ਨਵੀਂ Mahindra Scorpio-N ਦੀ ਦਿਸੀ ਪਹਿਲੀ ਝਲਕ, ਇਸ ਦਿਨ ਹੋਵੇਗੀ ਭਾਰਤ ’ਚ ਲਾਂਚ
Saturday, May 21, 2022 - 02:15 PM (IST)
ਆਟੋ ਡੈਸਕ– ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਨਵੀਂ ਮਹਿੰਦਰਾ ਸਕਾਰਪਿਓ ਦੀ ਪਹਿਲੀ ਝਲਕ ਸਾਹਮਣੇ ਆ ਗਈ ਹੈ। ਇਸਦੇ ਨਾਲ ਹੀ ਮਹਿੰਦਰਾ ਨੇ ਨਵੀਂ ਸਕਾਰਪਿਓ ਦੇ ਬ੍ਰਾਂਡ ਨਾਂ Mahindra Scorpio-N ਦਾ ਵੀ ਐਲਾਨ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਨਵੀਂ ਐੱਸ.ਯੂ.ਵੀ. ਭਾਰਤੀ ਬਾਜ਼ਾਰ ’ਚ 27 ਜੂਨ 2022 ਨੂੰ ਲਾਂਚ ਹੋਵੇਗੀ। ਨਵੀਂ ਸਕਾਰਪਿਓ ’ਚ ਨਵੇਂ ਡਿਜ਼ਾਇਨ ਦੀ ਕ੍ਰੋਮ, ਹੈੱਡਲਾਈਟਸ, ਡੋਰ ਅਤੇ ਓ.ਆਰ.ਵੀ.ਐੱਮ. ਦੇ ਨਾਲ ਹੀ ਬਹੁਤ ਕੁਝ ਨਵਾਂ ਹੈ।
ਨਵੀਂ ਸਕਾਰਪਿਓ ਦਾ ਡਿਜ਼ਾਇਨ ਪੁਰਾਣੇ ਮਾਡਲ ਤੋਂ ਬਿਲਕੁਲ ਵੱਖਰਾ ਹੈ। ਪਹਿਲੀ ਝਲਕ ’ਚ ਨਵੀਂ ਸਕਾਰਪਿਓ ਐੱਨ ਵੇਖਣ ’ਚ ਬੇਹੱਦ ਜ਼ਬਰਦਸਤ ਲਗਦੀ ਹੈ ਅਤੇ ਇਸਦੇ ਕਲਰ ਆਪਸ਼ਨ ਵੀ ਬਿਹਤਰੀਨ ਹਨ। ਕੰਪਨੀ ਨੇ ਇਸਦੀ ਫਰੰਟ ਲੁੱਕ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਹੁਣ ਇਸ ਵਿਚ ਸਾਹਮਣੇ ਵਾਲੇ ਪਾਸੇ ਸਲਿਮ ਐੱਲ.ਈ.ਡੀ. ਟਵਿਨ-ਪੌਡ ਪ੍ਰਾਜੈਕਟਰ ਹੈੱਡਲੈਂਪ, ਨਵੀਂ ਫਰੰਟ ਗਰਿੱਲ ਅਤੇ ਨਵਾਂ ਫਰੰਟ ਬੰਪਰ ਦਿੱਤਾ ਗਿਆਹੈ। ਇਸਤੋਂ ਇਲਾਵਾ ਇਸ ਵਿਚ ਗਰੁੱਲ ’ਤੇ ਕ੍ਰੋਮ ਸਲਾਟ, ਸਿਲਵਰ ਰੂਫਰੇਲ, ਨਵੇਂ ਡਿਜ਼ਾਇਨ ਦੇ ਡਿਊਲ ਟੋਨ ਅਲੌਏ ਵ੍ਹੀਲਜ਼ ਵੀ ਦਿੱਤੇ ਗਏ ਹਨ। ਇਸ ਵਿਚ ਨਵੇਂ ਡੈਸ਼ਬੋਰਡ ਦੇ ਨਾਲ ਹੀ ਵਾਇਰਲੈੱਸ ਐਂਡਰਾਇਡ ਆਟੋ ਅਤੇ ਐਪਲ ਕਾਰ ਪਲੇਅ ਸਪੋਰਟ ਵਾਲਾ 8-ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਵੱਡਾ ਸਨਰੂਫ, ਪ੍ਰੀਮੀਅਮ ਸਪੀਕਰ ਅਤੇ ਡਿਊਲ ਜ਼ੋਨ ਕਲਾਈਮੇਟ ਕੰਟਰੋਲ ਵਰਗੇ ਸਟੈਂਡਰਡ ਫੀਚਰਜ਼ ਦੇ ਨਾਲ ਹੀ 360 ਡਿਗਰੀ ਕੈਮਰਾ, 6 ਏਅਰਬੈਗਸ ਅਤੇ ਐਡਵਾਂਸ ਡਰਾਈਵਰ ਅਸਿਸਟੈਂਟ ਸਿਸਟਮ ਸਮੇਤ ਢੇਰਾਂ ਨਵੇਂ ਸੇਫਟੀ ਫੀਚਰਜ਼ ਵੇਖਣ ਨੂੰ ਮਿਲਣਗੇ।
ਨਵੀਂ ਮਹਿੰਦਰਾ ਸਕਾਰਪਿਓ ਐੱਨ ਦੇ ਨਾਲ ਪੈਟਰੋਲ ਅਤੇ ਡੀਜ਼ਲ ਦੋਵੇਂ ਇੰਜਣ ਆਪਸ਼ਨ ਦਿੱਤੇ ਜਾਣਗੇ ਜਿਨ੍ਹਾਂ ਨੂੰ ਮੈਨੁਅਲ ਅਤੇ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਰਿਪੋਰਟ ਮੁਤਾਬਕ, ਮਹਿੰਦਰਾ ਦੀ ਨਵੀਂ ਸਕਾਰਪਿਓ ਨੂੰ 2.2 ਲੀਟਰ ਡੀਜ਼ਲ ਇੰਜਣ ’ਚ ਪੇਸ਼ ਕੀਤਾ ਜਾ ਸਕਦਾ ਹੈ। ਇਹ ਇੰਜਣ 130 ਬੀ.ਐੱਚ.ਪੀ. ਦੀ ਪਾਵਰ ਜਨਰੇਟ ਕਰੇਗਾ ਅਤੇ ਮੈਨੁਅਲ ਟਰਾਂਸਮਿਸ਼ਨ ਦੇ ਨਾਲ ਆਏਗਾ। ਇਸਤੋਂ ਇਲਾਵਾ ਨਵੀਂ ਐੱਸ.ਯੂ.ਵੀ. ਨੂੰ 4X4 ਆਪਸ਼ਨ ਨਾਲ ਪੇਸ਼ ਕੀਤਾ ਜਾਵੇਗਾ।