏ ਗਏ ਹਨ। ਇਸ ਗੱਲ ਦੀ ਜਾਣਕਾਰੀ ਮੇਰਠ ਜ਼ੋਨ ਦੇ ਸਾਈਬਰ ਅਪਰਾਧੀ ਸੈੱਲ ਨੇ ਦਿੱਤੀ ਹੈ। ਪੂਰੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਉੱਤਰ-ਪ੍ਰਦੇਸ਼ ਪੁਲਿਸ ਨੇ ਵੀਵੋ ਇੰਡੀਆ ਨੂੰ 91 ਸੀ.ਆਰ.ਪੀ.ਸੀ. ਤਹਿਤ ਨੋਟਿਸ ਭੇਜਿਆ ਹੈ। ਉਥੇ ਹੀ ਸਾਈਬਰ ਸੈੱਲ ਦਾ ਮੰਨਣਾ ਹੈ ਕਿ ਵੀਵੋ ਇੰਡੀਆ ਨੇ ਲਾਪਰਵਾਹੀ ਕੀਤੀ ਹੈ ਅਤੇ ਟਰਾਈ ਦੇ ਨਿਯਮਾਂ ਦਾ ਉਲੰਘਣ ਵੀ ਕੀਤਾ ਹੈ।
ਇੰਝ ਮਿਲੀ ਜਾਣਕਾਰੀ
ਇਸ ਖਬਰ ਨੂੰ ਲੈ ਕੇ ਸਭ ਤੋਂ ਪਹਿਲਾਂ ਜਾਣਕਾਰੀ 91ਮੋਬਾਇਲ ਦੁਆਰਾ ਦਿੱਤੀ ਗਈ। ਮੇਰਠ ਦੇ ਏ.ਡੀ.ਜੀ. ਜ਼ੋਨ ਦਫ਼ਤਰ ’ਚ ਤਾਇਨਾਤ ਸਬ-ਇੰਸਪੈਕਟਰ ਆਸ਼ਾਰਾਮ ਕੋਲ ਵੀਵੋ ਦਾ ਮੋਬਾਇਲ ਸੀ ਜਿਸ ਦੀ ਸਕਰੀਨ ਕਿਸੇ ਕਾਰਨ ਟੁੱਟ ਗਈ ਸੀ। 24 ਸਤੰਬਰ 2019 ਨੂੰ ਮੇਰਠ ’ਚ ਵੀਵੋ ਦੇ ਸਰਵਿਸ ਸੈਂਟਰ ’ਤੇ ਉਨ੍ਹਾਂ ਨੇ ਸਕਰੀਨ ਠੀਕ ਕਰਵਾਉਣ ਲਈ ਆਪਣੇ ਮੋਬਾਇਲ ਦਿੱਤਾ ਸੀ। ਕੰਪਨੀ ਨੇ ਬੈਟਰੀ, ਸਕਰੀਨ ਅਤੇ ਐੱਫ.ਐੱਮ. ਬਦਲ ਕੇ ਸਬ-ਇੰਸਪੈਕਟਰ ਆਸ਼ਾਰਾਮ ਨੂੰ ਮੋਬਾਇਲ ਵਾਪਸ ਕਰ ਦਿੱਤਾ ਸੀ ਪਰ ਕੁਝ ਦਿਨ ਬਾਅਦ ਉਨ੍ਹਾਂ ਦੇ ਫੋਨ ਦੀ ਸਕਰੀਨ ਦੁਬਾਰਾ ਖ਼ਰਾਬ ਹੋਣ ਲੱਗੀ। ਜਿਸ ਤੋਂ ਬਾਅਦ ਉਨ੍ਹਾਂ ਨੇ ਮੇਰਠ ਜ਼ੋਨ ’ਚ ਤਾਇਨਾਤ ਵੱਡੇ ਅਧਿਕਾਰੀ ਪ੍ਰਸ਼ਾਂਤ ਕੁਮਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ।
ਇਸ ਤੋਂ ਬਾਅਦ ਪ੍ਰਸ਼ਾਂਤ ਕੁਮਾਰ ਨੇ ਸਾਈਬਰ ਅਪਰਾਧੀ ਸੈੱਲ ਦੇ ਪ੍ਰਬਲ ਕੁਮਾਰ, ਪੰਕਜ ਅਤੇ ਸਾਈਬਰ ਮਾਹਰ ਵਿਜੇ ਕੁਮਾਰ ਨੂੰ ਜਾਂਚ ਦਾ ਹੁਕਮ ਦਿੱਤਾ, ਜਿਸ ਵਿਚ ਪਾਇਆ ਗਿਆ ਕਿ ਆਸ਼ਾਰਾਮ ਦੇ ਫੋਨ ਦਾ ਆਈ.ਐੱਮ.ਈ.ਆਈ. ਨੰਬਰ ਮੌਜੂਦਾ ਮੋਬਾਇਲ ਨੰਬਰ ਦੇ ਆਈ.ਐੱਮ.ਈ.ਆਈ. ਨੰਬਰ ਤੋਂ ਵੱਖ ਹੈ। ਪੁੱਛਗਿਛ ’ਚ ਵੀਵੋ ਦੇ ਸਰਵਿਸ ਸੈਂਟਰ ਦੇ ਮੈਨੇਜਰ ਨੇ ਕਿਹਾ ਕਿ ਮੋਬਾਇਲ ਦਾ ਆਈ.ਐੱਮ.ਈ.ਆਈ. ਨੰਬਰ ਨਹੀਂ ਬਦਲਿਆ ਗਿਆ। ਇਸ ਤੋਂ ਬਾਅਦ ਜਿਓ ਕੰਪਨੀ ਕੋਲੋਂ ਡਾਟਾ ਮੰਗਿਆ ਗਿਆ ਜਿਸ ਤੋਂ ਪਤਾ ਲੱਗਾ ਕਿ 24 ਸਤੰਬਰ 2019 ਨੂੰ ਸਵੇਰੇ 11 ਵਜੇ ਤੋਂ 11:30 ਦੇ ਵਿਚਕਾਰ ਦੇਸ਼ ਭਰ ’ਚ ਇਸ ਆਈ.ਐੱਮ.ਈ.ਆਈ. ਨੰਬਰ ’ਤੇ ਕਰੀਬ 13,557 ਮੋਬਾਇਲ ਨੰਬਰ ਐਕਟਿਵ ਸਨ।
ਮੇਰਠ ਦੇ ਏ.ਡੀ.ਜੀ. ਦਾ ਬਿਆਨ
ਰਾਜੀਵ ਸਬਰਵਾਲ (ਏ.ਡੀ.ਜੀ. ਮੇਰਠ) ਨੇ ਦੱਸਿਆ ਕਿ ਵੀਵੋ ਦੀ ਇਹ ਵੱਡੀ ਲਾਪਰਵਾਹੀ ਹੈ। ਜੇਕਰ ਇਸ ਆਈ.ਐੱਮ.ਈ.ਆਈ. ਨੰਬਰ ਤੋਂ ਕੋਈ ਅਪਰਾਧ ਕਰਦਾ ਹੈ ਤਾਂ ਉਸ ਨੂੰ ਫੜ੍ਹ ਸਕਣਾ ਬਹੁਤ ਮੁਸ਼ਕਿਲ ਹੈ। ਇਸ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ ਅਤੇ ਵੀਵੋ ਖ਼ਿਲਾਫ਼ ਮੁਕਦਮਾ ਦਰਜ ਕਰ ਦਿੱਤਾ ਗਿਆ ਹੈ।
ਕੀ ਹੈ IMEI ਨੰਬਰ
ਜਿਸ ਤਰ੍ਹਾਂ ਹਰ ਵਿਅਕਤੀ ਦੀ ਪਛਾਣ ਉਸ ਦਾ ਆਧਾਰ ਕਾਰਡ ਅਤੇ ਹੋਰ ਆਈ.ਡੀ. ਸਬੂਤ ਰਾਹੀਂ ਕੀਤੀ ਜਾਂਦੀ ਹੈ, ਉਸੇ ਤਰ੍ਹਾਂ IMEI (International Mobile Equipment Identity) ਨੰਬਰ ਨਾਲ ਮੋਬਾਇਲ ਦੀ ਪਛਾਣ ਹੁੰਦੀ ਹੈ। ਹਰ ਮੋਬਾਇਲ ਫੋਨ ਦਾ ਵੱਖਰਾ IMEI ਨੰਬਰ ਹੁੰਦਾ ਹੈ। ਇਸੇ ਨੰਬਰ ਰਾਹੀਂ ਮੋਬਾਇਲ ਨੂੰ ਟ੍ਰੈਕ ਕੀਤਾ ਜਾਂਦਾ ਹੈ।