Microsoft ਨੇ ਬੰਦ ਕੀਤੀ Windows 7 ਦੀ ਸੁਪੋਰਟ, ਜਾਣੋ ਹੁਣ ਕੀ ਕਰਨਾ ਪਵੇਗਾ ਤੁਹਾਨੂੰ

01/17/2020 10:49:27 AM

ਗੈਜੇਟ ਡੈਸਕ– ਜੇ ਤੁਸੀਂ ਵੀ ਆਪਣੇ ਕੰਪਿਊਟਰ ਵਿਚ ਵਿੰਡੋਜ਼ 7 ਆਪ੍ਰੇਟਿੰਗ ਸਿਸਟਮ ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਪੜ੍ਹ ਕੇ ਤੁਸੀਂ ਯਕੀਨੀ ਤੌਰ 'ਤੇ ਹੈਰਾਨ ਰਹਿ ਜਾਵੋਗੇ। ਮਾਈਕ੍ਰੋਸਾਫਟ ਨੇ ਆਪਣੇ ਲੋਕਪ੍ਰਿਯ ਆਪ੍ਰੇਟਿੰਗ ਸਿਸਟਮ ਵਿੰਡੋਜ਼ 7 ਦੀ ਸੁਪੋਰਟ ਨੂੰ ਬੰਦ ਕਰ ਦਿੱਤਾ ਹੈ ਮਤਲਬ ਹੁਣ ਯੂਜ਼ਰ ਨੂੰ ਇਸ ਵਿਚ ਅਪਡੇਟਸ ਨਹੀਂ ਮਿਲਣਗੇ।
- ਵਰਣਨਯੋਗ ਹੈ ਕਿ ਮਾਈਕ੍ਰੋਸਾਫਟ ਨੇ ਇਸ ਨੂੰ 2009 ਵਿਚ ਲਾਂਚ ਕੀਤਾ ਸੀ ਅਤੇ ਉਸ ਵੇਲੇ ਤੋਂ ਹੀ ਇਹ ਸਭ ਤੋਂ ਜ਼ਿਆਦਾ ਲੋਕਪ੍ਰਿਯ ਆਪ੍ਰੇਟਿੰਗ ਸਿਸਟਮਜ਼ ਵਿਚੋਂ ਇਕ ਰਿਹਾ ਹੈ।

ਹੁਣ ਵਿੰਡੋਜ਼ 7 ਕੰਮ ਕਰੇਗੀ ਜਾਂ ਨਹੀਂ?
ਮਾਈਕ੍ਰੋਸਾਫਟ ਨੇ ਵਿੰਡੋਜ਼ 7 ਦੀ ਸੁਪੋਰਟ ਬੰਦ ਜ਼ਰੂਰ ਕੀਤੀ ਹੈ ਪਰ ਜੇ ਯੂਜ਼ਰਜ਼ ਚਾਹੁਣ ਤਾਂ ਅਜੇ ਵੀ ਇਸ ਆਪ੍ਰੇਟਿੰਗ ਸਿਸਟਮ ਦੀ ਵਰਤੋਂ ਕਰ ਸਕਦੇ ਹਨ। ਫਰਕ ਸਿਰਫ ਇੰਨਾ ਪਿਆ ਹੈ ਕਿ ਕੋਈ ਵੀ ਸਕਿਓਰਿਟੀ ਅਪਡੇਟ ਯੂਜ਼ਰਜ਼ ਨੂੰ ਨਹੀਂ ਮਿਲੇਗੀ ਤਾਂ ਅਜਿਹੀ ਹਾਲਤ ਵਿਚ ਕੰਪਿਊਟਰ ਜਾਂ ਲੈਪਟਾਪ 'ਤੇ ਹੈਕਿੰਗ ਦਾ ਖਤਰਾ ਮੰਡਰਾਉਂਦਾ ਰਹੇਗਾ।

80 ਕਰੋੜ ਯੂਜ਼ਰਜ਼ ਵਰਤੋਂ 'ਚ ਲਿਆ ਰਹੇ ਹਨ ਵਿੰਡੋਜ਼ 7 ਨੂੰ
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਦੁਨੀਆ ਭਰ ਵਿਚ 80 ਕਰੋੜ ਤੋਂ ਜ਼ਿਆਦਾ ਯੂਜ਼ਰਜ਼ ਵਿੰਡੋਜ਼ 7 ਆਪ੍ਰੇਟਿੰਗ ਸਿਸਟਮ ਦੀ ਵਰਤੋਂ ਕਰ ਰਹੇ ਹਨ। ਇਸ ਲਈ ਸਾਰਿਆਂ ਨੂੰ ਆਪਣੇ ਕੰਪਿਊਟਰ ਨੂੰ ਵਿੰਡੋਜ਼ 8 ਜਾਂ 10 ਵਿਚ ਅਪਗ੍ਰੇਡ ਕਰਨ ਦੀ ਲੋੜ ਪਵੇਗੀ।

ਕਿਹੜੀ ਬਿਹਤਰ ਹੈ, ਵਿੰਡੋਜ਼ 8 ਜਾਂ 10?
ਇਸ ਵੇਲੇ ਵਿੰਡੋਜ਼ 10 ਨੂੰ ਚੁਣਨਾ ਹੀ ਬਿਹਤਰ ਰਹੇਗਾ। ਹਾਲਾਂਕਿ ਤੁਸੀਂ ਵਿੰਡੋਜ਼ 8.1 ਦੀ ਵੀ ਵਰਤੋਂ ਕਰ ਸਕਦੇ ਹੋ ਪਰ ਧਿਆਨ ਰੱਖੋ ਕਿ 10 ਜਨਵਰੀ 2023 ਤੋਂ ਬਾਅਦ ਮਾਈਕ੍ਰੋਸਾਫਟ ਵਿੰਡੋਜ਼ 8.1 'ਤੇ ਵੀ ਆਪਣੀ ਸੁਪੋਰਟ ਬੰਦ ਕਰ ਦੇਵੇਗੀ। ਇਸ ਲਈ ਤੁਹਾਨੂੰ ਮੁੜ ਆਪਣੇ ਕੰਪਿਊਟਰ ਨੂੰ ਅਪਡੇਟ ਕਰਨਾ ਪਵੇਗਾ। ਜੇ ਤੁਸੀਂ ਕੰਪਿਊਟਰ ਜ਼ਿਆਦਾ ਚਲਾਉਂਦੇ ਹੋ ਤਾਂ ਤੁਸੀਂ ਵਿੰਡੋਜ਼ 10 ਪ੍ਰੋ ਦੀ ਵੀ ਵਰਤੋਂ ਕਰ ਸਕਦੇ ਹੋ, ਜਿਸ ਵਿਚ ਤੁਹਾਨੂੰ ਕਈ ਫੀਚਰਜ਼ ਵੀ ਵਰਤੋਂ ਵਿਚ ਲਿਆਉਣ ਲਈ ਮਿਲਣਗੇ।


Related News