RC ਤੋਂ ਲੈ ਕੇ ਈ-ਚਲਾਨ ਤਕ, ਅੱਜ ਤੋਂ ਬਦਲ ਗਏ ਡਰਾਈਵਿੰਗ ਨਾਲ ਜੁੜੇ ਇਹ ਨਿਯਮ

10/01/2020 2:05:34 PM

ਆਟੋ ਡੈਸਕ– ਗੱਡੀ ਨਾਲ ਜੁੜੇ ਜ਼ਰੂਰੀ ਦਸਤਾਵੇਜ਼ਾਂ ਨੂੰ ਹਮੇਸ਼ਾ ਨਾਲ ਰੱਖਣ ਵਾਲੇ ਨਿਯਮ ’ਚ ਅੱਜ ਤੋਂ ਬਦਲਾਅ ਹੋ ਗਿਆ ਹੈ। ਸਰਕਾਰ ਨੇ ਡਿਜੀਟਾਈਜੇਸ਼ਨ ਨੂੰ ਉਤਸ਼ਾਹ ਦੇਣ ਅਤੇ ਡਰਾਈਵਰਾਂ ਦੇ ਉਤਪੀੜਨ ਨੂੰ ਰੋਕਣ ਲਈ ਸੈਂਟਰਲ ਮੋਟਰ ਵ੍ਹੀਕਲ ਰੂਲਸ, 1989 ’ਚ ਸੰਸ਼ੋਧਨ ਕੀਤੇ ਹਨ। ਅੱਜ ਤੋਂ ਗੱਡੀ ਦੀ ਆਰ.ਸੀ. ਵਰਗੇ ਦਸਤਾਵੇਜ਼ਾਂ ਦੀ ਮੂਲ ਕਾਪੀ ਨੂੰ ਨਾਲ ਰੱਖਣ ਦੀ ਲੋੜ ਨਹੀਂ ਹੋਵੇਗੀ। 

ਆਓ ਜਾਣਦੇ ਹਾਂ ਕਿਹੜੇ ਨਿਯਮਾਂ ’ਚ ਹੋਏ ਬਦਲਾਅ
ਗੱਡੀ ਦੇ ਦਸਤਾਵੇਜ਼ਾਂ ਦੀ ਹੁਣ ਫਿਜੀਕਲ ਵੈਰੀਫਿਕੇਸ਼ਨ ਜ਼ਰੂਰੀ ਨਹੀਂ

ਅੱਜ ਯਾਨੀ 1 ਅਕਤੂਬਰ ਤੋਂ ਵਾਹਨ ਨਾਲ ਜੁੜੇ ਸਾਰੇ ਦਸਤਾਵੇਜ਼ਾਂ ਦੀ ਡਿਜੀਟਲ ਕਾਪੀ ਨੂੰ ਸਵੀਕਾਰ ਕੀਤਾ ਜਾਵੇਗਾ। ਜਾਂਚ ਲਈ ਫਿਜੀਕਲ ਫਾਰਮ ਨੂੰ ਕੋਲ ਰੱਖਣ ਦੀ ਕੋਈ ਲੋੜ ਨਹੀਂ ਹੈ। ਈ-ਚਲਾਨ ਸਰਕਾਰ ਦੇ ਡਿਜੀਟਲ ਪੋਰਟਲ ’ਤੇ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਨਿਯਮਾਂ ਦਾ ਉਲੰਘਣ ਕਰਨ ਵਾਲੇ ਉਸ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਣ। 

ਖ਼ਤਮ ਹੋ ਜਾਵੇਗੀ ਗੈਰ-ਜ਼ਰੂਰੀ ਚੈਕਿੰਗ
ਨਿਯਮ ਤੋੜਨ ਵਾਲੇ ਲੋਕਾਂ ਦਾ ਰਿਕਾਰਡ ਹੁਣ ਇਲੈਕਟ੍ਰੋਨਿਕਲੀ ਕੀਤਾ ਜਾਵੇਗਾ। ਇਸ ਦੌਰਾਨ ਅਥਾਰਿਟੀਜ਼ ਵਲੋਂ ਡਰਾਈਵਰ ਦੇ ਵਿਵਹਾਰ ਦੀ ਵੀ ਮਾਨੀਟਰਿੰਗ ਕੀਤੀ ਜਾਵੇਗੀ। ਸਿਰਫ਼ ਇੰਨਾ ਹੀ ਨਹੀਂ ਇੰਸਪੈਕਸ਼ਨ ਦੀ ਟਾਈਮ ਸਟੈਂਪ ਅਥੇ ਵਰਦੀ ’ਚ ਮੌਜੂਦ ਪੁਲਸ ਅਧਿਕਾਰੀ ਦੀ ਤਸਵੀਰ ਵੀ ਪੋਰਟਲ ’ਤੇ ਅਪਲੋਡ ਹੋਵੇਗੀ। ਅਜਿਹਾ ਇਸ ਲਈ ਕੀਤਾ ਜਾਵੇਗਾ ਤਾਂ ਜੋ ਗੈਰ-ਜ਼ਰੂਰੀ ਚੈਕਿੰਗ ਨੂੰ ਖ਼ਤਮ ਕੀਤਾ ਜਾ ਸਕੇ। 

ਤੁਹਾਨੂੰ ਹੁਣ ਕਿੱਥੇ ਰੱਖਣੇ ਹੋਣਗੇ ਦਸਤਾਵੇਜ਼
ਵਾਹਨ ਚਾਲਕਾਂ ਨੂੰ ਹੁਣ ਗੱਡੀ ਦੇ ਦਸਤਾਵੇਜ਼ ਅਤੇ ਲਾਇਸੰਸ ਨੂੰ ਕੇਂਦਰ ਸਰਕਾਰ ਦੇ ਆਨਲਾਈਨ ਪੋਰਟਲ ਡਿਜੀਲਾਕਰ ਅਤੇ ਐੱਮ-ਪਰਿਵਾਹਨ ’ਤੇ ਸੇਵ ਕਰਨੇ ਹੋਣਗੇ। ਸਰਕਾਰ ਨੇ ਡਿਜੀਲਾਕਰ ਨੂੰ ਇਸੇ ਮਸਕਦ ਨਾਲ ਲਾਂਚ ਕੀਤਾ ਸੀ ਕਿ ਸ਼ਾਸਨ ਨਾਲ ਜੁੜੇ ਸਾਰੇ ਕੰਮ ਕਾਗਜ਼ ਰਹਿਤ ਕੀਤੇ ਜਾ ਸਕਣ। 

ਹੱਥ ’ਚ ਫੋਨ ਫੜ੍ਹੇ ਹੋਣ ’ਤੇ ਹੋਵੇਗਾ ਚਲਾਨ
ਡਰਾਈਵਿੰਗ ਕਰਦੇ ਸਮੇਂ ਫੋਨ ਦੀ ਵਰਤੋਂ ਕਰਨਾ ਹੁਣ ਮਹਿੰਗਾ ਪਵੇਗਾ। ਨਵੇਂ ਨਿਯਮਾਂ ਮੁਤਾਬਕ, ਰੂਟ ਨੈਵਿਗੇਸ਼ਨ ਜਾਂ ਫਿਰ ਕਿਸੇ ਹੋਰ ਕੰਮ ਲਈਵੀ ਫੋਨ ਦੀ ਵਰਤੋਂ ਤੁਹਾਨੂੰ ਸਾਵਧਾਨੀ ਨਾਲ ਕਰਨੀ ਹੋਵੇਗੀ। ਡਰਾਈਵਿੰਗ ਦੌਰਾਨ ਫੋਨ ਤੁਹਾਡੇ ਹੱਥ ’ਚ ਨਹੀਂ ਹੋਣਾ ਚਾਹੀਦਾ। ਜੇਕਰ ਡਰਾਈਵਿੰਗ ਕਰਦੇ ਸਮੇਂ ਫੋਨ ਹੱਥ ’ਚ ਵਿਖਾਈ ਦਿੰਦਾ ਹੈ ਤਾਂ ਚਲਾਨ ਹੋ ਸਕਦਾ ਹੈ। 


Rakesh

Content Editor

Related News